ਮਾਮਲਾ ਪੰਜਾਬ ਹਿਮਾਚਲ ਪ੍ਰਦੇਸ਼ ਐਂਟਰੀ ਟੈਕਸ ਦਾ
ਕੀਰਤਪੁਰ ਸਾਹਿਬ, 4 ਅਪ੍ਰੈਲ (ਬੀਰ ਅੰਮਿ੍ਤਪਾਲ ਸਿੰਘ ਸੰਨੀ)-ਹਿਮਾਚਲ ਪ੍ਰਦੇਸ਼ ਵਲੋਂ ਲਗਾਤਾਰ ਵਧਾਏ ਜਾ ਰਹੇ ਐਂਟਰੀ ਟੈਕਸ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਬਦਲਦੇ ਬਿਆਨਾਂ ਤੋਂ ਬਾਅਦ ਪੰਜਾਬ-ਹਿਮਾਚਲ ਹੱਦ 'ਤੇ ਹਾਲਾਤ ਤਣਾਅਪੂਰਨ ਬਣ ਗਏ ਹਨ | ਇਸ ਮਾਮਲੇ ਨੂੰ ਲੈ ਕੇ ਅੱਜ ਵੱਖ-ਵੱਖ ਕਿਸਾਨ ਅਤੇ ਟੈਕਸੀ ਯੂਨੀਅਨਾਂ ਵਲੋਂ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ ਨੂੰ ਪਿੰਡ ਦੇਹਣੀ ਬਘੇਰੀ ਟੀ-ਪੁਆਇੰਟ 'ਤੇ ਕਰੀਬ ਸੱਤ ਘੰਟੇ ਲਈ ਜਾਮ ਕਰ ਦਿੱਤਾ ਗਿਆ | ਜਾਮ ਦੌਰਾਨ ਹਿਮਾਚਲ ਵੱਲ ਕਰੀਬ 20 ਕਿੱਲੋਮੀਟਰ ਅਤੇ ਪੰਜਾਬ ਵੱਲ ਕੀਰਤਪੁਰ ਸਾਹਿਬ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਹਜ਼ਾਰਾਂ ਯਾਤਰੀ ਜਾਮ ਵਿਚ ਫਸੇ ਰਹੇ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ | ਸਥਿਤੀ ਨੂੰ ਸੰਭਾਲਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਮੌਕੇ 'ਤੇ ਪਹੁੰਚੇ ਅਤੇ ਸੰਘਰਸ਼ ਕਰ ਰਹੇ ਆਗੂਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਹਿਮਾਚਲ ਸਰਕਾਰ ਐਂਟਰੀ ਟੈਕਸ ਵਾਪਸ ਨਹੀਂ ਲੈਂਦੀ ਤਾਂ ਪੰਜਾਬ ਸਰਕਾਰ ਵੀ ਐਂਟੀ ਰੈਸੀਪ੍ਰੋਕਲ ਟੈਕਸ ਲਗਾਉਣ ਵੱਲ ਅੱਗੇ ਵੱਧ ਰਹੀ ਹੈ, ਜਿਸ ਸੰਬੰਧੀ ਮੁੱਖ ਮੰਤਰੀ ਵਲੋਂ ਪਹਿਲਾਂ ਹੀ ਬਿਆਨ ਜਾਰੀ ਕੀਤਾ ਜਾ ਚੁੱਕਾ ਹੈ | ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਹਿਮਾਚਲ ਦੇ 1975 ਟੋਲ ਐਕਟ ਨਾਲ ਜੁੜੀਆਂ ਨੀਤੀਆਂ ਨੂੰ ਚੁਣੌਤੀ ਦੇਣ ਲਈ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰੇਗੀ | ਇਸ ਲਈ ਸੰਘਰਸ਼ ਕਮੇਟੀ ਵਲੋਂ ਚੁਣੇ ਜਾਣ ਵਾਲੇ ਵਕੀਲ ਨੂੰ ਵੀ ਸਰਕਾਰ ਵਲੋਂ ਮਨਜ਼ੂਰੀ ਦਿੱਤੀ ਜਾਵੇਗੀ | ਉਨ੍ਹਾਂ ਸੰਘਰਸ਼ਕਾਰੀਆਂ ਨੂੰ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਉਨ੍ਹਾਂ ਦੀ ਮੀਟਿੰਗ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਰਵਾਈ ਜਾਵੇਗੀ | ਇਸ ਮੌਕੇ ਹਿਮਾਚਲ ਪ੍ਰਦੇਸ਼ ਟੈਕਸੀ ਯੂਨੀਅਨ ਦੇ ਪ੍ਰਧਾਨ ਰਾਮ ਰਤਨ ਸ਼ਰਮਾ ਵੀ ਸੰਘਰਸ਼ਕਾਰੀਆਂ ਦੇ ਹੱਕ ਵਿਚ ਪਹੁੰਚੇ | ਉਨ੍ਹਾਂ ਦੱਸਿਆ ਕਿ ਹਿਮਾਚਲ ਦੇ ਸਰਹੱਦੀ ਇਲਾਕਿਆਂ ਦੇ ਵਿਧਾਇਕ ਅਤੇ ਮੰਤਰੀ ਵੀ ਇਸ ਮਸਲੇ 'ਤੇ ਗੰਭੀਰ ਹਨ | ਉਨ੍ਹਾਂ ਵਲੋਂ ਦੋਵਾਂ ਰਾਜਾਂ ਦੀ ਇੰਟਰਸਟੇਟ ਮੀਟਿੰਗ ਮੰਗਲਵਾਰ ਨੂੰ ਕਰਵਾਉਣ ਦਾ ਸੱਦਾ ਦਿੱਤਾ ਗਿਆ ਹੈ | ਇਸ ਭਰੋਸੇ ਤੋਂ ਬਾਅਦ ਸੰਘਰਸ਼ ਕਮੇਟੀ ਵਲੋਂ ਅਸਥਾਈ ਤੌਰ 'ਤੇ ਚੱਕਾ ਜਾਮ ਖਤਮ ਕਰ ਦਿੱਤਾ ਗਿਆ | ਸੰਘਰਸ਼ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੀਟਿੰਗਾਂ ਵਿਚ ਕੋਈ ਢੁੱਕਵਾਂ ਨਤੀਜਾ ਨਾ ਨਿਕਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ, ਜਵਾਹਰ ਸਿੰਘ ਮੱਲੀ, ਤੀਰਥ ਪਾਲ ਸਿੰਘ ਸੰਧੂ, ਰਮਨ ਸੰਧੂ, ਸੁਖਜੀਤ ਸਿੰਘ ਬੈਣੀਪਾਲ, ਰਿੰਕੂ ਕੁਮਾਰ, ਅਬੀ ਠਾਕੁਰ, ਕਰਨਵੀਰ ਸਿੰਘ ਸਿੱਧੂ, ਕਾਕਾ ਸੈਣੀ, ਹਰਪ੍ਰੀਤ ਸਿੰਘ ਭੱਟੋ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਡਾ. ਦਵਿੰਦਰ ਬਜਾੜ, ਸੋਹਣ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ, ਹਿਮਾਂਸ਼ੂ ਟੰਡਨ ਪ੍ਰਧਾਨ ਬਲਾਕ ਕਾਂਗਰਸ, ਖੁਸ਼ਹਾਲ ਸਿੰਘ ਬਰੂਵਾਲ, ਰਮਜਾਨ ਖਾਨ ਅਤੇ ਦਰਸ਼ਨ ਸਿੰਘ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਸੰਘਰਸ਼ਕਾਰੀ ਮੌਜੂਦ ਸਨ |
ਕਿਸਾਨ ਤੇ ਟੈਕਸੀ ਯੂਨੀਅਨਾਂ ਨੇ ਕੀਰਤਪੁਰ-ਮਨਾਲੀ ਰਾਸ਼ਟਰੀ ਮਾਰਗ 'ਤੇ 7 ਘੰਟੇ ਲਗਾਇਆ ਜਾਮ
ਅਜੀਤ ਡੈਸਕ
05-04-2026