17 ਚੌਕੀਆਂ 'ਤੇ ਕੀਤਾ ਕਬਜ਼ਾ-50 ਤੋਂ ਵੱਧ ਪਾਕਿ ਸੈਨਿਕ ਹਲਾਕ
ਅੰਮਿ੍ਤਸਰ, 26 ਫਰਵਰੀ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਤਣਾਅ ਫਿਰ ਵਧ ਗਿਆ ਹੈ | ਮੀਡੀਆ ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਵਲੋਂ ਪਾਕਿਸਤਾਨੀ ਹਵਾਈ ਹਮਲਿਆਂ ਦਾ ਜਵਾਬ ਦੇਣ ਲਈ ਕੀਤੀ ਗਈ ਕਾਰਵਾਈ ਦੇ ਚਲਦਿਆਂ ਹੁਣ ਤੱਕ ਅਫ਼ਗਾਨਿਸਤਾਨ ਦੇ ਵੱਖ-ਵੱਖ ਸੂਬਿਆਂ 'ਚ ਪਾਕਿਸਤਾਨੀ ਫ਼ੌਜੀ ਸ਼ਾਸਨ ਵਿਰੁੱਧ ਚੱਲ ਰਹੇ ਕਾਰਜਾਂ ਦੌਰਾਨ 17 ਪਾਕਿ ਫ਼ੌਜ ਦੀਆਂ ਚੌਕੀਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਕਈਆਂ ਨੂੰ ਤਬਾਹ ਕਰ ਦਿੱਤਾ ਹੈ | ਇਹ ਚੌਕੀਆਂ ਨੰਗਰਹਾਰ ਦੇ ਗੋਸ਼ਤਾ ਜ਼ਿਲ੍ਹੇ ਅਤੇ ਕੁਨਾਰ ਸੂਬੇ 'ਚ ਡੁਰੰਡ ਲਾਈਨ ਦੇ ਨੇੜੇ ਸਥਿਤ ਹਨ | ਅਫ਼ਗਾਨ ਮੀਡੀਆ ਮੁਤਾਬਿਕ ਅਫ਼ਗਾਨਿਸਤਾਨ ਦੇ ਨੰਗਰਹਾਰ, ਨੂਰੀਸਤਾਨ, ਕੁਨਾਰ, ਖੋਸਤ, ਪਕਤੀਆ ਅਤੇ ਪਕਤਿਕਾ ਵਰਗੇ ਸਰਹੱਦੀ ਖੇਤਰਾਂ 'ਚ ਦੋਵਾਂ ਧਿਰਾਂ ਵਿਚਕਾਰ ਲੜਾਈ ਜਾਰੀ ਹੈ | ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਪਾਕਿ ਦੇ ਹਵਾਈ ਹਮਲਿਆਂ ਦਾ ਫ਼ੌਜੀ ਤੌਰ 'ਤੇ ਜਵਾਬ ਦਿੱਤਾ ਜਾ ਰਿਹਾ ਹੈ | ਪਾਕਿ ਨੇ ਦਾਅਵਾ ਕੀਤਾ ਕਿ ਉਸ ਨੇ ਬੀਤੇ ਦਿਨੀਂ ਅਫ਼ਗਾਨਿਸਤਾਨ ਦੇ ਅੰਦਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਤੇ ਇਸਲਾਮਿਕ ਸਟੇਟ ਨਾਲ ਸੰਬੰਧਿਤ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ | ਜਦ ਕਿ ਤਾਲਿਬਾਨ ਵਲੋਂ ਪੇਸ਼ ਕੀਤੇ ਸਬੂਤਾਂ ਮੁਤਾਬਿਕ ਪਾਕਿ ਨੇ ਅਫ਼ਗਾਨਿਸਤਾਨ ਦੇ ਅੰਦਰ ਰਿਹਾਇਸ਼ੀ ਇਲਾਕਿਆਂ, ਸਕੂਲਾਂ ਅਤੇ ਮਸਜਿਦਾਂ 'ਤੇ ਹਵਾਈ ਹਮਲੇ ਕੀਤੇ ਸਨ | ਮੁਜਾਹਿਦ ਨੇ ਕਿਹਾ ਕਿ ਕਾਲਪਨਿਕ ਡੁਰੰਡ ਲਾਈਨ ਦੇ ਨਾਲ ਵੱਡੀਆਂ ਲੇਜ਼ਰ ਯੂਨਿਟਾਂ ਨੇ ਪਾਕਿਸਤਾਨੀ ਫ਼ੌਜੀ ਸ਼ਾਸਨ ਵਿਰੁੱਧ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ | ਇਹ ਯੂਨਿਟ ਹਨੇਰੇ ਦੀ ਆੜ 'ਚ ਦੁਸ਼ਮਣ ਦੀਆਂ ਸਾਰੀਆਂ ਫ਼ੌਜੀ ਚੌਕੀਆਂ ਨੂੰ ਆਸਾਨੀ ਨਾਲ ਖ਼ਤਮ ਕਰ ਦੇਣਗੇ ਅਤੇ ਅਫ਼ਗਾਨਿਸਤਾਨ 'ਚ ਨਿਰਦੋਸ਼ ਲੋਕਾਂ 'ਤੇ ਹਮਲੇ ਕਰਨ ਵਾਲੇ ਪਾਕਿ ਦੇ 'ਅੱਤਵਾਦੀ ਫ਼ੌਜੀਆਂ' ਨੂੰ ਨਰਕ 'ਚ ਭੇਜ ਦੇਣਗੇ | ਉਨ੍ਹਾਂ ਨੇ ਕਿਹਾ ਕਿ ਕਾਬੁਲ ਨੇੜਲੇ ਭਵਿੱਖ 'ਚ ਜਵਾਬੀ ਕਾਰਵਾਈ ਵਿਚ ਲਹਿੰਦੇ ਪੰਜਾਬ ਦੇ ਲਾਹੌਰ ਅਤੇ ਇਸਲਾਮਾਬਾਦ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਝਿਜਕੇਗਾ | ਅਫ਼ਗਾਨ ਫ਼ੌਜੀ ਅਧਿਕਾਰੀਆਂ ਮੁਤਾਬਿਕ ਪਾਕਿ ਦੀ ਪੰਜਾਬੀ ਫ਼ੌਜ ਆਪਣੀਆਂ ਚੌਕੀਆਂ ਛੱਡ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਆਤਮ-ਸਮਰਪਣ ਲਈ ਮਜਬੂਰ ਹੋਣਾ ਪਵੇਗਾ | ਇਸ ਦੌਰਾਨ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਦੀ 201 ਖ਼ਾਲਿਦ ਬਿਨ ਵਲੀਦ ਕੋਰ ਦੀ ਪਹਿਲੀ ਬਾਰਡਰ ਬਿ੍ਗੇਡ ਦੀ ਚੌਥੀ ਬਟਾਲੀਅਨ ਦੇ ਅਫ਼ਗਾਨ ਰੱਖਿਆ ਬਲਾਂ ਨੇ ਤੋਰਖਮ ਦੇ ਨੇੜੇ ਯਾਕਸਤਾਮੀ ਸ਼ਾਸਨ ਦੀ ਮਾਛੀਨੋ ਚੌਕੀ 'ਤੇ ਕਬਜ਼ਾ ਕਰ ਲਿਆ | ਦੂਜੇ ਪਾਸੇ, ਪਾਕਿਸਤਾਨ ਦੀ ਫ਼ੌਜ ਅਫ਼ਗਾਨਿਸਤਾਨ ਦੇ ਪਕਤੀਆ ਸੂਬੇ ਦੇ ਡੰਡ ਪਾਟਨ ਜ਼ਿਲ੍ਹੇ 'ਚ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ | ਉਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਪਾਕਿਸਤਾਨੀ ਮਿਲੀਸ਼ੀਆ ਦੇ ਹਮਲਿਆਂ ਦੇ ਕਾਰਨ ਡੰਡ ਪਾਟਨ ਜ਼ਿਲ੍ਹੇ 'ਚ ਬਹੁਤ ਸਾਰੇ ਪਰਿਵਾਰਾਂ ਨੂੰ ਰਾਤ ਨੂੰ ਆਪਣੇ ਘਰ ਛੱਡਣ ਅਤੇ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਸਥਾਨਕ ਨਿਵਾਸੀਆਂ ਦੇ ਅਨੁਸਾਰ ਪਾਕਿ ਦੀਆਂ ਫ਼ੌਜਾਂ ਮੋਰਟਾਰ ਅਤੇ ਤੋਪਖਾਨੇ ਦੀ ਵਰਤੋਂ ਕਰਕੇ ਦੂਰੋਂ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ |
ਅਫ਼ਗਾਨਿਸਤਾਨ ਵਲੋਂ ਪਾਕਿ 'ਤੇ ਜਵਾਬੀ ਹਮਲਾ <br/>
ਅਜੀਤ ਡੈਸਕ
27-02-2026