21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲੋਕ ਸਭਾ 'ਚ ਬਜਟ ਇਜਲਾਸ ਦੌਰਾਨ ਮਨੀਸ਼ ਤਿਵਾੜੀ ਤੇ ਮਾਲਵਿੰਦਰ ਸਿੰਘ ਕੰਗ ਰਹੇ ਸਭ ਤੋਂ ਸਰਗਰਮ

Ad Position 21
No active advertisement
ਅਜੀਤ ਡੈਸਕ 10-04-2026

ਰਾਜ ਸਭਾ 'ਚ ਸਤਨਾਮ ਸਿੰਘ ਸੰਧੂ ਤੇ ਰਾਘਵ ਚੱਢਾ ਲੋਕ ਮੁੱਦੇ ਉਠਾਉਣ 'ਚ ਰਹੇ ਮੋਹਰੀ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 9 ਅਪ੍ਰੈਲ-ਸੰਸਦ 'ਚ ਲੋਕਾਂ ਦੀ ਆਵਾਜ਼ ਬਣਨ ਲਈ ਭੇਜੇ ਗਏ ਚੁਣੇ ਹੋਏ ਨੁਮਾਇੰਦੇ ਆਖਰ ਲੋਕਹਿਤ ਮੁੱਦਿਆਂ ਲਈ ਆਪਣੀ ਆਵਾਜ਼ ਕਿੰਨੀ ਕੁ ਬੁਲੰਦ ਕਰਦੇ ਹਨ, ਇਸ ਦੀ ਘੋਖ ਕਰਨ ਲਈ ਜਦੋਂ 'ਅਜੀਤ' ਨੇ ਹਾਲ 'ਚ ਬਜਟ ਇਜਲਾਸ ਦੇ ਪਹਿਲੇ ਅਤੇ ਦੂਜੇ ਪੜਾਅ 'ਚ ਪੰਜਾਬ ਦੇ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਦੀ ਪੜਤਾਲ ਕੀਤੀ ਤਾਂ ਕੁਝ ਆਵਾਜ਼ਾਂ ਤਾਂ ਦੋਹਾਂ ਸਦਨਾਂ 'ਚ ਗੱਜਦੀਆਂ ਨਜ਼ਰ ਆਈਆਂ, ਪਰ ਕੁਝ ਕੁ ਆਪਣੀ ਮੌਜੂਦਗੀ ਮੁਸ਼ਕਿਲ ਨਾਲ ਦਰਜ ਕਰਵਾ ਪਾਈਆਂ | ਲੋਕ ਸਭਾ 'ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ 'ਚ ਜਿਥੇ ਕਾਂਗਰਸ ਦੇ ਮਨੀਸ਼ ਤਿਵਾੜੀ, 'ਆਪ' ਦੇ ਮਾਲਵਿੰਦਰ ਸਿੰਘ ਕੰਗ ਵੱਖ-ਵੱਖ ਮਾਪਦੰਡਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਨਜ਼ਰ ਆਏ, ਉਥੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਆਪਣੀ ਮੌਜੂਦਗੀ ਅਤੇ ਲੋਕਹਿਤ ਮੁੱਦੇ ਉਠਾਉਣ ਦੇ ਮਾਮਲੇ 'ਚ ਕਾਫੀ ਨਿਰਾਸ਼ ਕੀਤਾ | ਰਾਜ ਸਭਾ 'ਚ ਕੇਂਦਰ ਵਲੋਂ ਨਾਮਜ਼ਦ ਮੈਂਬਰ ਸਤਨਾਮ ਸਿੰਘ ਸੰਧੂ ਹਰ ਪੈਮਾਨੇ 'ਤੇ ਮੋਹਰੀ ਬਣੇ ਨਜ਼ਰ ਆਏ | ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਅਤੇ ਅਸ਼ੋਕ ਮਿੱਤਲ ਵੀ ਉੱਪਰਲੇ ਸਦਨ 'ਚ ਹੁੰਕਾਰ ਭਰਦੇ ਨਜ਼ਰ ਆਏ | ਭਾਵੇਂ 'ਆਪ' ਨੇ ਰਾਘਵ ਚੱਢਾ ਨੂੰ ਪੰਜਾਬ ਦੀ ਆਵਾਜ਼ ਨਾ ਚੁੱਕਣ ਦੇ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਨੂੰ ਉੱਪਰਲੇ ਸਦਨ 'ਚੋਂ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ, ਪਰ ਉਨ੍ਹਾਂ ਸਦਨ 'ਚ ਮੌਜੂਦਗੀ ਤੋਂ ਲੈ ਕੇ ਚਰਚਾਵਾਂ 'ਚ ਹਿੱਸਾ ਲੈਣ ਅਤੇ ਸਵਾਲ ਚੁੱਕਣ 'ਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ | ਹਾਲਾਂਕਿ, ਉਨ੍ਹਾਂ ਦੀ ਥਾਂ 'ਤੇ ਨਵੇਂ ਬਣੇ ਉਪ ਨੇਤਾ ਦਾ ਰਿਪੋਰਟ ਕਾਰਡ ਵੀ ਉਨ੍ਹਾਂ ਦੇ ਨਾਲ ਬਰਾਬਰ ਦਾ ਮੇਚ ਖਾਂਦਾ ਹੈ | ਰਾਜ ਸਭਾ 'ਚ ਜਿਹੜੇ 'ਆਪ' ਨੇਤਾ ਨੇ ਸਭ ਤੋਂ ਵੱਧ ਨਿਰਾਸ਼ ਕੀਤਾ ਉਸ 'ਚ ਸਭ ਤੋਂ ਪਹਿਲਾ ਨਾਂਅ ਹਰਭਜਨ ਸਿੰਘ ਦਾ ਰਿਹਾ | 'ਅਜੀਤ' ਵਲੋਂ ਕੀਤੀ ਘੋਖ 'ਚ ਜਿਹੜੇ 4 ਪੈਮਾਨੇ ਵਰਤੇ ਗਏ ਉਸ 'ਚ ਸਦਨ 'ਚ ਮੌਜੂਦਗੀ, ਬਹਿਸ ਅਤੇ ਮੁੱਦੇ ਉਠਾਉਣਾ, ਸਵਾਲ ਅਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨਾ ਸ਼ਾਮਿਲ ਸੀ |
ਸਦਨ 'ਚ ਮੌਜੂਦਗੀ
ਸਦਨ 'ਚ ਮੌਜੂਦਗੀ ਦਰਜ ਕਰਵਾਉਣ ਨੂੰ ਮੈਂਬਰ ਦੀ ਲੋਕਹਿਤਾਂ ਦੇ ਮੁੱਦਿਆਂ ਪ੍ਰਤੀ ਗੰਭੀਰਤਾ ਨਾਲ ਜੋੜ ਕੇ ਵੇਖਿਆ ਜਾਂਦਾ ਹੈ | ਇਸ 'ਚ ਜਿਹੜੇ ਦੋ ਨੇਤਾਵਾਂ ਨੇ 100 ਫ਼ੀਸਦੀ ਮੌਜੂਦਗੀ ਦਰਜ ਕਰਵਾ ਕੇ ਵਾਹ-ਵਾਹ ਕਰਵਾਈ, ਉਨ੍ਹਾਂ 'ਚ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਫ਼ਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਦਾ ਨਾਂਅ ਸ਼ਾਮਿਲ ਹੈ | ਦੋਵੇਂ ਨੇਤਾਵਾਂ ਦਾ ਜ਼ਿਆਦਾਤਰ ਇਜਲਾਸਾਂ 'ਚ ਤਕਰੀਬਨ 100 ਫ਼ੀਸਦੀ ਮੌਜੂਦਗੀ ਦਰਜ ਕਰਵਾਉਣ ਦਾ ਰਿਕਾਰਡ ਹੈ | 'ਆਪ' ਦੇ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵੀ ਇਨ੍ਹਾਂ ਦੋਹਾਂ ਨੇਤਾਵਾਂ ਦੇ ਲਗਭਗ ਬਰਾਬਰ ਹੀ ਨਜ਼ਰ ਆਏ | ਭਾਵੇਂ ਬਜਟ ਇਜਲਾਸ 'ਚ ਉਨ੍ਹਾਂ ਦੀ ਮੌਜੂਦਗੀ 92 ਫ਼ੀਸਦੀ ਰਹੀ, ਪਰ ਬਾਕੀ ਹੋਰ
ਇਜਲਾਸਾਂ 'ਚ ਉਨ੍ਹਾਂ ਦੀ ਮੌਜੂਦਗੀ ਤਕਰੀਬਨ 100 ਫ਼ੀਸਦੀ ਰਹੀ | ਇਨ੍ਹਾਂ ਤਿੰਨਾਂ ਨੇਤਾਵਾਂ ਤੋਂ ਬਾਅਦ ਲੋਕ ਸਭਾ 'ਚ ਸੰਗਰੂਰ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ 84 ਫ਼ੀਸਦੀ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਪਟਿਆਲਾ ਤੋਂ ਧਰਮਵੀਰ ਗਾਂਧੀ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ 72 ਫ਼ੀਸਦੀ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ 76 ਫ਼ੀਸਦੀ, ਹਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਨੇ 56 ਫ਼ੀਸਦੀ ਮੌਜੂਦਗੀ ਦਰਜ ਕਰਵਾਈ | ਅੰਮਿ੍ਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ 44 ਫ਼ੀਸਦੀ ਤੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 40 ਫ਼ੀਸਦੀ ਮੌਜੂਦਗੀ ਦਰਜ ਕਰਵਾਈ | ਹਾਲਾਂਕਿ ਦੋਵਾਂ ਨੇਤਾਵਾਂ ਦੀ ਘੱਟ ਮੌਜੂਦਗੀ ਦਾ ਕਾਰਨ ਸਪੀਕਰ ਵਲੋਂ ਦੋਹਾਂ ਖ਼ਿਲਾਫ਼ ਕੀਤੀ ਕਾਰਵਾਈ ਕਾਰਨ ਉਨ੍ਹਾਂ ਨੂੰ ਦਿੱਤੀ ਮੁਅੱਤਲੀ ਰਹੀ | ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਲੋਕ ਸਭਾ 'ਚ ਸਭ ਤੋਂ ਘੱਟ, ਸਿਰਫ਼ 24 ਫ਼ੀਸਦੀ ਸਮਾਂ ਨਜ਼ਰ ਆਏ | ਜਦਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਤਪਾਲ ਸਿੰਘ ਕਾਨੂੰਨੀ ਪੇਚੀਦਗੀਆਂ ਕਾਰਨ ਲੋਕ ਸਭਾ 'ਚੋਂ ਪੂਰੇ ਇਜਲਾਸ 'ਚ ਹੀ ਗ਼ੈਰ-ਹਾਜ਼ਰ ਰਹੇ | ਦੱਸਣਯੋਗ ਹੈ ਕਿ ਜੇਲ 'ਚ ਬੰਦ ਅੰਮਿ੍ਤਪਾਲ ਹਾਲੇ ਤੱਕ ਸਿਰਫ਼ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਹੀ ਸੰਸਦ ਆਏ ਸਨ | ਉਨ੍ਹਾਂ ਨੂੰ ਸਪੀਕਰ ਦੇ ਕਮਰੇ 'ਚ ਹੀ ਸਹੁੰ ਚੁਕਵਾਈ ਗਈ ਸੀ | ਉਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਵੀ ਇਜਲਾਸ 'ਚ ਸ਼ਾਮਿਲ ਹੋਣ ਲਈ ਅਦਾਲਤ ਵਲੋਂ ਇਜਾਜ਼ਤ ਨਹੀਂ ਦਿੱਤੀ ਗਈ | ਰਾਜ ਸਭਾ 'ਚ ਮੌਜੂਦਗੀ ਦਰਜ ਕਰਵਾਉਣ ਨੂੰ ਲੈ ਕੇ ਸਤਨਾਮ ਸਿੰਘ ਸੰਧੂ ਅਤੇ ਰਾਘਵ ਚੱਢਾ ਨੇ 96 ਫ਼ੀਸਦੀ ਹਾਜ਼ਰੀ ਨਾਲ ਮੱਲ ਮਾਰੀ | ਅਸ਼ੋਕ ਮਿੱਤਲ 84 ਫ਼ੀਸਦੀ ਹਾਜ਼ਰੀ ਨਾਲ ਤੀਜੇ ਨੰਬਰ 'ਤੇ ਰਹੇ | ਸੰਦੀਪ ਗੁਪਤਾ 68 ਫ਼ੀਸਦੀ, ਬਲਬੀਰ ਸਿੰਘ ਸੀਚੇਵਾਲ 60 ਫ਼ੀਸਦੀ, ਰਜਿੰਦਰ ਗੁਪਤਾ 44 ਫ਼ੀਸਦੀ ਅਤੇ ਵਿਕਰਮਜੀਤ ਸਿੰਘ ਸਾਹਨੀ ਨੇ 36 ਫ਼ੀਸਦੀ ਮੌਜੂਦਗੀ ਦਰਜ ਕਰਵਾਈ ਜਦਕਿ ਹਰਭਜਨ ਸਿੰਘ ਦੀ ਹਾਜ਼ਰੀ 32 ਫ਼ੀਸਦੀ ਰਹੀ |
ਸਰਕਾਰ ਤੋਂ ਸਵਾਲ
ਸੰਸਦ ਮੈਂਬਰਾਂ ਵਲੋਂ ਸਰਕਾਰ ਤੋਂ ਵੱਖ-ਵੱਖ ਵਿਸ਼ਿਆਂ 'ਤੇ ਸਵਾਲ ਪੁੱਛ ਕੇ ਵੀ ਲੋਕਾਂ ਦੇ ਸਰੋਕਾਰ ਸਾਹਮਣੇ ਲਿਆਏ ਜਾਂਦੇ ਹਨ | ਇਸ 'ਚ ਤਿਵਾੜੀ, ਸੰਧੂ, ਰਾਘਵ ਚੱਢਾ, ਅਸ਼ੋਕ ਮਿੱਤਲ ਅੱਗੇ ਨਜ਼ਰ ਆਏ | ਮਨੀਸ਼ ਤਿਵਾੜੀ 21 ਸਵਾਲਾਂ ਨਾਲ ਲੋਕ ਸਭਾ 'ਚ ਸਭ ਤੋਂ ਵੱਧ ਸਵਾਲ ਪੁੱਛਣ ਵਾਲੇ ਮੈਂਬਰ ਬਣੇ ਜਦਕਿ ਰਾਜ ਸਭਾ 'ਚ ਇਹ ਦਰਜਾ ਸਤਨਾਮ ਸਿੰਘ ਨੂੰ ਹਾਸਿਲ ਹੋਇਆ | ਉਨ੍ਹਾਂ ਵੱਖ-ਵੱਖ ਮੁੱਦਿਆਂ ਤੇ ਸਰਕਾਰ ਕੋਲੋਂ 43 ਸਵਾਲ ਪੁੱਛੇ | ਸੰਦੀਪ ਗੁਪਤਾ ਨੇ 42, ਰਜਿੰਦਰ ਗੁਪਤਾ ਨੇ 39, ਅਸ਼ੋਕ ਮਿੱਤਲ ਨੇ 38, ਰਾਘਵ ਚੱਢਾ ਨੇ 37, ਸੀਚੇਵਾਲ ਨੇ 33, ਸਾਹਨੀ ਨੇ 27 ਸਵਾਲ ਪੁੱਛੇ | ਜਦਕਿ ਸਭ ਤੋਂ ਘੱਟ ਹਾਜ਼ਰ ਰਹਿਣ ਵਾਲੇ ਹਰਭਜਨ ਸਿੰਘ ਨੇ 3 ਹੀ ਸਵਾਲ ਪੁੱਛੇ | ਲੋਕ ਸਭਾ 'ਚ ਪੰਜਾਬ ਦੇ ਸੰਸਦ ਮੈਂਬਰਾਂ 'ਚੋਂ ਚਰਨਜੀਤ ਸਿੰਘ ਚੰਨੀ, ਅਮਰ ਸਿੰਘ, ਚੱਬੇਵਾਲ ਨੇ 20, ਕੰਗ ਨੇ 19, ਹਰਸਿਮਰਤ ਨੇ 16, ਰੰਧਾਵਾ ਤੇ ਮੀਤ ਹੇਅਰ ਨੇ 13-13 ਸਵਾਲ ਪੁੱਛੇ | ਜਦਕਿ ਸਰਬਜੀਤ ਸਿੰਘ ਖ਼ਾਲਸਾ ਨੇ ਕੋਈ ਵੀ ਸਵਾਲ ਨਹੀਂ ਪੁੱਛਿਆ |
ਨਿੱਜੀ ਮੈਂਬਰ ਬਿੱਲ
ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ 'ਚ ਪੰਜਾਬ ਦੇ ਲੋਕ ਸਭਾ ਦੇ ਜ਼ਿਆਦਾਤਰ ਮੈਂਬਰ ਪਿੱਛੇ ਹੀ ਰਹੇ | ਵਕਾਲਤ ਨਾਲ ਤਾਅਲੁਕ ਰਖਦੇ ਮਨੀਸ਼ ਤਿਵਾੜੀ ਇਥੇ ਵੀ ਹੁਣ ਤੱਕ ਕੁੱਲ 6 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਕੇ ਪਹਿਲੇ ਨੰਬਰ 'ਤੇ ਰਹੇ | ਉਨ੍ਹਾਂ ਤੋਂ ਬਾਅਦ ਧਰਮਵੀਰ ਗਾਂਧੀ ਨੇ 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਹਨ | ਬਾਕੀ 11 ਮੈਂਬਰਾਂ ਨੇ ਕੋਈ ਵੀ ਨਿੱਜੀ ਮੈਂਬਰ ਬਿੱਲ ਪੇਸ਼ ਨਹੀਂ ਕੀਤਾ | ਰਾਜ ਸਭਾ 'ਚ ਸਭ ਤੋਂ ਵੱਧ 11 ਨਿੱਜੀ ਮੈਂਬਰ ਬਿੱਲ ਅਸ਼ੋਕ ਮਿੱਤਲ ਵਲੋਂ ਪੇਸ਼ ਕੀਤੇ ਗਏ, ਰਾਘਵ ਚੱਢਾ 9 ਅਤੇ ਸਤਨਾਮ ਸਿੰਘ ਸੰਧੂ 4 ਨਿੱਜੀ ਮੈਂਬਰ ਬਿੱਲ ਪੇਸ਼ ਕਰਕੇ ਦੂਜੇ ਤੇ ਤੀਜੇ ਸਥਾਨ 'ਤੇ ਰਹੇ, ਜਦਕਿ ਸੀਚੇਵਾਲ ਅਤੇ ਸਾਹਨੀ ਨੇ 1-1 ਬਿੱਲ ਪੇਸ਼ ਕੀਤੇ |
ਚਰਚਾਵਾਂ 'ਚ ਵੀ ਤਿਵਾੜੀ, ਸੰਧੂ ਤੇ ਕੰਗ ਨੇ ਮਾਰੀ ਬਾਜ਼ੀ
ਸਦਨ 'ਚ ਵੱਖ-ਵੱਖ ਨੇਮਾਂ ਤਹਿਤ ਕੀਤੀਆਂ ਚਰਚਾਵਾਂ ਅਤੇ ਮੁੱਦੇ ਉਠਾਉਣ ਨੂੰ ਲੈ ਕੇ ਵੀ ਮਨੀਸ਼ ਤਿਵਾੜੀ, ਸਤਨਾਮ ਸਿੰਘ ਸੰਧੂ ਅਤੇ ਮਾਲਵਿੰਦਰ ਸਿੰਘ ਕੰਗ ਨੇ ਬਾਜ਼ੀ ਮਾਰੀ | ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ 8 ਵਾਰ ਚਰਚਾਵਾਂ 'ਚ ਹਿੱਸਾ ਲਿਆ, ਜਿਸ 'ਚ ਉਹ ਤਿੰਨ ਵਾਰ ਸਰਕਾਰੀ ਬਿੱਲਾਂ 'ਤੇ ਬੋਲੇ | ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਪਾਰਟੀ ਨਾਲ ਰੋਸੇ-ਗਿੱਲਿਆਂ ਦੀਆਂ ਟਾਵੀਆਂ-ਟਾਵੀਆਂ ਖ਼ਬਰਾਂ ਦੇ ਬਾਵਜੂਦ ਉਹ ਖ਼ੁਦ ਨੂੰ ਪਾਰਟੀ ਦਾ ਅਹਿਮ ਬੁਲਾਰਾ ਸਥਾਪਿਤ ਕਰਨ 'ਚ ਕਾਮਯਾਬ ਰਹੇ | ਮਾਲਵਿੰਦਰ ਸਿੰਘ ਕੰਗ ਨੇ ਵੀ ਲੋਕ ਸਭਾ 'ਚ ਪਾਰਟੀ ਦੀ ਆਵਾਜ਼ ਬਣਦਿਆਂ ਦੋ ਬਿੱਲਾਂ ਅਤੇ ਦੋ ਗ੍ਰਾਂਟਾਂ ਦੀਆਂ ਮੰਗਾਂ 'ਤੇ ਰਾਏ ਰੱਖੀ | ਜਦਕਿ ਸਤਨਾਮ ਸਿੰਘ ਸੰਧੂ ਨੇ ਕਈ ਲੋਕਹਿੱਤ ਮੁੱਦੇ ਉਠਾਏ ਜਿਨ੍ਹਾਂ ਦੀ ਗਿਣਤੀ 45 ਤੋਂ ਵੀ ਵੱਧ ਰਹੀ | ਜਿਨ੍ਹਾਂ 'ਚ ਪੰਜਾਬ 'ਚ ਪੋਸਟ ਗ੍ਰੈਜੂਏਟ ਬਾਗ਼ਬਾਨੀ ਖੋਜ ਅਤੇ ਸਿੱਖਿਆ ਸੰਸਥਾ ਦੀ ਲੋੜ, 1984 'ਚ ਤਬਾਹ ਹੋਈ ਦਰਬਾਰ ਸਾਹਿਬ ਅੰਮਿ੍ਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਮੁੜ ਬਹਾਲੀ, ਪੰਜਾਬ 'ਚ ਧਰਤੀ ਹੇਠਲੇ ਪਾਣੀ ਦੀ ਘਾਟ, ਹੜ੍ਹਾਂ ਦੀ ਸਮੱਸਿਆ ਅਤੇ ਕਿਸਾਨਾਂ ਲਈ ਰਾਹਤ ਫੰਡ ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਪੁਆਇੰਟ ਆਫ਼ ਕਾਲ ਦਰਜਾ | ਇਨ੍ਹਾਂ ਤੋਂ ਇਲਾਵਾ ਮੀਤ ਹੇਅਰ, ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ ਨੇ 4-4, ਡਾ. ਅਮਰ ਸਿੰਘ ਅਤੇ ਗੁਰਜੀਤ ਔਜਲਾ ਨੇ 3 ਅਤੇ ਵੜਿੰਗ, ਚੱਬੇਵਾਲ ਅਤੇ ਘੁਬਾਇਆ ਨੇ 2-2 ਮੱਦੇ ਉਠਾਏ |

Ad Position 22
No active advertisement
ਪਿਛਲੀ ਖ਼ਬਰ ਅਸਾਮ, ਕੇਰਲਮ ਤੇ ਪੁਡੂਚੇਰੀ 'ਚ ਬੰਪਰ ਵੋਟਿੰਗ ਅਗਲੀ ਖ਼ਬਰ ਆਈ.ਐੱਮ.ਐੱਫ., ਵਿਸ਼ਵ ਬੈਂਕ, ਵਿਸ਼ਵ ਖੁਰਾਕ ਪ੍ਰੋਗਰਾਮ ਵਲੋਂ ਈਰਾਨ ਯੁੱਧ ਕਾਰਨ ਮਹਿੰਗਾਈ ਵਧਣ ਦੀ ਚਿਤਾਵਨੀ <br/>
Ad Position 24