ਖੁੱਡੀਆਂ ਵਲੋਂ ਅਧਿਕਾਰੀਆਂ ਨੂੰ ਕਣਕ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਯਕੀਨੀ ਬਣਾਉਣ ਦੇ ਨਿਰਦੇਸ਼
ਚੰਡੀਗੜ੍ਹ, 8 ਅਪ੍ਰੈਲ (ਅਜਾਇਬ ਸਿੰਘ ਅÏਜਲਾ)-ਚੰਡੀਗੜ੍ਹ 'ਚ ਕਿਸਾਨ ਭਵਨ ਵਿਖੇ ਅੱਜ ਪੰਜਾਬ ਆੜ੍ਹਤੀਆ ਫੈਡਰੇਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਹੇਠ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਦਰਮਿਆਨ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ | ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਰਿੰਦਰ ਕੁਮਾਰ ਗੋਇਲ ਸਮੇਤ ਸੀਨੀਅਰ ਅਧਿਕਾਰੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਮੀਟਿੰਗ ਵਿਚ ਆੜ੍ਹਤੀਆਂ ਵਲੋਂ ਢਾਈ ਪ੍ਰਤੀਸ਼ਤ ਆੜ੍ਹਤ ਦੇਣ ਦੇ ਮੁੱਦੇ ਨੂੰ ਵਿਸ਼ੇਸ਼ ਤੌਰ 'ਤੇ ਚੁੱਕਿਆ ਗਿਆ | ਇਸ ਦੇ ਨਾਲ ਹੀ ਹੋਰ ਮੰਗਾਂ ਸੰਬੰਧੀ ਮੰਤਰੀਆਂ ਨੂੰ ਜਾਣੂ ਕਰਵਾਇਆ ਗਿਆ | ਮੰਤਰੀਆਂ ਨਾਲ ਹੋਈ ਗੱਲਬਾਤ ਦਰਮਿਆਨ ਪ੍ਰਧਾਨ ਵਿਜੈ ਕਾਲੜਾ ਨੇ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਹੜਤਾਲ ਖ਼ਤਮ ਨਹੀਂ ਕੀਤੀ ਗਈ ਬਲਕਿ ਮੁਲਤਵੀ ਕੀਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ 9 ਅਪ੍ਰੈਲ ਤੋਂ ਪੰਜਾਬ ਦੀਆਂ ਮੰਡੀਆਂ 'ਚ ਆਮ ਵਾਂਗ ਕੰਮਕਾਜ ਹੋਵੇਗਾ | ਇਸੇ ਦੌਰਾਨ ਖੁੱਡੀਆਂ ਨੇ ਇਹ ਵੀ ਕਿਹਾ ਕਿ ਜਿਥੋਂ ਤੱਕ ਆੜ੍ਹਤੀਆਂ ਦੀਆਂ ਮੰਗਾਂ ਦਾ ਕੇਂਦਰ ਨਾਲ ਸੰਬੰਧ ਹੈ, ਅਸੀਂ ਇਨ੍ਹਾਂ ਨਾਲ ਰਲ-ਮਿਲ ਕੇ ਨਜਿੱਠਣ ਦਾ ਯਤਨ ਕਰਾਂਗੇ | ਇਸੇ ਤਰ੍ਹਾਂ ਦਾ ਪ੍ਰਗਟਾਵਾ ਮੰਤਰੀ ਗੋਇਲ ਵਲੋਂ ਵੀ ਕੀਤਾ ਗਿਆ | ਮੀਟਿੰਗ ਵਿਚ ਵਿਜੈ ਕਾਲੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਦਿਨੀਂ ਆੜ੍ਹਤੀਆਂ ਬਾਰੇ ਦਿੱਤੇ ਬਿਆਨ ਪ੍ਰਤੀ ਵੀ ਸਮੁੱਚੇ ਆੜ੍ਹਤੀਆਂ 'ਚ ਪਾਏ ਜਾ ਰਹੇ ਰੋਸ ਨੂੰ ਮੰਤਰੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ 'ਸਾਨੂੰ ਗੱਲ ਲਾਓ, ਦੁਰਕਾਰੋ ਨਾ' | ਜਿਸ 'ਤੇ ਕੈਬਨਿਟ ਮੰਤਰੀ ਖੱੁਡੀਆਂ ਨੇ ਕਿਹਾ ਕਿ ਜੇਕਰ ਕਿਸੇ ਦੇ ਮਨ ਨੂੰ ਇਸ ਨਾਲ ਕੋਈ ਠੇਸ ਪੁੱਜੀ ਹੈ, ਤਾਂ ਉਹ ਆੜ੍ਹਤੀਆਂ ਤੋਂ ਇਸ ਗੱਲ ਲਈ ਮੁਆਫ਼ੀ ਮੰਗਦੇ ਹਨ | ਉਨ੍ਹਾਂ ਨੇ ਆੜ੍ਹਤੀਆਂ ਨੂੰ ਪੰਜਾਬ ਅਤੇ ਕਿਸਾਨਾਂ ਦੇ ਹਿੱਤ ਵਿਚ ਕੰਮ ਕਰਨ ਲਈ ਅਪੀਲ ਵੀ ਕੀਤੀ | ਉਨ੍ਹਾਂ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਗੱਲਬਾਤ ਲਈ ਖੁੱਲ੍ਹੇ ਹਨ | ਇਸ ਮੌਕੇ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਨ ਕਿ ਸਰਕਾਰ ਤੁਹਾਡੇ ਨਾਲ ਹੈ | ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਮੰਗੀ ਆੜ੍ਹਤ ਮਿਲਣੀ ਚਾਹੀਦੀ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਆੜ੍ਹਤੀ ਨਾਲ ਪੰਜਾਬ ਦੀ ਆਰਥਿਕਤਾ ਜੁੜੀ ਹੋਈ ਹੈ | ਕੇਂਦਰ ਸਾਡੇ ਨਾਲ ਵਿਤਕਰਾ ਕਰ ਰਿਹਾ ਹੈ | ਅਧਿਕਾਰੀਆਂ ਨੂੰ ਕਣਕ ਦੀ ਸੁਚਾਰੂ, ਪਾਰਦਰਸ਼ੀ ਅਤੇ ਨਿਰਵਿਘਨ ਖ਼ਰੀਦ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਮੰਤਰੀ ਖੁੱਡੀਆਂ ਨੇ ਪੰਜਾਬ ਸਰਕਾਰ ਦੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਵਚਨਬੱਧਤਾ ਦੁਹਰਾਈ ਅਤੇ ਆੜ੍ਹਤੀਆਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ |
ਆੜ੍ਹਤੀਆਂ ਵਲੋਂ ਹੜਤਾਲ ਵਾਪਸ ਲੈਣ 'ਤੇ ਮੰਡੀਆਂ 'ਚ ਆਮ ਵਾਂਗ ਖ਼ਰੀਦ ਸ਼ੁਰੂ
ਅਜੀਤ ਡੈਸਕ
09-04-2026