ਕਰਕ 'ਚ ਐਂਬੂਲੈਂਸ 'ਤੇ ਹਮਲੇ 'ਚ 3 ਸੁਰੱਖਿਆ ਕਰਮਚਾਰੀ ਜ਼ਿੰਦਾ ਸੜੇ
ਸੁਰਿੰਦਰ ਕੋਛੜ
ਅੰਮਿ੍ਤਸਰ, 24 ਫਰਵਰੀ-ਪਾਕਿਸਤਾਨ 'ਚ ਅੱਤਵਾਦੀਆਂ ਨੇ ਫ਼ੌਜ ਅਤੇ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ | ਇਸ ਦੌਰਾਨ ਫ਼ਿਤਨਾ ਅਲ-ਖ਼ਵਾਰਿਜ (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਨਾਲ ਸੰਬੰਧਿਤ ਅੱਤਵਾਦੀਆਂ ਨੇ ਰੈਸਕਿਊ 1122 ਐਂਬੂਲੈਂਸ ਨੂੰ ਨਿਸ਼ਾਨਾ ਬਣਾਇਆ ਅਤੇ ਧਮਾਕਾ ਕਰਕੇ ਉਸ ਨੂੰ ਅੱਗ ਲਗਾ ਦਿੱਤੀ | ਇਸ 'ਚ ਐਂਬੂਲੈਂਸ 'ਚ ਸਵਾਰ ਤਿੰਨ ਜ਼ਖ਼ਮੀ ਫੈਡਰਲ ਕਾਂਸਟੇਬੁਲਰੀ (ਐੱਫ. ਸੀ.) ਕਰਮਚਾਰੀ ਜ਼ਿੰਦਾ ਸੜ ਗਏ | ਮਿ੍ਤਕਾਂ ਦੀ ਪਛਾਣ ਸਿਪਾਹੀ ਮੁਰਾਦ ਗੁਲ ਅਤੇ ਸਿਪਾਹੀ ਅਯਾਨ ਖਾਨ (ਦੋਵੇਂ ਹੰਗੂ ਦੇ ਨਿਵਾਸੀ) ਅਤੇ ਲਾਂਸ ਨਾਇਕ ਆਦਿਲ ਖਾਨ (ਨਿਵਾਸੀ ਮਾਨਸਿਹਰਾ) ਵਜੋਂ ਹੋਈ ਹੈ | ਇਸ ਤੋਂ ਇਲਾਵਾ ਐਂਬੂਲੈਂਸ ਡਰਾਈਵਰ ਅਹਿਮਦ ਹੁਸੈਨ ਅਤੇ ਇਕ ਰੈਸਕਿਊ 1122 ਅਧਿਕਾਰੀ ਵੀ ਅੱਗ ਲੱਗਣ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਬੰਨੂ ਅਤੇ ਕਰਕ ਦੇ ਹਸਪਤਾਲਾਂ 'ਚ ਇਲਾਜ ਅਧੀਨ ਹੋਰ ਜ਼ਖ਼ਮੀ ਕਰਮਚਾਰੀਆਂ 'ਚ ਹਵਲਦਾਰ ਸਾਬੀਰ, ਮੁਹੰਮਦ ਯੂਸਫ਼ ਅਤੇ ਹਨੀਫ਼ ਵੀ ਸ਼ਾਮਿਲ ਹਨ | ਇਹ ਘਟਨਾ ਕਰਕ ਜ਼ਿਲ੍ਹੇ ਦੇ ਕਿਲ੍ਹਾ ਸ਼ਹੀਦਾਂ ਚੌਕੀ ਦੀ ਦੱਸੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਪਹਿਲਾਂ ਕਵਾਡਕਾਪਟਰ ਡਰੋਨ ਦੀ ਵਰਤੋਂ ਕਰਕੇ ਫੈਡਰਲ ਕਾਂਸਟੇਬੁਲਰੀ ਚੌਕੀ 'ਤੇ ਹਮਲਾ ਕੀਤਾ | ਹਮਲੇ ਤੋਂ ਬਾਅਦ ਜਦੋਂ ਦੋ ਰੈਸਕਿਊ 1122 ਐਂਬੂਲੈਂਸਾਂ ਜ਼ਖ਼ਮੀਆਂ ਨੂੰ ਉੱਥੋਂ ਹਸਪਤਾਲ ਲੈ ਕੇ ਜਾਣ ਲਈ ਮੌਕੇ 'ਤੇ ਪਹੁੰਚੀਆਂ ਤਾਂ ਅੱਤਵਾਦੀਆਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ | ਹਾਲਾਂਕਿ ਇਕ ਐਂਬੂਲੈਂਸ ਭਾਰੀ ਅੱਗ ਤੋਂ ਬਚਣ ਅਤੇ ਸੁਰੱਖਿਅਤ ਪਹੁੰਚਣ 'ਚ ਕਾਮਯਾਬ ਹੋ ਗਈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਵਲੋਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੂਰੇ ਭਿਆਨਕ ਘਟਨਾਕ੍ਰਮ ਨੂੰ ਫ਼ਿਲਮਾਇਆ ਵੀ ਗਿਆ ਅਤੇ ਸੋਸ਼ਲ ਮੀਡੀਆ 'ਤੇ ਫੁਟੇਜ ਪ੍ਰਸਾਰਿਤ ਵੀ ਕੀਤੀ ਗਈ | ਇਹ ਕਦਮ ਖ਼ਾਸ ਤੌਰ 'ਤੇ ਸੁਰੱਖਿਆ ਕਰਮਚਾਰੀਆਂ 'ਚ ਦਹਿਸ਼ਤ ਫੈਲਾਉਣ ਲਈ ਚੁੱਕਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਕੋਹਾਟ ਸ਼ਹਿਰ ਦੀ ਸ਼ਕਰਦਰਾ ਰੋਡ 'ਤੇ ਅਣਪਛਾਤੇ ਬੰਦੂਕਧਾਰੀਆਂ ਵਲੋਂ ਪੁਲਿਸ ਵਾਹਨ 'ਤੇ ਕੀਤੇ ਹਮਲੇ 'ਚ 7 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ | ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਪੁਲਿਸ ਟੀਮ ਦੋ ਮੁਲਜ਼ਮਾਂ ਨੂੰ ਪੁਲਿਸ ਮੋਬਾਈਲ ਵੈਨ 'ਚ ਲਿਜਾ ਰਹੀ ਸੀ | ਹਥਿਆਰਬੰਦ ਹਮਲਾਵਰਾਂ ਨੇ ਵਾਹਨ 'ਤੇ ਭਾਰੀ ਗੋਲੀਬਾਰੀ ਕੀਤੀ | ਹਮਲੇ 'ਚ ਮਾਰੇ ਗਏ ਲੋਕਾਂ ਵਿਚ ਡੀ. ਐੱਸ. ਪੀ. ਲਾਚੀ ਅਸਦ ਮਹਿਮੂਦ, ਜਾਂਚ ਇੰਸਪੈਕਟਰ ਅਨਾਰ ਗੁਲ ਖਾਨ ਅਤੇ ਇਕ ਪੁਲਿਸ ਕਾਂਸਟੇਬਲ ਆਦਿ ਸ਼ਾਮਿਲ ਹਨ | ਹਮਲੇ ਦੌਰਾਨ ਪੁਲਿਸ ਵਲੋਂ ਹਿਰਾਸਤ 'ਚ ਲਏ ਗਏ ਦੋ ਮੁਲਜ਼ਮ ਯੂਸਫ਼ ਖਾਨ ਅਤੇ ਸਮੀਉੱਲਾ ਵੀ ਮਾਰੇ ਗਏ | ਇਸ ਹਮਲੇ 'ਚ ਫ਼ਰੰਟੀਅਰ ਕੋਰ ਦੇ ਤਿੰਨ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਡਾਕਟਰੀ ਇਲਾਜ ਲਈ ਜ਼ਿਲ੍ਹਾ ਹੈੱਡਕੁਆਟਰ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ |
ਪਾਕਿ 'ਚ ਅੱਤਵਾਦੀਆਂ ਵਲੋਂ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਤੇਜ਼-10 ਹਲਾਕ
ਅਜੀਤ ਡੈਸਕ
25-02-2026