28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਸਮਾਪਤ

Ad Position 21
No active advertisement
ਅਜੀਤ ਡੈਸਕ 27-02-2026

ਫ਼ੈਸਲੇ ਦਾ ਸਵਾਗਤ ਪਰ ਸਬੂਤ ਸੰਗਤ ਸਾਹਮਣੇ ਜ਼ਰੂਰ
ਰੱਖਾਂਗਾ-ਗਿਆਨੀ ਰਘਬੀਰ ਸਿੰਘ
ਧਾਮੀ ਨੇ ਆਪਣੇ ਕਾਰਜਕਾਲ ਦੌਰਾਨ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਅਤੇ ਜਮ੍ਹਾਂ ਪੂੰਜੀ 'ਚ ਹੋਏ ਵੱਡੇ ਵਾਧੇ ਦੇ ਜਨਤਕ ਕੀਤੇ ਵੇਰਵੇ
ਅੰਤਿੰ੍ਰਗ ਕਮੇਟੀ ਦੀ ਇਕੱਤਰਤਾ 'ਚ ਲਿਆ ਫ਼ੈਸਲਾ

ਅੰਮਿ੍ਤਸਰ, 26 ਫ਼ਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਅੱਜ ਇਥੇ 72 ਘੰਟਿਆਂ ਦੇ ਨੋਟਿਸ 'ਤੇ ਹੋਈ ਹੰਗਾਮੀ ਇਕੱਤਰਤਾ ਦੌਰਾਨ ਅਹਿਮ ਫ਼ੈਸਲਾ ਲੈਂਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ | ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਗਿਆਨੀ ਰਘਬੀਰ ਸਿੰਘ ਨੂੰ ਦਿੱਤੇ ਗਏ 72 ਘੰਟਿਆਂ ਦੇ ਨੋਟਿਸ ਦਾ ਮਾਮਲਾ ਵਿਚਾਰਿਆ ਗਿਆ ਤੇ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ 'ਤੇ ਲਗਾਏ ਗਏ ਇਲਜ਼ਾਮਾਂ ਦੇ ਕੋਈ ਵੀ ਸਬੂਤ ਪੇਸ਼ ਨਾ ਕੀਤੇ ਜਾਣ ਅਤੇ ਨਿਯਮਾਂ ਦੀ ਅਣਦੇਖੀ ਕਰਕੇ ਪ੍ਰਬੰਧ ਸੰਬੰਧੀ ਮੁੜ ਸਵਾਲ ਖੜ੍ਹੇ ਕਰਨ ਕਰਕੇ ਉਨ੍ਹਾਂ ਨੂੰ ਸੇਵਾਮੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ | ਭਾਵੇਂ ਕਿ ਪ੍ਰਧਾਨ ਧਾਮੀ ਵਲੋਂ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਸੰਬੰਧੀ ਲਏ ਫ਼ੈਸਲੇ ਵਿਚ 'ਰਿਟਾਇਰ' ਸ਼ਬਦ ਦੀ ਵਰਤੋਂ ਕੀਤੀ ਗਈ, ਪਰ ਸ਼ੋ੍ਰਮਣੀ ਕਮੇਟੀ ਤੇ ਪੰਥਕ ਗਲਿਆਰਿਆਂ ਵਿਚ ਉਨ੍ਹਾਂ ਨੂੰ ਜਬਰੀ ਸੇਵਾ ਮੁਕਤ ਕਰਨਾ ਸਮਝਿਆ ਜਾ ਰਿਹਾ ਹੈ | ਦੂਜੇ ਪਾਸੇ ਸ਼ੋ੍ਰਮਣੀ ਕਮੇਟੀ ਦੇ ਫ਼ੈਸਲੇ ਸੰਬੰਧੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਹ ਸ਼ੋ੍ਰਮਣੀ ਕਮੇਟੀ ਵਲੋਂ ਲਏ ਫ਼ੈਸਲੇ ਦਾ ਸਵਾਗਤ ਕਰਦੇ ਹਨ, ਪਰ ਮੇਰੇ ਕੋਲ ਜੋ ਸ਼ੋ੍ਰਮਣੀ ਕਮੇਟੀ 'ਚ ਘਪਲਿਆਂ ਦੇ ਸਬੂਤ ਨੇ ਉਹ ਸੰਗਤ ਸਾਹਮਣੇ ਜ਼ਰੂਰ ਰੱਖਾਂਗਾ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਬੀਤੇ ਦਿਨੀਂ ਪ੍ਰੈੱਸ ਕਾਨਫ਼ਰੰਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਖ਼ਿਲਾਫ਼ ਇਲਜ਼ਾਮ ਲਗਾ ਕੇ ਬਦਨਾਮੀ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ 19 ਫ਼ਰਵਰੀ ਦੀ ਅੰਤਿੰ੍ਰਗ ਕਮੇਟੀ ਦੇ ਫ਼ੈਸਲੇ ਅਨੁਸਾਰ 72 ਘੰਟੇ ਦਾ ਨੋਟਿਸ ਦੇ ਕੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ, ਪ੍ਰੰਤੂ ਉਨ੍ਹਾਂ ਨਿਰਧਾਰਿਤ ਸਮੇਂ ਵਿਚ ਕੋਈ ਵੀ ਸਬੂਤ ਪੇਸ਼ ਨਹੀਂ ਕੀਤੇ, ਸਗੋਂ ਸੇਵਾ ਨਿਯਮਾਂ ਦੀ ਅਣਦੇਖੀ ਕਰਕੇ ਪ੍ਰਬੰਧ ਸੰਬੰਧੀ ਮੁੜ ਸਵਾਲ ਖੜ੍ਹੇ ਕਰ ਦਿੱਤੇ | ਉਨ੍ਹਾਂ ਕਿਹਾ ਕਿ ਅੱਜ ਅੰਤਿ੍ੰਗ ਕਮੇਟੀ ਨੇ ਮਹਿਸੂਸ ਕੀਤਾ ਹੈ ਕਿ ਗਿਆਨੀ ਰਘਬੀਰ ਸਿੰਘ ਨੇ ਪ੍ਰੈੱਸ ਵਿਚ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ, ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਅਹੁਦੇ ਦੀ ਮਾਣ-ਮਰਿਆਦਾ ਨੂੰ ਵੀ ਢਾਹ ਲੱਗੀ ਹੈ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰੇ-ਸ਼ਾਮ ਦੀ ਆਪਣੀ ਸੇਵਾ ਵੀ ਬਹੁਤ ਘੱਟ ਨਿਭਾਉਣ ਕਰਕੇ ਇਹ ਮੁੱਖ ਗ੍ਰੰਥੀ ਦੇ ਸਤਿਕਾਰਤ ਅਤੇ ਜ਼ਿੰਮੇਵਾਰ ਅਹੁਦੇ ਨਾਲ ਇਨਸਾਫ਼ ਨਹੀਂ ਕਰ ਰਹੇ | ਇਸ ਸਭ ਦੇ ਮੱਦੇਨਜ਼ਰ ਅੱਜ ਦੀ ਅੰਤਿ੍ੰਗ ਕਮੇਟੀ ਵਿਚ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਗਿਆਨੀ ਰਘਬੀਰ ਸਿੰਘ ਨੂੰ ਸੇਵਾਮੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਦੀ ਥਾਂ 'ਤੇ ਨਵੇਂ ਮੁੱਖ ਗ੍ਰੰਥੀ ਦੀ ਜ਼ਿੰਮੇਵਾਰੀ ਜਲਦ ਹੀ ਕਿਸੇ ਸਿੰਘ ਸਾਹਿਬ ਨੂੰ ਸੌਂਪੀ ਜਾਵੇਗੀ | ਜ਼ਿਕਰਯੋਗ ਹੈ ਗਿਆਨੀ ਰਘਬੀਰ ਸਿੰਘ ਦੇ ਛੁੱਟੀ 'ਤੇ ਹੋਣ ਸਮੇਂ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਕਾਰਜਕਾਰੀ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ |
ਗੁ: ਸਾਹਿਬਾਨ ਦੀਆਂ ਜ਼ਮੀਨਾਂ ਤੇ ਜਮ੍ਹਾਂ ਪੂੰਜੀ ਬਾਰੇ ਵੇਰਵੇ ਕੀਤੇ ਜਨਤਕ

ਇਸ ਮੌਕੇ ਪ੍ਰਧਾਨ ਧਾਮੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਾਇਦਾਦਾਂ ਦੇ ਸੰਬੰਧ ਵਿਚ ਸ਼੍ਰੋਮਣੀ ਕਮੇਟੀ ਵਿਰੁੱਧ ਕੁਝ ਲੋਕਾਂ ਵਲੋਂ ਝੂਠਾ ਬਿਰਤਾਂਤ ਸਿਰਜ ਕੇ ਸੰਗਤ ਵਿਚ ਭਰਮ ਭੁਲੇਖਾ ਪੈਦਾ ਕੀਤਾ ਜਾ ਰਿਹਾ ਹੈ, ਜਦੋਂਕਿ ਸੱਚਾਈ ਇਹ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜਿਥੇ ਵੱਡੀ ਪੱਧਰ 'ਤੇ ਜਾਇਦਾਦਾਂ ਦੀ ਖ਼ਰੀਦ ਕੀਤੀ ਹੈ, ਉਥੇ ਹੀ ਇਸ ਅਰਸੇ ਦੌਰਾਨ ਗੁਰਦੁਆਰਾ ਸਾਹਿਬਾਨ, ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੀਆਂ ਵਿੱਤੀ ਜਮ੍ਹਾਂ ਪੂੰਜੀਆਂ ਵਿਚ ਵੀ ਵੱਡਾ ਵਾਧਾ ਦਰਜ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸਾਲ 2020-2021 ਤੋਂ 2025-2026 ਦੌਰਾਨ ਜਿਥੇ 111 ਕਰੋੜ ਰੁਪਏ ਦੇ ਕਰੀਬ ਦੀ ਜਾਇਦਾਦ ਖਰੀਦੀ ਗਈ, ਉਥੇ ਹੀ ਗੁਰਦੁਆਰਿਆਂ ਦੇ ਬਜਟ ਵਿਚ 577 ਕਰੋੜ ਤੋਂ 1120 ਕਰੋੜ ਰੁਪਏ ਤੱਕ ਦਾ ਵਾਧਾ ਹੋਇਆ | ਉਨ੍ਹਾਂ ਬੈਂਕਾਂ ਵਿਚ ਐੱਫ.ਡੀ.ਆਰ. ਦੇ ਸੰਬੰਧ ਵਿਚ ਵੇਰਵੇ ਦਿੰਦਿਆਂ ਦੱਸਿਆ ਕਿ ਇਸ ਅਰਸੇ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀ ਜਮ੍ਹਾਂ ਪੂੰਜੀ ਵਿਚ 600 ਕਰੋੜ ਦਾ ਵਾਧਾ ਹੋਇਆ ਹੈ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਸਾਲ 2020-2021 ਤੋਂ 2025-2026 ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਐੱਫ.ਡੀ.ਆਰ. ਵਿਚ 273.60 ਕਰੋੜ ਰੁਪਏ, ਧਰਮ ਪ੍ਰਚਾਰ ਕਮੇਟੀ ਵਿਖੇ 121.45 ਕਰੋੜ ਰੁਪਏ ਦਾ ਵਾਧਾ ਦਰਜ ਹੈ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਲਈ ਇਸ ਸਮੇਂ ਦੌਰਾਨ 182 ਕਰੋੜ ਰੁਪਏ ਵੱਖਰੇ ਤੌਰ 'ਤੇ ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਫ਼ੰਡ ਦਿੱਤੇ ਗਏ ਹਨ | ਉਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਲਈ 5 ਕਰੋੜ ਰੁਪਏ ਰਾਖਵੇਂ ਰੱਖੇ ਗਏ ਸਨ, ਜਦਕਿ ਸੰਗਤ ਵਲੋਂ ਪ੍ਰਗਟਾਈ ਗਈ ਸ਼ਰਧਾ ਤਹਿਤ ਇਹ ਰਾਸ਼ੀ 7 ਲੱਖ ਦੇ ਹੋਰ ਵਾਧੇ ਨਾਲ ਜਮ੍ਹਾਂ ਹੈ | ਉਨ੍ਹਾਂ ਕਿਹਾ ਕਿ ਉਹ ਸਿੱਖੀ ਪ੍ਰਚਾਰ, ਵਿੱਦਿਆ ਦੇ ਪ੍ਰਸਾਰ ਅਤੇ ਸਿਹਤ ਸਹੂਲਤਾਂ ਲਈ ਲਗਾਤਾਰ ਕਾਰਜ ਕਰ ਰਹੇ ਹਨ | ਪਿਛਲੇ ਪੰਜ ਸਾਲਾਂ ਦੌਰਾਨ ਚਾਰ ਲੱਖ ਤੋਂ ਵੱਧ ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਵਾਇਆ ਗਿਆ ਹੈ ਅਤੇ ਅਪ੍ਰੈਲ 2026 ਤੱਕ 51 ਹਜ਼ਾਰ ਹੋਰ ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਵਾਉਣ ਦਾ ਟੀਚਾ ਹੈ | ਪਾਵਨ ਸਰੂਪਾਂ ਦੇ ਮਾਮਲੇ ਵਿਚ ਸਰਕਾਰ ਵਲੋਂ ਤਬਦੀਲ ਕੀਤੀ ਗਈ 'ਸਿੱਟ' ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਕੇਵਲ ਸਿਆਸਤ ਕਰਨਾ ਹੈ | ਜੇਕਰ 'ਸਿੱਟ' ਤਬਦੀਲ ਹੀ ਕਰਨੀ ਸੀ ਤਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਇਸ ਵਿਚ ਗੁਰਸਿੱਖ ਪੁਲਿਸ ਅਫ਼ਸਰ ਸ਼ਾਮਿਲ ਕੀਤੇ ਜਾਂਦੇ | ਉਨ੍ਹਾਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਦੇ ਮਾਮਲੇ ਸੰਬੰਧੀ ਕਿਹਾ ਕਿ ਇਸ ਵਿਚ ਐੱਫ.ਆਈ.ਆਰ. ਦਰਜ ਕਰਵਾਉਣ ਬਾਅਦ ਵੀ ਪੁਲਿਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ | ਅੱਜ ਦੀ ਇਕੱਤਰਤਾ 'ਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸੁਰਜੀਤ ਸਿੰਘ ਗੜ੍ਹੀ, ਸੁਰਜੀਤ ਸਿੰਘ ਤੁਗਲਵਾਲ, ਸੁਰਜੀਤ ਸਿੰਘ ਕੰਗ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਬਲਦੇਵ ਸਿੰਘ ਕਾਇਮਪੁਰ, ਮੇਜਰ ਸਿੰਘ ਢਿੱਲੋਂ, ਜਥੇ: ਮੰਗਵਿੰਦਰ ਸਿੰਘ ਖਾਪੜਖੇੜੀ, ਓ.ਐੱਸ.ਡੀ. ਸਤਬੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ ਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਆਦਿ ਵੀ ਮੌਜੂਦ ਸਨ |
ਗਿਆਨੀ ਰਘਬੀਰ ਸਿੰਘ ਦਾ ਪ੍ਰਤੀਕਰਮ

ਸ਼ੋ੍ਰਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਵਲੋਂ ਜਬਰੀ ਸੇਵਾ ਮੁਕਤ ਕੀਤੇ ਜਾਣ ਉਪਰੰਤ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮੈਂ ਇਸ ਫ਼ੈਸਲੇ ਦਾ ਸਵਾਗਤ ਕਰਦਾ ਹਾਂ | ਦੇਰ ਸ਼ਾਮ ਜਾਰੀ ਵੀਡੀਓ ਬਿਆਨ ਵਿਚ ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਵੀ ਤਰ੍ਹਾਂ ਦਾ ਸ਼ਿਕਵਾ ਨਹੀਂ ਹੈ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਇਕ ਬੇਨਤੀ ਮੈਂ ਸੰਗਤ ਨੂੰ ਜ਼ਰੂਰ ਕਰਨਾ ਚਾਹੁੰਦਾ ਹਾਂ ਕਿ ਇਸ ਸਾਰੇ ਵਰਤਾਰੇ ਪਿੱਛੇ 2 ਦਸੰਬਰ, 2024 ਦੇ ਲਏ ਗਏ ਫ਼ੈਸਲੇ ਹਨ | ਉਨ੍ਹਾਂ ਕਿਹਾ ਕਿ ਮੈਂ ਸ਼ੋ੍ਰਮਣੀ ਕਮੇਟੀ ਵਿਚ ਜੋ ਭਿ੍ਸ਼ਟਾਚਾਰ ਹੋਣ ਦੇ ਦੋਸ਼ ਲਾਏ ਹਨ, ਚਾਹੀਦਾ ਸੀ ਕਿ ਉਸ 'ਤੇ ਜਾਂਚ ਕਮੇਟੀ ਬਣਾ ਕੇ ਪੜਤਾਲ ਕਰਵਾਈ ਜਾਂਦੀ | ਉਨ੍ਹਾਂ ਕਿਹਾ ਕਿ ਮੇਰੇ ਵਲੋਂ ਲਾਏ ਗਏ ਦੋਸ਼ਾਂ ਦਾ ਸਾਰਾ ਰਿਕਾਰਡ ਮੇਰੇ ਕੋਲ ਹੈ ਤੇ ਉਹ ਮੈਂ ਹੌਲੀ-ਹੌਲੀ ਕਰਕੇ ਸੰਗਤ ਸਨਮੁੱਖ ਜ਼ਰੂਰ ਰੱਖਾਂਗਾ ਤਾਂ ਕਿ ਇਸ ਭਿ੍ਸ਼ਟਾਚਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ 328 ਪਾਵਨ ਸਰੂਪਾਂ ਦਾ ਮਾਮਲਾ<br> ਡੀ.ਆਈ.ਜੀ. ਨਾਨਕ ਸਿੰਘ ਦੀ ਅਗਵਾਈ ਹੇਠ ਨਵੀਂ ਸਿੱਟ ਕੱਲ੍ਹ ਕਰੇਗੀ ਮੀਟਿੰਗ ਅਗਲੀ ਖ਼ਬਰ ਇਜ਼ਰਾਈਲ 'ਚ ਚੱਲੇਗਾ ਭਾਰਤੀ ਯੂ.ਪੀ.ਆਈ. ਦੋਵੇਂ ਦੇਸ਼ ਜਲਦ ਕਰਨਗੇ ਮੁਕਤ ਵਪਾਰ ਸਮਝੌਤਾ
Ad Position 24