27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਇਜ਼ਰਾਈਲ 'ਚ ਚੱਲੇਗਾ ਭਾਰਤੀ ਯੂ.ਪੀ.ਆਈ. ਦੋਵੇਂ ਦੇਸ਼ ਜਲਦ ਕਰਨਗੇ ਮੁਕਤ ਵਪਾਰ ਸਮਝੌਤਾ

Ad Position 21
No active advertisement
ਅਜੀਤ ਡੈਸਕ 27-02-2026

ਵਪਾਰ, ਖੇਤੀਬਾੜੀ, ਊਰਜਾ, ਸਿੱਖਿਆ ਅਤੇ ਡਿਜੀਟਲ ਭੁਗਤਾਨ ਦੇ ਖੇਤਰਾਂ ਸਮੇਤ 17 ਸਮਝੌਤੇ ਸਹੀਬੱਧ
ਯੇਰੂਸ਼ਲਮ, 26 ਫਰਵਰੀ (ਪੀ. ਟੀ. ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲੀ ਦੌਰੇ ਦੇ ਆਖ਼ਰੀ ਦਿਨ ਆਪਣੇ ਹਮਰੁਤਬਾ ਬੇਂਜਾਮਿਨ ਨੇਤਨਯਾਹੂ ਨਾਲ ਦੁਵੱਲੀ ਗੱਲਬਾਤ ਕੀਤੀ | ਜਿਸ ਦੌਰਾਨ ਦੋਵੇਂ ਆਗੂਆਂ ਨੇ ਦੁਵੱਲੇ ਅਤੇ ਵੱਖ-ਵੱਖ ਆਲਮੀ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ | ਦੁਵੱਲੀ ਮੀਟਿੰਗ ਦੇ ਬਾਅਦ ਮੋਦੀ ਅਤੇ ਨੇਤਨਯਾਹੂ ਵਲੋਂ ਕੀਤੀ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ ਇਜ਼ਰਾਈਲ 'ਚ ਵੀ ਹੁਣ ਭਾਰਤ ਦੀ ਯੂ.ਪੀ.ਆਈ. ਰਾਹੀ ਅਦਾਇਗੀ ਪ੍ਰਣਾਲੀ ਚੱਲੇਗੀ ਅਤੇ ਦੋਵੇਂ ਦੇਸ਼ ਜਲਦ ਹੀ ਮੁਕਤ ਵਪਾਰ ਸਮਝੌਤਾ ਕਰਨਗੇ | ਇਸ ਮੌਕੇ ਦੋਵੇਂ ਆਗੂਆਂ ਨੇ ਭਾਰਤ ਅਤੇ ਇਜ਼ਰਾਈਲ ਦੇ ਸੰਬੰਧਾਂ ਦੀ ਮਜ਼ਬੂਤੀ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਦੋਵੇਂ ਦੇਸ਼ ਅੱਤਵਾਦ ਖ਼ਿਲਾਫ਼ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ | ਇਸ ਦੌਰਾਨ ਦੋਵੇਂ ਦੇਸ਼ਾਂ ਨੇ ਵਪਾਰ, ਖੇਤੀਬਾੜੀ, ਊਰਜਾ, ਸਿੱਖਿਆ, ਨਿਰਮਾਣ, ਸੱਭਿਆਚਾਰ, ਸਾਈਬਰ, ਸਪੇਸ ਅਤੇ ਡਿਜੀਟਲ ਭੁਗਤਾਨ ਦੇ ਖੇਤਰਾਂ 'ਚ ਸਹਿਯੋਗ ਵਧਾਉਣ ਸਮੇਤ 17 ਸਮਝੌਤਿਆਂ 'ਤੇ ਦਸਤਖ਼ਤ ਕੀਤੇ | ਇਸ ਮੌਕੇ ਦੋਵੇਂ ਦੇਸ਼ਾਂ ਨੇ ਤਕਨਾਲੋਜੀਆਂ ਦੇ ਤਬਾਦਲੇ ਦੇ ਢਾਂਚੇ ਦੇ ਤਹਿਤ ਫੌਜੀ ਹਾਰਡਵੇਅਰ ਦੇ ਸਾਂਝੇ ਵਿਕਾਸ ਅਤੇ ਸਾਂਝੇ ਉਤਪਾਦਨ ਵੱਲ ਕੰਮ ਕਰਕੇ ਆਪਣੀ ਪਹਿਲਾਂ ਤੋਂ ਹੀ ਨਜ਼ਦੀਕੀ ਰੱਖਿਆ ਭਾਈਵਾਲੀ ਨੂੰ ਵਧਾਉਣ ਦਾ ਵੀ ਵਾਅਦਾ ਕੀਤਾ | ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਸੁਰੱਖਿਆ ਹਿੱਤ ਮੱਧ ਪੂਰਬ ਵਿਚ ਸ਼ਾਂਤੀ ਅਤੇ ਸਥਿਰਤਾ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਗਾਜ਼ਾ ਸ਼ਾਂਤੀ ਪਹਿਲਕਦਮੀ ਦਾ ਪੂਰਾ ਸਮਰਥਨ ਕਰਦੀ ਹੈ | ਉਨ੍ਹਾਂ ਕਿਹਾ ਕਿ ਭਾਰਤ ਦਾ ਰੁਖ਼ ਸਪੱਸ਼ਟ ਹੈ ਅਤੇ ਮਨੁੱਖਤਾ ਨੂੰ ਕਦੇ ਵੀ ਟਕਰਾਅ ਦਾ ਸ਼ਿਕਾਰ ਨਹੀਂ ਬਣਨਾ ਚਾਹੀਦਾ | ਗਾਜ਼ਾ ਸ਼ਾਂਤੀ ਯੋਜਨਾ ਰਾਹੀਂ ਸ਼ਾਂਤੀ ਦਾ ਰਸਤਾ ਬਣਾਇਆ ਗਿਆ ਹੈ ਅਤੇ ਭਾਰਤ ਨੇ ਇਨ੍ਹਾਂ ਯਤਨਾਂ ਦਾ ਪੂਰਾ ਸਮਰਥਨ ਕੀਤਾ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਸੀਂ ਸਾਰੇ ਦੇਸ਼ਾਂ ਨਾਲ ਗੱਲਬਾਤ ਅਤੇ ਸਹਿਯੋਗ ਜਾਰੀ ਰੱਖਾਂਗੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਆਰਥਿਕ ਸਹਿਯੋਗ ਵਿਕਾਸ ਨਵੀਨਤਾ ਅਤੇ ਸਾਂਝੀ ਖੁਸ਼ਹਾਲੀ ਦਾ ਇੰਜਣ ਬਣਿਆ ਹੋਇਆ ਹੈ | ਪਿਛਲੇ ਸਾਲ ਅਸੀਂ ਆਪਸੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਦੁਵੱਲੇ ਨਿਵੇਸ਼ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ | ਅਸੀਂ ਜਲਦ ਹੀ ਮੁਕਤ ਵਪਾਰ ਸਮਝੌਤੇ ਨੂੰ ਵੀ ਅੰਤਿਮ ਰੂਪ ਦੇਵਾਂਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਪੂਰੀ ਤਰ੍ਹਾਂ ਸਪੱਸ਼ਟ ਹਨ ਕਿ ਦੁਨੀਆ 'ਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ ਅਤੇ ਅੱਤਵਾਦ ਨੂੰ ਕਿਸੇ ਵੀ ਰੂਪ 'ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਗੱਲਬਾਤ ਅਤੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕੀਤਾ ਹੈ | ਅਸੀਂ ਭਵਿੱਖ 'ਚ ਵੀ ਸਾਰੇ ਦੇਸ਼ਾਂ ਨਾਲ ਗੱਲਬਾਤ ਅਤੇ ਸਹਿਯੋਗ ਜਾਰੀ ਰੱਖਾਂਗੇ |
ਇਜ਼ਰਾਈਲ ਦੇ ਰਾਸ਼ਟਰਪਤੀ ਹਰਜ਼ੋਗ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲੀ ਰਾਸ਼ਟਰਪਤੀ ਇਸਾਕ ਹਰਜ਼ੋਗ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਸਿੱਖਿਆ, ਸਟਾਰਟ-ਅੱਪ, ਨਵੀਨਤਾ, ਤਕਨੀਕ ਅਤੇ ਸੰਪਰਕ 'ਚ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਇਜ਼ਰਾਈਲ ਭਾਈਵਾਲੀ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਦਿ੍ੜ ਸਮਰਥਨ ਲਈ ਰਾਸ਼ਟਰਪਤੀ ਹਰਜ਼ੋਗ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਰਾਸ਼ਟਰਪਤੀ ਹਰਜ਼ੋਗ ਨੂੰ ਨੇੜਲੇ ਭਵਿੱਖ ਵਿਚ ਭਾਰਤ ਆਉਣ ਦਾ ਸੱਦਾ ਵੀ ਦਿੱਤਾ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਵਿਸ਼ਵ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ | ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਭਾਰਤ ਆਉਣ ਦਾ ਨਿੱਘਾ ਸੱਦਾ ਦਿੰਦਾ ਹਾਂ ਅਤੇ ਜਦੋਂ ਤੁਸੀਂ ਆਓ ਤਾਂ ਆਪਣੀ ਯਾਤਰਾ ਨੂੰ ਸਿਰਫ਼ ਦਿੱਲੀ ਤੱਕ ਸੀਮਤ ਨਾ ਰੱਖਿਓ, ਸਗੋਂ ਭਾਰਤ ਦੇ ਹੋਰ ਹਿੱਸਿਆਂ ਦੀ ਯਾਤਰਾ ਕਰਨ ਲਈ ਹੋਰ ਸਮਾਂ ਕੱਢਿਓ |
ਵਾਸ਼ੇਮ ਸਮਾਰਕ 'ਤੇ ਸ਼ਰਧਾਂਜਲੀ ਭੇਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ੇਮ ਸਮਾਰਕ ਦਾ ਦੌਰਾ ਕੀਤਾ ਅਤੇ ਹੋਲੋਕਾਸਟ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਨਾਲ ਇਜ਼ਰਾਈਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਵੀ ਹਾਜ਼ਰ ਸਨ | ਦੌਰੇ ਦੀ ਸ਼ੁਰੂਆਤ ਮੌਕੇ ਦੋਵੇਂ ਨੇਤਾਵਾਂ ਨੇ 'ਹਾਲ ਆਫ਼ ਨੇਮਜ਼' ਦਾ ਦੌਰਾ ਕੀਤਾ, ਜਿਸ ਦੌਰਾਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਪਤਨੀ ਸਾਰਾ ਦੇ ਉਨ੍ਹਾਂ ਰਿਸ਼ਤੇਦਾਰਾਂ ਦੇ ਨਾਂਅ ਦਿਖਾਏ ਜੋ ਹੋਲੋਕਾਸਟ ਵਿਚ ਮਾਰੇ ਗਏ ਸਨ | ਜਿਸ ਦੇ ਬਾਅਦ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹੋਲੋਕਾਸਟ ਦੇ ਪੀੜਤਾਂ ਦੀ ਯਾਦ ਵਿਚ ਫੁੱਲਮਾਲਾ ਭੇਟ ਕੀਤੀ ਅਤੇ ਇੱਕ ਪੱਥਰ ਰੱਖਿਆ | ਇਹ ਯਾਦਗਾਰ ਵਾਸ਼ੇਮ ਹੋਲੋਕਾਸਟ ਦੌਰਾਨ ਮਾਰੇ ਗਏ ਲੱਖਾਂ ਯਹੂਦੀਆਂ ਦੀ ਯਾਦ 'ਚ ਬਣਾਈ ਗਈ ਹੈ | ਦੂਸਰੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੇ ਤਾਨਾਸ਼ਾਹ ਏਡਾਲਫ ਹਿਟਲਰ ਨੇ ਕਰੀਬ 60 ਹਜ਼ਾਰ ਯਹੂਦੀਆਂ ਦੀ ਹੱਤਿਆ ਕਰ ਦਿੱਤੀ ਸੀ | ਇਸ ਕਤਲੇਆਮ ਨੂੰ 'ਹੋਲੋਕਾਸਟ' ਕਿਹਾ ਜਾਂਦਾ ਹੈ | ਇਜ਼ਰਾਈਲ ਦੀ ਸੰਸਦ ਨੇ 1953 ਵਿਚ ਹੋਲੋਕਾਸਟ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਸਮਾਰਕ ਬਣਾਉਣ ਦਾ ਫ਼ੈਸਲਾ ਕੀਤਾ ਸੀ |
ਇਜ਼ਰਾਈਲੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਦਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਇਕ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਇਜ਼ਰਾਈਲੀ ਤਕਨਾਲੋਜੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਅਤੇ ਭਾਰਤੀ ਨੌਜਵਾਨਾਂ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ | ਪ੍ਰਦਰਸ਼ਨੀ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ), ਸਿਹਤ ਸੰਭਾਲ ਅਤੇ ਖੇਤੀਬਾੜੀ ਵਰਗੇ ਖੇਤਰਾਂ 'ਚ ਆਧੁਨਿਕ ਤਕਨੀਕਾਂ ਅਤੇ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ | ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਦਰਸ਼ਿਤ ਅਤਿ-ਆਧੁਨਿਕ ਤਕਨਾਲੋਜੀਆਂ ਵਿਚ ਨਵੀਨਤਾ, ਸਟਾਰਟ-ਅੱਪ ਅਤੇ ਵਪਾਰਕ ਭਾਈਵਾਲੀ, ਖ਼ਾਸ ਕਰਕੇ ਖੇਤੀਬਾੜੀ, ਪਾਣੀ ਪ੍ਰਬੰਧਨ, ਸਿਹਤ ਸੰਭਾਲ ਅਤੇ ਡਿਜੀਟਲ ਸੇਵਾਵਾਂ ਵਿਚ ਭਾਰਤ-ਇਜ਼ਰਾਈਲ ਸਹਿਯੋਗ ਨੂੰ ਵਧਾਉਣ ਦੀ ਅਥਾਹ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਸਮਾਪਤ ਅਗਲੀ ਖ਼ਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਅੱਜ ਤੋਂ <br/>
Ad Position 24