14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਡੀ.ਐਮ. ਰੰਧਾਵਾ ਮਾਮਲੇ ਨੂੰ ਲੈ ਕੇ ਭਾਜਪਾ ਵਲੋਂ ਰੋਸ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026

ਬਿੱਟੂ, ਚੁੱਘ, ਜਾਖੜ ਤੇ ਹੋਰਨਾਂ ਆਗੂੁਆਂ ਨੇ 'ਆਪ ਸਰਕਾਰ' ਦੀ ਕੀਤੀ ਆਲੋਚਨਾ
ਅੰਮਿ੍ਤਸਰ, 4 ਅਪ੍ਰੈਲ (ਜਸਵੰਤ ਸਿੰਘ ਜੱਸ)-ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਸਮੇਤ ਅੱਜ ਹੋਰ ਸੀਨੀਅਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਗੁਦਾਮ ਨਿਗਮ ਦੇ ਡੀ. ਐਮ. ਗਗਨਦੀਪ ਸਿੰਘ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਦੀ ਨਿਰਪੱਖ ਜਾਂਚ ਸੀ.ਬੀ.ਆਈ. ਤੋਂ ਕਰਾਏ ਜਾਣ, ਚੰਡੀਗੜ੍ਹ 'ਚ ਭਾਜਪਾ ਦਫ਼ਤਰ 'ਤੇ ਬੰਬ ਸੁੱਟੇ ਜਾਣ ਦੀ ਵਾਪਰੀ ਘਟਨਾ ਅਤੇ ਹੁਸ਼ਿਆਰਪੁਰ ਵਿਖੇ ਬਾਬਾ ਸਾਹਿਬ ਦੇ ਬੁੱਤ ਦਾ ਅਪਮਾਨ ਕਰਨ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਸਥਾਨਕ ਪ੍ਰਮੁੱਖ ਵਪਾਰਕ ਕੇਂਦਰ ਹਾਲ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਦੀ 'ਆਪ' ਸਰਕਾਰ ਦੀ ਕਰੜੀ ਆਲੋਚਨਾ ਕੀਤੀ ਗਈ | ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਮਲੇ ਦੀ ਗੰਭੀਰਤਾ ਅਤੇ ਪੀੜ੍ਹਤ ਪਰਿਵਾਰ ਦੀ ਮੰਗ ਅਨੁਸਾਰ ਤੁਰੰਤ ਸੀ.ਬੀ.ਆਈ. ਜਾਂਚ ਦੇ ਆਦੇਸ਼ ਦੇਣੇ ਚਾਹੀਦੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਰਾਜ ਦੀ ਮਸ਼ੀਨਰੀ ਦਾ ਕਥਿਤ ਦੁਰਉਪਯੋਗ ਕਰਕੇ ਸੱਤਾ ਵਿਚ ਬੈਠੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸੀ.ਬੀ.ਆਈ. ਜਾਂਚ ਦੀ ਮੰਗ ਵਾਲੇ ਪੱਤਰ 'ਤੇ ਦਸਤਖਤ ਨਾ ਕਰਨ ਲਈ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਤੋਂ ਪ੍ਰਧਾਨਗੀ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰ, ਜਿਨ੍ਹਾਂ ਵਿਚ ਆਪ ਪਾਰਟੀ ਦੇ ਸੰਸਦ ਮੈਂਬਰ ਵੀ ਸ਼ਾਮਿਲ ਹਨ, ਨੂੰ ਰੰਧਾਵਾ ਪਰਿਵਾਰ ਦੀ ਇੱਛਾ ਅਨੁਸਾਰ ਸੀ.ਬੀ.ਆਈ. ਜਾਂਚ ਵਾਲੇ ਪੱਤਰ 'ਤੇ ਦਸਤਖਤ ਕਰਨੇ ਚਾਹੀਦੇ ਹਨ | ਉਨ੍ਹਾਂ ਆਪ ਸਰਕਾਰ ਦੀ ਆਲੋਚਨਾ ਕਰਦਿਆਂ ਪੰਜਾਬ ਵਿਚ ਅਮਨ ਸ਼ਾਂਤੀ, ਵਿਕਾਸ ਤੇ ਖੁਸ਼ਹਾਲੀ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਦੀ ਵਕਾਲਤ ਕੀਤੀ | ਭਾਜਪਾ ਦੇ ਕੌਮੀ ਜਨ: ਸਕੱਤਰ ਤਰੁਣ ਚੁੱਘ ਨੇ ਵੀ 'ਆਪ' ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਕਿ ਆਪ ਸਰਕਾਰ ਚੋਣਾਂ ਵਿਚ ਲਾਭ ਲੈਣ ਲਈ ਪੰਜਾਬ ਵਿਚ ਡਰ ਅਤੇ ਅਸਥਿਰਤਾ ਦਾ ਮਾਹੌਲ ਪੈਦਾ ਕਰਨ ਵਾਸਤੇ ਦੇਸ਼ ਵਿਰੋਧੀ ਅਨਸਰਾਂ ਨਾਲ ਮਿਲ ਕੇ ਕਥਿਤ ਸਾਜ਼ਿਸ਼ ਰਚ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿਚ ਸੱਤਾ ਦੀ ਖੁੱਲ੍ਹੀ ਦੁਰਵਰਤੋਂ ਹੋ ਰਹੀ ਹੈ ਅਤੇ ਆਮ ਲੋਕਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ | ਡੀ.ਐੱਮ. ਰੰਧਾਵਾ ਮਾਮਲੇ ਸੰਬੰਧੀ ਉਨ੍ਹਾਂ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਭੁੱਲਰ ਨੂੰ ਵੀ.ਆਈ.ਪੀ. ਸਹੂਲਤਾਂ ਦੇਣ ਦੇ ਵੀ ਦੋਸ਼ ਲਾਏ | ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਤੱਕ ਡੀ.ਐੱਮ ਭੁੱਲਰ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਭਾਜਪਾ ਵਲੋਂ ਲੜਾਈ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਸਮੇਤ ਪੰਜਾਬ ਵਿਚ ਗ੍ਰਨੇਡ ਹਮਲੇ, ਫਿਰੌਤੀਆਂ, ਫੇਕ ਐਨਕਾਊਾਟਰਾਂ ਵਿਰੁੱਧ ਭਾਜਪਾ ਇਨਸਾਫ ਦੀ ਲੜਾਈ ਲੜ ਰਹੀ ਹੈ ਤਾਂ ਕਿ ਭਾਵੇਂ ਕੋਈ ਮੰਤਰੀ ਹੋਵੇ ਜਾਂ ਸੰਤਰੀ ਹੋਵੇ, ਪੰਜਾਬ ਵਿਚ ਅਮਨ ਤੇ ਕਾਨੂੰਨ ਦਾ ਰਾਜ ਹੋਵੇ | ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਅਸ਼ਵਨੀ ਸ਼ਰਮਾ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ, ਹਰਵਿੰਦਰ ਸਿੰਘ ਸੰਧੂ, ਅਮਰਪਾਲ ਸਿੰਘ ਬੋਨੀ ਅਜਨਾਲਾ, ਗੁਰਪ੍ਰਤਾਪ ਸਿੰਘ ਟਿੱਕਾ, ਹਰਜਿੰਦਰ ਸਿੰਘ ਠੇਕੇਦਾਰ, ਅਜੈਬੀਰਪਾਲ ਸਿੰਘ ਰੰਧਾਵਾ ਅਤੇ ਖੁਦਕਸ਼ੀ ਕਰਨ ਵਾਲੇ ਡੀ.ਐੱਮ. ਦੇ ਭਰਾਤਾ ਵਰਿੰਦਰਪਾਲ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ ਪਰ ਇਥੇ ਜ਼ਿਕਰਯੋਗ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਰੋਸ ਧਰਨੇ ਵਿਚ ਜ਼ਿਆਦਾ ਅਤੇ ਭਾਜਪਾ ਵਰਕਰ ਘੱਟ ਗਿਣਤੀ ਵਿਚ ਨਜ਼ਰ ਆਏ |
ਰੋਸ ਧਰਨੇ ਦੌਰਾਨ ਜਾਮ ਲੱਗਣ ਕਾਰਨ ਸ਼ਹਿਰ ਵਾਸੀ ਤੇ ਸੈਲਾਨੀ ਕਈ ਘੰਟੇ ਹੋਏ ਪ੍ਰੇਸ਼ਾਨ

ਇਥੇ ਜ਼ਿਕਰਯੋਗ ਹੈ ਕਿ ਭਾਜਪਾ ਵਲੋਂ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਹਾਲ ਬਾਜ਼ਾਰ ਦੇ ਹਾਲ ਗੇਟ ਦੇ ਬਾਹਰ ਦਿੱਤੇ ਰੋਸ ਧਰਨੇ ਕਾਰਨ ਭੰਡਾਰੀ ਪੁਲ ਦੇ ਆਸ-ਪਾਸ ਤੇ ਖੇਤਰਾਂ ਵਿਚ ਵਾਹਨਾਂ ਦੇ ਲੰਬੇ ਜਾਮ ਲੱਗ ਗਏ ਜਿਸ ਕਾਰਨ ਸ਼ਹਿਰ ਵਾਸੀਆਂ ਤੇ ਬਾਹਰੋਂ ਆਏ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਤੇ ਕਸ਼ਮੀਰ 'ਚ ਤਾਜ਼ਾ ਬਰਫ਼ਬਾਰੀ ਮੈਦਾਨੀ ਇਲਾਕਿਆਂ 'ਚ ਮੀਂਹ ਤੇ ਗੜੇਮਾਰੀ ਅਗਲੀ ਖ਼ਬਰ ਕਿਸਾਨ ਤੇ ਟੈਕਸੀ ਯੂਨੀਅਨਾਂ ਨੇ ਕੀਰਤਪੁਰ-ਮਨਾਲੀ ਰਾਸ਼ਟਰੀ ਮਾਰਗ 'ਤੇ 7 ਘੰਟੇ ਲਗਾਇਆ ਜਾਮ
Ad Position 24