ਵਾਸ਼ਿੰਗਟਨ/ਨਵੀਂ ਦਿੱਲੀ, 11 ਮਾਰਚ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਕਸਾਸ ਦੇ ਬਰਾਉਨਸਵਿਲੇ 'ਚ 300 ਅਰਬ ਡਾਲਰ ਦੀ ਇਕ ਵੱਡੀ ਤੇਲ ਰਿਫਾਇਨਰੀ ਬਣਾਉਣ ਦਾ ਐਲਾਨ ਕੀਤਾ ਹੈ | ਇਹ ਐਲਾਨ ਨਾ ਕੇਵਲ ਅਮਰੀਕਾ ਦੇ ਊਰਜਾ ਖੇਤਰ ਲਈ ਇਕ ਮੀਲ ਪੱਥਰ ਹੈ ਬਲਕਿ ਭਾਰਤ ਤੇ ਅਮਰੀਕਾ ਵਿਚਾਲੇ ਮਜ਼ਬੂਤ ਹੁੰਦੇ ਵਪਾਰਕ ਰਿਸ਼ਤਿਆਂ ਦਾ ਵੀ ਸਬੂਤ ਹੈ | ਟਰੰਪ ਨੇ ਇਸ ਅਹਿਮ ਪ੍ਰਾਜੈਕਟ ਨੂੰ ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡਾ ਸੌਦਾ ਕਰਾਰ ਦਿੰਦੇ ਹੋਏ ਭਾਰਤੀ ਦਿਗਜ਼ ਕੰਪਨੀ ਰਿਲਾਇੰਸ ਇੰਡਸਟਰੀ ਦੇ ਨਿਵੇਸ਼ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ | ਇਹ ਰਿਫਾਇਨਰੀ ਅਮਰੀਕਾ ਦੇ ਇਤਿਹਾਸ 'ਚ ਪਿਛਲੇ 50 ਸਾਲਾਂ 'ਚ ਬਣਨ ਵਾਲੀ ਪਹਿਲੀ ਨਵੀਂ ਤੇਲ ਰਿਫਾਇਨਰੀ ਹੋਵੇਗੀ | ਟਰੰਪ ਨੇ ਸੋਸ਼ਲ ਮੀਡੀਆ ਮੰਚ ਟੁੁੱਥ ਸੋਸ਼ਲ 'ਤੇ ਲਿਖਿਆ ਕਿ ਅਮਰੀਕਾ ਵਾਪਸ ਅਸਲੀ ਊਰਜਾ ਪ੍ਰਭੂਤਵ ਵੱਲ ਪਰਤ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ 300 ਅਰਬ ਡਾਲਰ ਦਾ ਇਤਿਹਾਸਕ ਸੌਦਾ ਅਮਰੀਕੀ ਕਿਰਤਾਂ, ਊਰਜਾ ਸੁਤੰਤਰਤਾ ਤੇ ਦੱਖਣੀ ਟੈਕਸਾਸ ਦੇ ਲੋਕਾਂ ਲਈ ਇਕ ਵੱਡੀ ਜਿੱਤ ਹੈ | ਟਰੰਪ ਨੇ ਪੋਸਟ 'ਚ ਕਿਹਾ ਕਿ ਸਾਡੇ ਭਾਰਤੀ ਭਾਈਵਾਲ ਤੇ ਉਸ ਦੀ ਸਭ ਤੋਂ ਵੱਡੀ ਪ੍ਰਾਈਵੇਟ ਐਨਰਜੀ ਕੰਪਨੀ ਰਿਲਾਇੰਸ ਨੂੰ ਇਸ ਸ਼ਾਨਦਾਰ ਨਿਵੇਸ਼ ਲਈ ਬਹੁਤ ਬਹੁਤ ਧੰਨਵਾਦ | ਮਾਹਰਾਂ ਦਾ ਮੰਨਣਾ ਹੈ ਕਿ ਰਿਲਾਇੰਸ ਦਾ ਇਹ ਨਿਵੇਸ਼ ਭਾਰਤ-ਅਮਰੀਕਾ ਵਿਚਾਲੇ ਊਰਜਾ ਸੰਬੰਧਾਂ ਨੂੰ ਇਕ ਨਵੀਂ ਉਚਾਈ 'ਤੇ ਲੈ ਜਾਵੇਗਾ |