20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਐਨ.ਸੀ.ਈ.ਆਰ.ਟੀ. ਦੀ ਵਿਵਾਦਤ ਕਿਤਾਬ ਨੂੰ ਲੈ ਕੇ ਚੀਫ਼ ਜਸਟਿਸ ਨਾਰਾਜ਼

Ad Position 21
No active advertisement
ਅਜੀਤ ਡੈਸਕ 26-02-2026

ਨਵੀਂ ਦਿੱਲੀ, 25 ਫਰਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਐਨ.ਸੀ.ਈ.ਆਰ.ਟੀ. ਦੀ ਅੱਠਵੀਂ ਕਲਾਸ ਦੀ ਕਿਤਾਬ 'ਚ 'ਨਿਆਂਪਾਲਿਕਾ 'ਚ ਭਿ੍ਸ਼ਟਾਚਾਰ' ਵਾਲੀ ਸਮੱਗਰੀ (ਚੈਪਟਰ) 'ਤੇ ਚਿੰਤਾ ਪ੍ਰਗਟਾਈ ਹੈ | ਚੀਫ਼ ਜਸਟਿਸ ਸੂਰਿਆਕਾਂਤ ਨੇ ਇਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਕਿਸੇ ਨੂੰ ਵੀ ਸੰਸਥਾ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਕਾਨੂੰਨ ਆਪਣਾ ਕੰਮ ਕਰੇਗਾ | ਬੁੱਧਵਾਰ ਨੂੰ ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਵਿਪੁਲ ਐਮ. ਪੰਚੋਲੀ ਅਤੇ ਜਸਟਿਸ ਜਾਯਮਾਲਾ ਬਾਗਚੀ ਦੇ ਬੈਂਚ ਅੱਗੇ ਐਡਵੋਕੇਟ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੂ ਸਿੰਘਵੀ ਨੇ ਉਕਤ ਮਾਮਲਾ ਉਠਾਇਆ | ਚੀਫ਼ ਜਸਟਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸਦੀ ਪੂਰੀ ਜਾਣਕਾਰੀ ਹੈ | ਉਨ੍ਹਾਂ ਕਿਹਾ ਕਿ ਇਹ ਪੂਰੀ ਨਿਆਂਪਾਲਿਕਾ ਦੇ ਲਈ ਚਿੰਤਾ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਇਹ ਸੋਚਿਆ ਸਮਝਿਆ ਕਦਮ ਲੱਗ ਰਿਹਾ ਹੈ | ਉਹ ਕਿਸੇ ਨੂੰ ਵੀ, ਭਾਵੇਂ ਉਹ ਕਿੰਨੇ ਵੀ ਉੱਚੇ ਅਹੁਦੇ 'ਤੇ ਕਿਉਂ ਨਾ ਹੋਵੇ, ਸੰਸਥਾ ਨੂੰ ਬਦਨਾਮ ਨਹੀਂ ਕਰਨ ਦੇਣਗੇ | ਚੀਫ਼ ਜਸਟਿਸ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਖੁਦ ਨੋਟਿਸ ਲੈ ਰਹੇ ਹਨ | ਜ਼ਿਕਰਯੋਗ ਹੈ ਕਿ ਇਹ ਵਿਵਾਦ ਐਨ.ਸੀ.ਈ.ਆਰ.ਟੀ. ਦੀ ਕਲਾਸ 8 ਦੀ ਸਮਾਜਿਕ ਵਿਗਿਆਨ ਦੀ ਕਿਤਾਬ ਨਾਲ ਜੁੜਿਆ ਹੈ | ਇਸ ਕਿਤਾਬ ਦੇ ਇਕ ਚੈਪਟਰ 'ਚ 'ਨਿਆਂਪਾਲਿਕਾ 'ਚ ਭਿ੍ਸ਼ਟਾਚਾਰ' ਸੈਕਸ਼ਨ ਜੋੜਿਆ ਗਿਆ ਹੈ | ਸਿੱਬਲ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਐਨ.ਸੀ.ਈ.ਆਰ.ਟੀ. ਦੀ 8ਵੀਂ ਕਲਾਸ ਦੀ ਕਿਤਾਬ 'ਚ ਨਿਆਂਪਾਲਿਕਾ 'ਚ ਭਿ੍ਸ਼ਟਾਚਾਰ 'ਤੇ ਵੀ ਇਕ ਸੈਕਸ਼ਨ ਹੈ | ਉਨ੍ਹਾਂ ਕਿਹਾ ਕਿ ਸਿਆਸਤ 'ਚ ਭਿ੍ਸ਼ਟਾਚਾਰ ਬਾਰੇ ਕੀ ਕਿਹਾ ਜਾਵੇ ਜਿਸ 'ਚ ਮੰਤਰੀ, ਪ੍ਰਸ਼ਾਸਨ, ਜਾਂਚ ਏਾਜੰਸੀਆਂ ਵੀ ਸ਼ਾਮਿਲ ਹਨ | ਇਸ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਸਿੱਬਲ ਨੇ ਆਪਣੇ ਗਿਰੇਬਾਨ ਅੰਦਰ ਝਾਕਣ ਲਈ ਕਿਹਾ | ਐਡਵੋਕੇਟ ਅਭਿਸ਼ੇਕ ਮਨੂ ਸਿੰਘਵੀ ਨੇ ਵੀ ਸਿਰਫ਼ ਨਿਆਂਪਾਲਿਕਾ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਭਿ੍ਸ਼ਟਾਚਾਰ ਹੋਰ ਵੀ ਖੇਤਰਾਂ 'ਚ ਹੈ, ਪਰ ਸਿਰਫ਼ ਨਿਆਂਪਲਿਕਾ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ |
ਸਰਕਾਰ ਨੇ ਮੰਨੀ ਗਲਤੀ

ਐਨ.ਸੀ.ਈ.ਆਰ.ਟੀ. ਦੀ ਅੱਠਵੀਂ ਜਮਾਤ ਦੀ ਕਿਤਾਬ 'ਚੋਂ 'ਨਿਆਂਪਾਲਿਕਾ 'ਚ ਭਿ੍ਸ਼ਟਾਚਾਰ' ਦੇ ਚੈਪਟਰ 'ਤੇ ਉਠੇ ਵਿਵਾਦ 'ਤੇ ਚੀਫ ਜਸਟਿਸ ਸੂਰਿਆਕਾਂਤ ਵਲੋਂ ਖੁਦ ਮਾਮਲੇ ਦਾ ਨੋਟਿਸ ਲੈਣ ਅਤੇ ਤਿੱਖਾ ਪ੍ਰਤੀਕਰਮ ਕਰਨ ਤੋਂ ਬਾਅਦ ਸਰਕਾਰ ਨੇ ਗਲਤੀ ਪ੍ਰਵਾਨ ਕਰਦਿਆਂ ਕਿਹਾ ਕਿ ਕਿਤਾਬ ਤੋਂ ਨਿਆਂਪਾਲਿਕਾ ਬਾਰੇ ਲਿਖਿਆ ਗਿਆ ਹਿੱਸਾ ਹਟਾਇਆ ਜਾਵੇਗਾ | ਸਰਕਾਰੀ ਹਲਕਿਆਂ ਨੇ ਇਸ ਚੈਪਟਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਲਿਖਿਆ ਹੀ ਨਹੀਂ ਜਾਣਾ ਚਾਹੀਦਾ ਸੀ ਅਤੇ ਇਸ ਤਰ੍ਹਾਂ ਦੇ ਪਹਿਲੂਆਂ (ਨਿਆਂਪਾਲਿਕਾ 'ਚ ਭਿ੍ਸ਼ਟਾਚਾਰ) ਨੂੰ ਉਜਾਗਰ ਕਰਨਾ ਸਹੀ ਨਹੀਂ ਅਤੇ ਇਸ ਦੀ ਥਾਂ 'ਤੇ ਪ੍ਰੇਰਨਾਦਾਇਕ ਚੀਜ਼ਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ | ਹਲਕਿਆਂ ਮੁਤਾਬਿਕ ਸਾਬਕਾ ਚੀਫ ਜਸਟਿਸ, ਬੀ.ਆਰ. ਗਵਈ ਦਾ ਹਵਾਲਾ ਦੇਣਾ ਨਾ ਤਾਂ ਠੀਕ ਹੈ ਅਤੇ ਨਾ ਹੀ ਉੱਚਿਤ |
ਐਨ. ਸੀ. ਈ. ਆਰ. ਟੀ. ਨੇ ਮੁਆਫ਼ੀ ਮੰਗੀ, ਦੁਬਾਰਾ ਲਿਖੀ ਜਾਵੇਗੀ ਪੁਸਤਕ
8ਵੀਂ ਜਮਾਤ ਦੀ ਪਾਠ ਪੁਸਤਕ 'ਚ ਨਿਆਂਇਕ ਭਿ੍ਸ਼ਟਾਚਾਰ ਬਾਰੇ ਗੱਲ ਕਰਨ ਵਾਲੇ ਇਕ ਅਧਿਆਇ 'ਤੇ ਸੁਪਰੀਮ ਕੋਰਟ ਦੇ ਗੁੱਸੇ ਦਾ ਸਾਹਮਣਾ ਕਰਨ ਤੋਂ ਬਾਅਦ ਐਨ. ਸੀ. ਈ. ਆਰ. ਟੀ. ਨੇ ਬੁੱਧਵਾਰ ਨੂੰ ਅਣਉਚਿਤ ਸਮੱਗਰੀ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਸੰਬੰਧਿਤ ਕਿਤਾਬ ਨੂੰ ਢੁਕਵੇਂ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਦੁਬਾਰਾ ਲਿਖਿਆ ਜਾਵੇਗਾ | ਸਕੂਲ ਸਿੱਖਿਆ ਪਾਠਕ੍ਰਮ ਲਈ ਜ਼ਿੰਮੇਵਾਰ ਕੌਂਸਲ ਨੇ ਆਪਣੀ ਵੈੱਬਸਾਈਟ ਤੋਂ ਕਿਤਾਬ ਨੂੰ ਹਟਾਉਣ ਤੋਂ ਕੁਝ ਘੰਟਿਆਂ ਬਾਅਦ, ਪਾਠ ਪੁਸਤਕ ਦੇ ਪ੍ਰਸਾਰਣ ਨੂੰ ਵੀ ਰੋਕ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਨੂੰ ਸਥਾਈ ਡੀ.ਜੀ.ਪੀ. ਮਿਲਣ ਦੇ ਆਸਾਰ ਵਧੇ ਅਗਲੀ ਖ਼ਬਰ ਈ.ਡੀ ਵਲੋਂ ਅਨਿਲ ਅੰਬਾਨੀ ਦਾ 3,716 ਕਰੋੜ ਰੁਪਏ ਦਾ ਘਰ ਜ਼ਬਤ
Ad Position 24