ਚੰਡੀਗੜ੍ਹ, 26 ਫਰਵਰੀ (ਕਪਿਲ ਵਧਵਾ)ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸੰਬੰਧੀ ਡੀ.ਆਈ.ਜੀ. ਰੂਪਨਗਰ ਰੇਂਜ ਨਾਨਕ ਸਿੰਘ ਦੀ ਚੇਅਰਮੈਨੀ ਹੇਠ ਨਵੀਂ ਸਿੱਟ ਸਨਿਚਰਵਾਰ ਨੂੰ ਇਕ ਵਿਸਤਿ੍ਤ ਮੀਟਿੰਗ ਕਰੇਗੀ | ਜ਼ਿਕਰਯੋਗ ਹੈ ਕਿ ਇਹ ਮਾਮਲਾ ਥਾਣਾ 'ਸੀ' ਡਿਵੀਜ਼ਨ, ਅੰਮਿ੍ਤਸਰ ਵਿਚ 7 ਦਸੰਬਰ 2025 ਨੂੰ ਦਰਜ ਕੀਤਾ ਗਿਆ ਸੀ | ਆਈ.ਪੀ.ਸੀ. ਦੀ ਧਾਰਾ 295, 295-ਏ, 409, 465 ਅਤੇ 120-ਬੀ ਅਧੀਨ ਦਰਜ ਮਾਮਲੇ ਵਿਚ ਸੀ.ਏ. ਸਤਿੰਦਰ ਸਿੰਘ ਕੋਹਲੀ ਸਮੇਤ 16 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ | ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵਲੋਂ ਜਾਰੀ ਹੁਕਮਾਂ ਅਨੁਸਾਰ ਨਵੀਂ ਟੀਮ ਦੀ ਨਿਗਰਾਨੀ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਕੀਤੀ ਜਾਵੇਗੀ | ਇਸ ਦੇ ਨਾਲ ਹੀ ਟੀਮ ਦੇ ਹੋਰ ਮੈਂਬਰਾਂ ਵਿਚ ਐਸ.ਐਸ.ਪੀ. ਖੰਨਾ ਦਰਪਨ ਆਹਲੂਵਾਲੀਆ, ਐਸ.ਪੀ. ਡਿਟੈਕਟਿਵ ਪਟਿਆਲਾ ਗੁਰਬੰਸ ਸਿੰਘ ਬੈਂਸ, ਐਸ.ਪੀ. ਸਪੈਸ਼ਲ ਬ੍ਰਾਂਚ ਮੁਹਾਲੀ ਸੁਖਨਾਜ਼ ਸਿੰਘ, ਏ.ਸੀ.ਪੀ. ਅੰਮਿ੍ਤਸਰ ਹਰਮਿੰਦਰ ਸਿੰਘ ਅਤੇ ਐਸ.ਐਚ.ਓ ਸੀ-ਡਵੀਜ਼ਨ ਸਬ-ਇੰਸਪੈਕਟਰ ਰਜਵੰਤ ਕੌਰ ਸ਼ਾਮਿਲ ਹਨ | ਜਦਕਿ ਏ.ਆਈ.ਜੀ. ਵਿਜੀਲੈਂਸ ਜਗਤਪ੍ਰੀਤ ਸਿੰਘ ਦੀ ਚੇਅਰਮੈਨਸ਼ਿਪ ਵਾਲੀ ਸਿੱਟ ਦੇ ਰਵਿੰਦਰਪਾਲ ਸਿੰਘ ਸੰਧੂ ਡੀ.ਸੀ.ਪੀ. (ਜਾਂਚ) ਅੰਮਿ੍ਤਸਰ, ਹਰਪਾਲ ਸਿੰਘ ਸੰਧੂ ਵਧੀਕ ਡੀ.ਸੀ.ਪੀ, ਪੁਲਿਸ ਕਮਿਸ਼ਨਰੇਟ ਅੰਮਿ੍ਤਸਰ ਅਤੇ ਬੇਅੰਤ ਜੁਨੇਜਾ ਏ.ਸੀ.ਪੀ. ਲੁਧਿਆਣਾ ਹਿੱਸਾ ਸਨ | ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੁਲਿਸ ਕਮਿਸ਼ਨਰ ਅੰਮਿ੍ਤਸਰ ਵਲੋਂ ਐਸ.ਆਈ.ਟੀ ਨੂੰ ਹਰ ਤਰ੍ਹਾਂ ਦਾ ਲਾਜਿਸਟਿਕ ਅਤੇ ਪ੍ਰਸ਼ਾਸਨਿਕ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ | ਅਦਾਰਾ 'ਅਜੀਤ' ਵਲੋਂ ਸੰਪਰਕ ਕੀਤੇ ਜਾਣ 'ਤੇ ਡੀ.ਆਈ.ਜੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਇਹ ਜ਼ਿੰਮੇਵਾਰੀ ਹਾਲ ਹੀ ਵਿਚ ਸੌਂਪੀ ਗਈ ਹੈ | ਇਸ ਲਈ ਸਿੱਟ ਵਲੋਂ ਸਨਿਚਰਵਾਰ ਨੂੰ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਮੀਟਿੰਗ ਕੀਤੀ ਜਾਵੇਗੀ, ਜਿਸ ਦੌਰਾਨ ਹੁਣ ਤੱਕ ਦੀ ਕੀਤੀ ਗਈ ਜਾਂਚ 'ਤੇ ਗ਼ੌਰ ਕੀਤਾ ਜਾਵੇਗਾ |
ਅਕਾਲੀ ਦਲ ਨੇ ਨਵੀਂ ਐਸ.ਆਈ.ਟੀ. ਨੂੰ ਕੀਤਾ ਰੱਦ
ਚੰਡੀਗੜ੍ਹ, (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਮੁੜ ਗਠਨ ਕੀਤੇ ਜਾਣ ਨੂੰ ਰੱਦ ਕਰ ਦਿੱਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਟੀਮ ਇਸ ਕਰ ਕੇ ਗਠਿਤ ਕੀਤੀ ਗਈ ਕਿਉਂਕਿ ਪੁਰਾਣੀ ਟੀਮ ਨੇ ਕੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੇ ਗੈਰ ਕਾਨੂੰਨੀ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਸੀ | ਸੀਨੀਅਰ ਅਕਾਲੀ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ 'ਆਪ' ਸਰਕਾਰ ਘਟੀਆ ਰਾਜਨੀਤੀ ਕਰ ਰਹੀ ਹੈ ਤੇ ਇਸ ਐਸ.ਆਈ.ਟੀ ਦਾ ਟੀਚਾ ਵੀ ਉਹੀ ਹੈ ਕਿ ਇਸ ਮਾਮਲੇ 'ਚ ਅਕਾਲੀ ਦਲ ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾਇਆ ਜਾਵੇ | ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਅਫ਼ਸਰ ਪਹਿਲਾਂ ਹੀ ਸ਼ੱਕ ਦੇ ਘੇਰੇ 'ਚ ਹਨ, ਉਨ੍ਹਾਂ ਨੂੰ ਐਸ.ਆਈ.ਟੀ ਵਿਚ ਸ਼ਾਮਿਲ ਕੀਤਾ ਗਿਆ ਹੈ | ਜਿਵੇਂ ਕਿ ਐਸ.ਆਈ.ਟੀ ਦੇ ਚੇਅਰਮੈਨ ਨਾਨਕ ਸਿੰਘ ਖ਼ਿਲਾਫ਼ ਫ਼ੌਜੀ ਅਫ਼ਸਰ 'ਤੇ ਪੁਲਿਸ ਵਲੋਂ ਕੀਤੇ ਹਮਲੇ ਵਿਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਹੋ ਰਹੀ ਹੈ ਅਤੇ ਗੁਰਬੰਸ ਸਿੰਘ ਬੈਂਸ ਅਕਾਲੀ ਦਲ ਦੀ ਸਰਕਾਰ ਦੇ ਖ਼ਿਲਾਫ਼ ਸਨ | ਉਨ੍ਹਾਂ ਕਿਹਾ 'ਆਪ' ਸਰਕਾਰ ਨੇ ਐਸ.ਆਈ. ਟੀ ਵਿਚ ਸਿਰਫ਼ 'ਅੰਮਿ੍ਤਧਾਰੀ' ਅਫ਼ਸਰ ਸ਼ਾਮਿਲ ਕਰਨ ਲਈ ਕੀਤੀ ਹਦਾਇਤ ਦੀ ਵੀ ਪ੍ਰਵਾਹ ਨਹੀਂ ਕੀਤੀ |
328 ਪਾਵਨ ਸਰੂਪਾਂ ਦਾ ਮਾਮਲਾ<br> ਡੀ.ਆਈ.ਜੀ. ਨਾਨਕ ਸਿੰਘ ਦੀ ਅਗਵਾਈ ਹੇਠ ਨਵੀਂ ਸਿੱਟ ਕੱਲ੍ਹ ਕਰੇਗੀ ਮੀਟਿੰਗ
ਅਜੀਤ ਡੈਸਕ
27-02-2026