13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਯੂਥ ਕਾਂਗਰਸ ਦਾ ਪ੍ਰਧਾਨ ਉਦੈ ਭਾਨੂ ਗਿ੍ਫ਼ਤਾਰ-4 ਦਿਨ ਦੇ ਰਿਮਾਂਡ 'ਤੇ

Ad Position 21
No active advertisement
ਅਜੀਤ ਡੈਸਕ 25-02-2026

ਸਾਡੇ ਨੌਜਵਾਨ ਆਗੂਆਂ ਨੂੰ ਡਰਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼-ਕਾਂਗਰਸ
ਨਵੀਂ ਦਿੱਲੀ, 24 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿਬ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਇੰਪੈਕਟ ਸਿਖ਼ਰ ਸੰਮੇਲਨ 'ਚ ਹੋਏ ਹੰਗਾਮੇ ਦੇ ਸਿਲਸਿਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 4 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ | ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਸੀ | ਪੁਲਿਸ ਨੇ ਚਿਬ ਨੂੰ ਘਟਨਾ ਦਾ ਮੁੱਖ ਮਾਸਟਰਮਾਈਾਡ ਦੱਸਦਿਆਂ ਗਿ੍ਫ਼ਤਾਰ ਕੀਤਾ ਸੀ ਅਤੇ ਅਦਾਲਤ ਤੋਂ 7 ਦਿਨਾ ਦੀ ਰਿਮਾਂਡ ਮੰਗੀ ਸੀ | ਪਟਿਆਲਾ ਹਾਊਸ ਕੋਰਟ ਨੇ ਇਸ ਪੂਰੇ ਮਾਮਲੇ ਦੀ ਜਾਂਚ ਦਿੱਲੀ ਕ੍ਰਾਈਮ ਬ੍ਰਾਂਚ ਦੀ ਇੰਟਰ ਸਟੇਟ ਸੈੱਲ ਨੂੰ ਸੌਂਪ ਦਿੱਤੀ ਹੈ | ਦਿੱਲੀ ਪੁਲਿਸ ਨੇ ਚਿਬ ਦੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਚਿਬ ਦਾ ਹੋਰ ਦੋਸ਼ੀਆਂ ਨਾਲ ਆਹਮਣਾ-ਸਾਹਮਣਾ ਕਰਵਾਉਣਾ ਅਤੇ ਵੱਡੀ ਸਾਜਿਸ਼ ਦੀ ਜਾਂਚ ਦੇ ਲਈ ਰਿਮਾਂਡ ਜ਼ਰੂਰੀ ਹੈ | ਦਿੱਲੀ ਪੁਲਿਸ ਮੁਤਾਬਿਕ ਨੌਜਵਾਨ ਦੇਸ਼ 'ਚ ਵੱਖ-ਵੱਖ ਹਿੱਸਿਆਂ 'ਚ ਇਸ ਪ੍ਰਦਰਸ਼ਨ 'ਚ ਸ਼ਾਮਿਲ ਹੋਏ ਸਨ, ਜਿਸ ਨਾਲ ਜੁੜੇ ਤੱਥਾਂ ਦੀ ਜਾਂਚ ਦੇ ਲਈ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਲੈ ਜਾਣਾ ਜ਼ਰੂਰੀ ਹੈ | ਇਸੇ ਆਧਾਰ 'ਤੇ ਤਵਸੀਲੀ ਪੁੱਛਗਿੱਛ ਲਈ 7 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਦਿੱਤਾ |
ਆਪਣੇ ਬੱਬਰ ਸ਼ੇਰ ਸਾਥੀਆਂ 'ਤੇ ਫ਼ਖ਼ਰ-ਰਾਹੁਲ ਗਾਂਧੀ
ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਚਿਬ ਦੀ ਗਿ੍ਫ਼ਤਾਰੀ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਾਂਗਰਸ ਦੇ ਬੱਬਰ ਸ਼ੇਰ ਸਾਥੀਆਂ 'ਤੇ ਉਨ੍ਹਾਂ ਨੂੰ ਫ਼ਖ਼ਰ ਹੈ, ਜਿਨ੍ਹਾਂ ਨੇ ਸਮਝੌਤਾ ਕਰ ਚੁੱਕੇ ਪ੍ਰਧਾਨ ਮੰਤਰੀ ਖ਼ਿਲਾਫ਼ ਬੇਖੌਫ਼ ਹੋ ਕੇ ਦੇਸ਼ ਹਿਤ 'ਚ ਆਵਾਜ਼ ਉਠਾਈ | ਕਾਂਗਰਸ ਨੇ ਵੀ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਚਿਬ ਦੀ ਗਿ੍ਫ਼ਤਾਰੀ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਅਸੰਵਿਧਾਨਕ ਕਰਾਰ ਦਿੱਤਾ | ਕਾਂਗਰਸ ਨੇ ਲਿਖਿਆ ਕਿ ਇਹ ਗਿ੍ਫ਼ਤਾਰੀ ਤਾਨਾਸ਼ਾਹ ਨਰਿੰਦਰ ਮੋਦੀ ਦੀ ਸ਼ਨਕ ਦਾ ਨਤੀਜਾ ਹੈ | ਕਾਂਗਰਸ ਨੇ ਲਿਖਿਆ ਕਿ ਦੇਸ਼ ਦੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਵਿਰੋਧ ਦਾ ਅਧਿਕਾਰ ਦਿੱਤਾ ਹੈ | ਨਰਿੰਦਰ ਮੋਦੀ ਇਸ ਹੱਕ ਨੂੰ ਹੀ ਖੋਹ ਲੈਣਾ ਚਾਹੁੰਦੇ ਹਨ | ਕਾਂਗਰਸ ਨੇ ਇਸ ਸਭ ਤੋਂ ਨਾ ਡਰਨ ਅਤੇ ਜਨਤਾ ਦੀ ਆਵਾਜ਼ ਉਠਾਉਂਦੇ ਰਹਿਣ ਦੀ ਗੱਲ ਕਹੀ |
ਸਾਡੇ ਨੌਜਵਾਨ ਆਗੂਆਂ ਨੂੰ ਡਰਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼-ਖੜਗੇ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਵੀ ਗਿ੍ਫ਼ਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਡੇ ਨੌਜਵਾਨ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਅੱਜ ਨੌਕਰੀ ਦੇ ਲਈ ਤੜਪ ਰਹੇ ਹਨ ਅਤੇ ਦੇਸ਼ ਦਾ ਮਾਹੌਲ ਏਨਾ ਖ਼ਰਾਬ ਹੋ ਚੁੱਕਾ ਹੈ, ਜਿਸ ਕਾਰਨ ਮੋਦੀ ਜੀ ਦੇ ਪ੍ਰਤੀ ਰੋਸ ਹੈ | ਟਰੰਪ (ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ) ਦੇ ਸਾਹਮਣੇ ਉਨ੍ਹਾਂ ਨੇ ਗੋਡੇ ਟੇਕ ਦਿੱਤੇ | ਉਨ੍ਹਾਂ ਵਪਾਰ ਸਮਝੌਤੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੋਕ ਸਮਝਦੇ ਸਨ ਕਿ ਮੋਦੀ ਜੀ ਦੇਸ਼ ਦੇ ਹਿਤ ਲਈ ਟਰੰਪ ਨਾਲ ਗੱਲ ਕਰ ਰਹੇ ਹਨ, ਪਰ ਹਕੀਕਤ 'ਚ ਟਰੰਪ ਸਾਨੂੰ ਗ਼ੁਲਾਮ ਬਣਾ ਰਿਹਾ ਹੈ ਅਤੇ ਸਾਨੂੰ ਬੰਧੂਆ ਮਜ਼ਦੂਰ ਬਣਾਉਣ ਦੀ ਦਿਸ਼ਾ 'ਚ ਧੱਕਿਆ ਜਾ ਰਿਹਾ ਹੈ | ਖੜਗੇ ਨੇ ਕਿਹਾ ਕਿ ਕਾਂਗਰਸ ਇਸ ਸਭ (ਗਿ੍ਫ਼ਤਾਰੀਆਂ) ਤੋਂ ਡਰਨ ਵਾਲੀ ਨਹੀਂ ਹੈ | ਅਸੀਂ ਲੜਦੇ ਰਹਾਂਗੇ ਅਤੇ ਦੇਸ਼ ਨੂੰ ਗਿਰਵੀ ਰੱਖਣ ਵਾਲੇ ਲੋਕਾਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਾਂਗੇ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਅੱਤਵਾਦੀਆਂ ਵਲੋਂ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਤੇਜ਼-10 ਹਲਾਕ ਅਗਲੀ ਖ਼ਬਰ ਹੁਣ ਆਸਟ੍ਰੇਲੀਆ ਵਿਚ ਪੰਜਾਬੀ ਤੇ ਭਾਰਤੀ ਭਾਈਚਾਰੇ ਲਈ ਖ਼ਤਰਾ <br/>
Ad Position 24