ਤਾਲਿਬਾਨ ਵਲੋਂ 50 ਤੋਂ ਵੱਧ ਪਾਕਿ ਸੈਨਿਕ ਮਾਰੇ ਜਾਣ ਦਾ ਦਾਅਵਾ
ਅਜੀਤ ਡੈਸਕ
27-02-2026
ਅਫ਼ਗਾਨਿਸਤਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਅਫ਼ਗਾਨ ਬਲਾਂ ਵਲੋਂ ਕੀਤੇ ਗਏ ਆਪ੍ਰੇਸ਼ਨਾਂ ਦੇ ਨਤੀਜੇ ਵਜੋਂ ਸ਼ੁਰੂਆਤੀ ਤੌਰ 'ਤੇ ਕੁਨਾਰ ਪ੍ਰਾਂਤ 'ਚ ਪਾਕਿਸਤਾਨ ਦੇ ਫ਼ੌਜੀ ਸ਼ਾਸਨ ਬਲਾਂ ਦੇ 50 ਤੋਂ ਵੱਧ ਮੈਂਬਰ ਮਾਰੇ ਗਏ | ਜਦਕਿ ਪਾਕਿ ਦੇ ਸੂਚਨਾ ਮੰਤਰਾਲੇ ਅਨੁਸਾਰ ਪਾਕਿਸਤਾਨ ਨੇ ਸਰਹੱਦ 'ਤੇ ਅਫ਼ਗਾਨ ਤਾਲਿਬਾਨ ਬਲਾਂ ਦੁਆਰਾ ਬਿਨਾਂ ਭੜਕਾਹਟ ਕੀਤੀ ਗਈ ਗੋਲੀਬਾਰੀ ਦਾ ਸਖ਼ਤ ਜਵਾਬ ਦਿੱਤਾ | ਅਧਿਕਾਰੀਆਂ ਨੇ ਕਿਹਾ ਕਿ ਅਫਗਾਨ ਤਾਲਿਬਾਨ ਲੜਾਕਿਆਂ ਦੀ ਗੋਲਾਬਾਰੀ ਦੇ ਜਵਾਬ 'ਚ ਪਾਕਿ ਦੇ ਸੁਰੱਖਿਆ ਬਲਾਂ ਨੇ ਚਿਤਰਾਲ, ਖੈਬਰ ਜ਼ਿਲ੍ਹਾ, ਮੋਹਮੰਦ ਜ਼ਿਲ੍ਹਾ, ਕੁਰਮ ਜ਼ਿਲ੍ਹਾ ਅਤੇ ਬਾਜੌਰ ਜ਼ਿਲ੍ਹੇ ਸਮੇਤ ਕਈ ਸਰਹੱਦੀ ਸੈਕਟਰਾਂ 'ਚ ਜਵਾਬੀ ਕਾਰਵਾਈ ਸ਼ੁਰੂ ਕੀਤੀ | ਮੰਤਰਾਲੇ ਵਲੋਂ ਦਿੱਤੀਆਂ ਗਈਆਂ ਸ਼ੁਰੂਆਤੀ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਗੋਲੀਬਾਰੀ 'ਚ ਅਫ਼ਗਾਨ ਤਾਲਿਬਾਨ ਨੂੰ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋਇਆ | ਪਾਕਿ ਦੀ ਜਵਾਬੀ ਕਾਰਵਾਈ ਦੌਰਾਨ ਉਨ੍ਹਾਂ ਦੀਆਂ ਕਈ ਸਰਹੱਦੀ ਚੌਕੀਆਂ ਤਬਾਹ ਵੀ ਹੋ ਗਈਆਂ | ਮੰਤਰਾਲੇ ਨੇ ਇਹ ਵੀ ਦਾਅਵਾ ਕੀਤਾ ਕਿ ਤਬਾਹ ਕੀਤੇ ਗਏ ਅਫ਼ਗਾਨ ਟਿਕਾਣਿਆਂ 'ਚ ਨੰਗਰਹਾਰ 'ਚ ਨਵਾਂ ਕੇਂਦਰ ਨੰਬਰ 1 ਅਤੇ ਨਵਾਂ ਕੇਂਦਰ ਨੰਬਰ 2, ਖੋਸਤ 'ਚ ਮੌਲਵੀ ਅੱਬਾਸ ਸੈਂਟਰ, ਨੰਗਰਹਾਰ 'ਚ ਹੀ ਇਸਲਾਮ ਸੈਂਟਰ, ਇਬਰਾਹਿਮ ਸੈਂਟਰ, ਪਕਤਿਕਾ 'ਚ ਮੁੱਲਾ ਰਹਿਬਰ ਸੈਂਟਰ ਤੇ ਮੁਖਲਿਸ ਯਾਰ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ |