ਗੁਰਦਾਸਪੁਰ, 5 ਮਾਰਚ (ਚੱਕਰਾਜਾ)-ਸਥਾਨਕ ਸ਼ਹਿਰ ਦੇ ਜੇਲ੍ਹ ਰੋਡ 'ਤੇ ਪੈਂਦੀ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ 5 ਵਿਖੇ ਅੱਜ ਸਵੇਰੇ 8.30 ਵਜੇ ਦੇ ਕਰੀਬ ਇਕ ਪਰਿਵਾਰ ਨੰੂ ਬੰਦੀ ਬਣਾ ਕੇ ਲੁਟੇਰਿਆਂ ਵਲੋਂ ਕਰੀਬ 7 ਕਰੋੜ ਦੇ ਗਹਿਣੇ, ਇਕ ਗੱਡੀ, ਮਹਿੰਗੇ ਮੋਬਾਈਲ ਫੋਨਾਂ ਸਮੇਤ 40 ਲੱਖ ਰੁਪਏ ਦੀ ਨਕਦੀ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਦਿੰਦੇ ਹੋਏ ਵਰੁਣ ਮਹਾਜਨ ਪੁੱਤਰ ਰਮੇਸ਼ ਕੁਮਾਰ ਨੇ ਦੱਸਿਆ ਕਿ 4 ਲੁਟੇਰੇ ਸਵੇਰੇ ਉਨ੍ਹਾਂ ਦੇ ਘਰ ਦੇ ਬਾਹਰ ਆਏ ਅਤੇ ਉਨ੍ਹਾਂ ਦੇ ਡਰਾਈਵਰ ਨੰੂ ਅੰਦਰ ਕਿਸੇ ਨੰੂ ਬੁਲਾਉਣ ਲਈ ਕਿਹਾ | ਜਦੋਂ ਡਰਾਈਵਰ ਅੰਦਰ ਆਇਆ ਤਾਂ ਉਕਤ ਲੁਟੇਰੇ ਵੀ ਉਸ ਦੇ ਪਿੱਛੇ ਹੀ ਅੰਦਰ ਆ ਗਏ, ਉਨ੍ਹਾਂ ਨੇ ਆਉਂਦੇ ਸਾਰ ਹੀ ਪਹਿਲਾਂ ਉਨ੍ਹਾਂ ਦੇ ਬੱਚਿਆਂ 'ਤੇ ਪਿਸਤੌਲ ਤਾਣ ਦਿੱਤੀ ਅਤੇ ਸਾਰੇ ਪਰਿਵਾਰ ਨੰੂ ਬੰਦੀ ਬਣਾ ਲਿਆ ਗਿਆ | ਉਨ੍ਹਾਂ ਦੇ ਹੱਥ-ਪੈਰ ਵੀ ਬੰਨ੍ਹ ਦਿੱਤੇ | ਉਸ ਤੋਂ ਬਾਅਦ ਲੁਟੇਰਿਆਂ ਨੇ ਆਪਣੇ ਬੈਗ ਵਿਚੋਂ ਕਟਰ ਕੱਢ ਕੇ ਬੱਚਿਆਂ ਦੀਆਂ ਉਂਗਲਾਂ ਕੱਟਣ ਦੀ ਧਮਕੀ ਦੇ ਕੇ ਕਿਹਾ ਕਿ ਸਾਰਾ ਸੋਨਾ ਅਤੇ ਪੈਸੇ ਉਨ੍ਹਾਂ ਦੇ ਹਵਾਲੇ ਕਰ ਦਿਓ, ਜਿਸ 'ਤੇ ਸਾਰਾ ਪਰਿਵਾਰ ਸਹਿਮ ਗਿਆ ਤੇ ਉਨ੍ਹਾਂ ਨੇ ਘਰ ਵਿਚ ਪਏ ਸਾਰੇ ਸਾਮਾਨ ਬਾਰੇ ਜਾਣਕਾਰੀ ਲੁਟੇਰਿਆਂ ਨੰੂ ਦੇ ਦਿੱਤੀ | ਲੁਟੇਰੇ ਕਰੀਬ ਡੇਢ ਘੰਟਾ ਉਨ੍ਹਾਂ ਦੇ ਘਰ ਅੰਦਰ ਫਰੋਲਾ-ਫਰਾਲੀ ਕਰਦੇ ਰਹੇ ਤੇ ਕਰੀਬ 7 ਕਰੋੜ ਦੇ ਗਹਿਣੇ, 40 ਲੱਖ ਰੁਪਏ ਨਕਦੀ, ਮਹਿੰਗੇ ਮੋਬਾਈਲ ਫੋਨ ਤੇ ਇਕ ਗੱਡੀ ਲੈ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਜਾਂਦੇ ਕੈਮਰਿਆਂ ਦੇ ਡੀ.ਵੀ.ਆਰ. ਵੀ ਨਾਲ ਲੈ ਗਏ | ਜਿਸ ਤੋਂ ਬਾਅਦ ਪਰਿਵਾਰ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੰੂ ਦਿੱਤੀ ਗਈ ਅਤੇ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਛਾਣਬੀਣ ਕੀਤੀ ਗਈ | ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੰੂ ਜਲਦ ਕਾਬੂ ਕੀਤਾ ਜਾਵੇ | ਮੌਕੇ 'ਤੇ ਪਹੁੰਚੇ ਐਸ.ਐਸ.ਪੀ. ਆਦਿੱਤਿਆ ਵਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਪੁਲਿਸ ਨੰੂ ਕੁਝ ਸੁਰਾਗ ਮਿਲੇ ਹਨ ਅਤੇ ਜਲਦ ਹੀ ਦੋਸ਼ੀਆਂ ਤੱਕ ਪਹੁੰਚ ਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਘਟਨਾ ਸੰਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵੀ ਉਨ੍ਹਾਂ ਦੇ ਗ੍ਰਹਿ ਪਹੁੰਚੇ ਅਤੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਜਲਦ ਹੀ ਦੋਸ਼ੀਆਂ ਨੰੂ ਕਾਬੂ ਕਰ ਲਿਆ ਜਾਵੇਗਾ |