27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਅੱਜ ਤੋਂ <br/>

Ad Position 21
No active advertisement
ਅਜੀਤ ਡੈਸਕ 27-02-2026

ਦਿੱਲੀ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ 2 ਮਾਰਚ ਨੂੰ
ਟੋਰਾਂਟੋ ਤੋਂ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਸਤਪਾਲ ਸਿੰਘ ਜੌਹਲ ਦੀ ਵਿਸ਼ੇਸ਼ ਰਿਪੋਰਟ

ਟੋਰਾਂਟੋ, 26 ਫਰਵਰੀ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਭਾਰਤ 'ਚ ਸਰਕਾਰੀ ਦੌਰਾ ਸ਼ੁੱਕਰਵਾਰ, 27 ਫਰਵਰੀ ਤੋਂ ਆਰੰਭ ਹੋ ਰਿਹਾ ਹੈ | ਉਹ ਆਪਣੇ ਓਟਾਵਾ ਤੋਂ ਚੱਲ ਕੇ ਏਥਨਜ਼ (ਯੂਨਾਨ) ਦੇ ਰਸਤੇ ਸਮੇਤ ਪਹਿਲਾਂ ਮੁੰਬਈ ਪੁੱਜਣਗੇ ਜਿੱਥੋਂ 28 ਫਰਵਰੀ ਦੇ ਰੁਝੇਵਿਆਂ ਤੋਂ ਬਾਅਦ ਰਾਜਧਾਨੀ ਦਿੱਲੀ ਰਵਾਨਾ ਹੋਣਗੇ | ਦਿੱਲੀ 'ਚ ਠਾਹਰ ਦੌਰਾਨ ਉਨ੍ਹਾਂ ਦੇ ਪ੍ਰੋਗਰਾਮ ਵਿਚ 2 ਮਾਰਚ ਦੀ ਸਵੇਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਹਿਮ ਮੁਲਾਕਾਤ ਕਰਨਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੈ ਤੇ ਦੋਵਾਂ ਦੇਸ਼ਾਂ ਵਿਚਕਾਰ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣਗੇ | ਸ੍ਰੀ ਕਾਰਨੀ ਦੇ ਕਾਫ਼ਲੇ ਦਾ ਜਹਾਜ਼ ਬੀਤੇ ਕੱਲ੍ਹ 3 ਦੇਸ਼ਾਂ ਦੇ ਸਰਕਾਰੀ ਦੌਰੇ ਲਈ ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਰਵਾਨਾ ਹੋਇਆ ਅਤੇ ਉਸ ਕਾਫ਼ਲੇ ਵਿਚ 'ਅਜੀਤ' ਦੇ ਇਸ ਸਟਾਫ ਰਿਪੋਰਟਰ ਨੇ ਵੀ ਸ਼ਾਮਿਲ ਰਹਿਣਾ ਹੈ | ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸ੍ਰੀ ਕਾਰਨੀ ਦਾ ਇਹ ਪਹਿਲਾ ਭਾਰਤ ਦੌਰਾ ਹੈ | ਉਨ੍ਹਾਂ ਨਾਲ ਕੈਨੇਡਾ ਦੇ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਂਪੇਨ, ਵਿਦੇਸ਼ ਮੰਤਰੀ ਅਨੀਤਾ ਆਨੰਦ, ਰੱਖਿਆ ਮੰਤਰੀ ਡੇਵਿਡ ਮਗੈਂਟੀ, ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ, ਆਰਥਿਕ ਤੇ ਸੁਰੱਖਿਆ ਮਾਮਲਿਆਂ 'ਚ ਸਲਾਹਕਾਰ ਸੰਸਦ ਮੈਂਬਰ ਮੈਟ ਜੀਨਰੋ, ਨਿਊ ਬਰੰਸਵਿਕ ਦੇ ਮੁੱਖ ਮੰਤਰੀ ਸੂਸਨ ਹੋਲਟ ਅਤੇ ਸਸਕੈਚਵਨ ਦੇ ਮੁੱਖ ਮੰਤਰੀ ਸਕੌਟ ਮੋਅ ਵੀ ਸ਼ਾਮਿਲ ਹਨ | ਬੀਤੇ ਸਾਲ 14 ਮਾਰਚ ਨੂੰ ਸ੍ਰੀ ਕਾਰਨੀ ਵਲੋਂ ਦੇਸ਼ ਦੇ 24ਵੇਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸੰਬੰਧ ਪੂਰੀ ਤਰ੍ਹਾਂ ਖਟਾਈ ਵਿਚ ਪਏ ਹੋਏ ਸਨ | ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ੍ਰੀ ਕਾਰਨੀ ਨੇ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿਚ ਪਈਆਂ ਡੂੰਘੀਆਂ ਤਰੇੜਾਂ ਨੂੰ ਪ੍ਰਮੁੱਖਤਾ ਦੇ ਆਧਾਰ 'ਤੇ ਭਰਨ ਦਾ ਸਿਲਸਿਲਾ ਆਰੰਭ ਕੀਤਾ ਤੇ ਜੂਨ 2025 ਨੂੰ ਅਲਬਰਟਾ ਵਿਚ ਜੀ-7 ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ-ਪੱਤਰ ਦੇ ਕੇ ਨਿਵਾਜਿਆ | ਇਸ ਤੋਂ ਬਾਅਦ ਨਵੰਬਰ 2025 ਵਿਚ ਦੋਵਾਂ ਆਗੂਆਂ ਦੀ ਦੱਖਣੀ ਅਫਰੀਕਾ ਵਿਖੇ ਜੀ-20 ਮੀਟਿੰਗ ਦੌਰਾਨ ਦੁਬਾਰਾ ਮੁਲਾਕਾਤ ਹੋਈ ਤਾਂ ਫਰੀ ਟਰੇਡ ਐਗਰੀਮੈਂਟ ਉੱਪਰ ਗੱਲਬਾਤ ਮੁੜ ਸ਼ੁਰੂ ਕਰਨ ਦੀ ਸਹਿਮਤੀ ਬਣੀ ਤੇ ਸ੍ਰੀ ਮੋਦੀ ਨੇ ਸ੍ਰੀ ਕਾਰਨੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ | ਸਿੱਟੇ ਵਜੋਂ ਦੋਵਾਂ ਦੇਸ਼ਾਂ ਨੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਦਿਆਂ ਆਪਣੇ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਜਿਸ ਨਾਲ ਰਾਜਧਾਨੀ ਓਟਾਵਾ ਅਤੇ ਨਵੀਂ ਦਿੱਲੀ ਸਥਿਤ ਕ੍ਰਮਵਾਰ ਭਾਰਤ ਅਤੇ ਕੈਨੇਡਾ ਦੇ ਦੂਤਾਵਾਸਾਂ ਵਿਚ ਰੌਣਕ ਪਰਤੀ | ਸ੍ਰੀ ਕਾਰਨੀ ਦੀ ਇਸ ਫੇਰੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸੰਬੰਧਾਂ ਦੀ ਮੁੜ-ਉਸਾਰੀ ਅਤੇ ਵਿਸ਼ੇਸ਼ ਤੌਰ 'ਤੇ ਵਪਾਰ ਸਾਂਝ ਲੀਹਾਂ ਸਿਰ ਕਰਨ ਲਈ ਬੜੀ ਅਹਿਮ ਮੰਨਿਆ ਜਾ ਰਿਹਾ ਹੈ ਜਿਸ ਵਿਚ ਊਰਜਾ, ਤਕਨੀਕ (ਏ.ਆਈ), ਰੱਖਿਆ ਅਤੇ ਲੋਕਾਂ ਦੀ ਆਪਸੀ ਸਾਂਝ ਦੇ ਖੇਤਰਾਂ ਵਿਚ ਸਾਂਝ ਮੁੱਖ ਮੁੱਦੇ ਰਹਿਣਗੇ | 2 ਮਾਰਚ ਦੀ ਸ਼ਾਮ ਨੂੰ ਸ੍ਰੀ ਕਾਰਨੀ ਭਾਰਤ ਤੋਂ ਆਸਟ੍ਰੇਲੀਆ ਤੇ ਜਪਾਨ ਦੇ ਦੌਰੇ 'ਤੇ ਰਵਾਨਾ ਹੋ ਜਾਣਗੇ |
ਕੈਨੇਡਾ 'ਚ ਹਿੰਸਕ ਅਪਰਾਧਾਂ ਵਿਚ ਹੁਣ ਭਾਰਤ ਸ਼ਾਮਿਲ ਨਹੀਂ
ਓਟਾਵਾ ਵਿਖੇ ਬੀਤੇ ਕੱਲ੍ਹ ਸ੍ਰੀ ਕਾਰਨੀ ਦੇ ਦਫਤਰ ਤੋਂ ਇਕ ਬੁਲਾਰੇ ਨੇ ਅਧਿਕਾਰਤ ਤੌਰ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਨੂੰ ਹੁਣ ਕੈਨੇਡਾ ਵਿਚ ਹਿੰਸਕ ਅਪਰਾਧਾਂ ਨਾਲ਼ ਜੋੜ ਕੇ ਨਹੀਂ ਦੇਖਿਆ ਜਾ ਰਿਹਾ | ਇਹ ਵੀ ਕਿ ਦੋਵਾਂ ਦੇਸ਼ਾਂ ਵਿਚ ਰਾਸ਼ਟਰੀ ਸੁਰੱਖਿਆ ਦੇ ਮੁੱਦੇ 'ਤੇ ਗੱਲਬਾਤ ਅੱਗੇ ਵਧ ਰਹੀ ਹੈ ਅਤੇ ਕੂਟਨੀਤਕ ਪੱਧਰ 'ਤੇ ਜਾਣਕਾਰੀਆਂ ਦਾ ਅਦਾਨ-ਪ੍ਰਦਾਨ ਜਾਰੀ ਹੈ | ਬੁਲਾਰੇ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਕੈਨੇਡਾ ਵਿਚ (ਭਾਰਤ ਦੀ) ਪਹਿਲਾਂ ਵਾਲੀ ਗਤੀਵਿਧੀ ਹੁਣ ਜਾਰੀ ਨਹੀਂ ਹੈ | ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਇਹ ਅਧਿਕਾਰਤ ਬਿਆਨ ਆਉਣ ਤੋਂ ਤੁਰੰਤ ਬਾਅਦ ਵਰਲਡ ਸਿੱਖ ਆਰਗੇਨਾਈਜੇਸ਼ਨ (ਡਬਲਿਊ.ਐੱਸ.ਓ.) ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਆਪਣੇ ਬਿਆਨ ਵਿੱਚ ਕੈਨੇਡਾ ਸਰਕਾਰ ਦੀ ਇਸ ਸਫਾਈ ਨੂੰ (ਸੱਚਾਈ ਤੋਂ ਦੂਰ ਦੱਸਦਿਆ) ਮੂਲੋਂ ਹੀ ਰੱਦ ਕੀਤਾ ਕਿਉਂਕਿ ਅਜੇ ਬੀਤੇ ਐਤਵਾਰ ਹੀ ਵੈਨਕੂਵਰ ਵਿਚ ਪੁਲਿਸ ਨੇ ਸਿੱਖ ਆਗੂ ਮਹਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ (ਲੰਘੇ 3 ਕੁ ਸਾਲਾਂ ਵਿਚ ਚੌਥੀ ਵਾਰੀ) ਕਿਸੇ ਸੰਭਾਵੀ ਖਤਰੇ ਤੋਂ ਸਾਵਧਾਨ ਰਹਿਣ ਦੀ ਜਾਣਕਾਰੀ ਦਿੱਤੀ ਗਈ ਸੀ |
ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਕਾਫ਼ਲੇ 'ਚ ਸਤਪਾਲ ਸਿੰਘ ਜੌਹਲ ਸ਼ਾਮਿਲ
'ਅਜੀਤ' ਦੇ ਦੇਸ਼ ਅਤੇ ਵਿਦੇਸ਼ਾਂ ਵਿਚ ਪਾਠਕਾਂ ਵਲੋਂ ਇਹ ਖ਼ਬਰ ਦਿਲਚਸਪੀ ਨਾਲ਼ ਪੜ੍ਹੀ ਜਾਵੇਗੀ ਕਿ ਉਨ੍ਹਾਂ ਦੇ ਇਸ ਹਰਮਨ ਪਿਆਰੇ ਅਖਬਾਰ ਦੇ ਕੈਨੇਡਾ ਤੋਂ ਸਟਾਫ ਰਿਪੋਰਟਰ ਅਤੇ ਉੱਘੇ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ ਭਾਰਤ ਦੀ ਸਰਕਾਰੀ ਫੇਰੀ 'ਤੇ ਆ ਰਹੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਕਾਫਲੇ ਵਿਚ ਸ਼ਾਮਿਲ ਹਨ | ਇਸ ਫੇਰੀ ਦੌਰਾਨ ਉਹ ਸ੍ਰੀ ਕਾਰਨੀ ਨਾਲ਼ ਆਸਟਰੇਲੀਆ ਅਤੇ ਜਪਾਨ ਵੀ ਜਾਣਗੇ | ਇਸ ਤੋਂ ਪਹਿਲਾਂ ਵੀ ਸ. ਜੌਹਲ ਨੇ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀਆਂ ਜੀਨ ਕਿ੍ਚੀਅਨ, ਪਾਲ ਮਾਰਟਿਨ ਤੇ ਜਸਟਿਨ ਟਰੂਡੋ ਨਾਲ਼ ਉਨ੍ਹਾਂ ਦੀਆਂ ਭਾਰਤ, ਅਮਰੀਕਾ, ਚੀਨ, ਸ੍ਰੀਲੰਕਾ, ਹਾਂਗਕਾਂਗ ਅਤੇ ਜਪਾਨ ਦੀਆਂ ਸਰਕਾਰੀ ਫੇਰੀਆਂ ਨੂੰ ਉਨ੍ਹਾਂ ਦੇ ਨਾਲ਼ ਜਾ ਕੇ ਕਵਰ ਕੀਤਾ ਹੈ | ਵਿਸ਼ੇਸ਼ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਦੇ ਕਾਫਲੇ ਨਾਲ ਸ. ਜੌਹਲ ਇਕੋ ਇਕ ਪੰਜਾਬੀ ਪੱਤਰਕਾਰ ਹਨ |

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲ 'ਚ ਚੱਲੇਗਾ ਭਾਰਤੀ ਯੂ.ਪੀ.ਆਈ. ਦੋਵੇਂ ਦੇਸ਼ ਜਲਦ ਕਰਨਗੇ ਮੁਕਤ ਵਪਾਰ ਸਮਝੌਤਾ ਅਗਲੀ ਖ਼ਬਰ ਐਨ. ਸੀ.ਈ. ਆਰ.ਟੀ. ਵਿਵਾਦ: ਨਿਆਂਪਾਲਿਕਾ ਦੇ ਅਕਸ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸੁਪਰੀਮ ਕੋਰਟ <br/>
Ad Position 24