ਤਹਿਰਾਨ/ਬੇਰੂਤ/ਵਾਸ਼ਿੰਗਟਨ, 9 ਅਪ੍ਰੈਲ (ਏਜੰਸੀ)-ਇਜ਼ਰਾਈਲ ਵਲੋਂ ਲਿਬਨਾਨ 'ਚ ਕੀਤੀ ਜਾ ਰਹੀ ਭਾਰੀ ਬੰਬਾਰੀ ਅਤੇ ਈਰਾਨ ਵਲੋਂ 'ਸਟ੍ਰੇਟ ਆਫ਼ ਹੋਰਮੁਜ਼' ਦੀ ਨਾਕਾਬੰਦੀ ਲਗਾਤਾਰ ਜਾਰੀ ਰੱਖਣ ਦੇ ਚਲਦਿਆਂ ਅਮਰੀਕਾ ਅਤੇ ਈਰਾਨ ਵਿਚਾਲੇ ਹੋਈ ਅਸਥਾਈ ਜੰਗਬੰਦੀ 'ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ | ਜਿਥੇ ਈਰਾਨ ਅਤੇ ਪਾਕਿਸਤਾਨ ਦਾ ਕਹਿਣਾ ਹੈ ਕਿ ਜੰਗਬੰਦੀ 'ਚ ਲਿਬਨਾਨ 'ਤੇ ਹਮਲੇ ਰੋਕਣੇ ਵੀ ਸ਼ਾਮਿਲ ਸਨ, ਉਥੇ ਹੀ ਇਜ਼ਰਾਈਲ ਅਤੇ ਅਮਰੀਕਾ ਇਸ ਤੋਂ ਇਨਕਾਰ ਕਰ ਰਹੇ ਹਨ | ਬੁੱਧਵਾਰ ਨੂੰ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਇਜ਼ਰਾਈਲ ਵਲੋਂ ਲਿਬਨਾਨ 'ਚ 100 ਥਾਵਾਂ 'ਤੇ ਕੀਤੀ ਗਈ ਭਾਰੀ ਬੰਬਾਰੀ ਨਾਲ ਜਿਥੇ 300 ਲੋਕਾਂ ਦੀ ਮੌਤ ਹੋ ਗਈ, ਉਥੇ 1000 ਤੋਂ ਵੱਧ ਲੋਕ ਜ਼ਖ਼ਮੀ ਵੀ ਹੋ ਗਏ | ਦੂਜੇ ਪਾਸੇ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਸ ਨੇ ਲਿਬਨਾਨ ਨਾਲ ਤੱਤਕਾਲ ਸਿੱਧੀ ਗੱਲਬਾਤ ਨੂੰ ਮਨਜ਼ੂਰੀ ਦੇ ਦਿੱਤੀ ਹੈ | ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਇਹ ਆਦੇਸ਼ ਲਿਬਨਾਨ ਦੀਆਂ ਬੇਨਤੀਆਂ ਦੇ ਜਵਾਬ 'ਚ ਦਿੱਤਾ ਹੈ ਅਤੇ ਗੱਲਬਾਤ ਦਾ ਮੁੱਖ ਕੇਂਦਰ ਹਿਜ਼ਬੁੱਲਾ ਨੂੰ ਹਥਿਆਰ ਮੁਕਤ ਕਰਨਾ ਅਤੇ ਗੁਆਂਢੀ ਦੇਸ਼ਾਂ ਵਿਚਕਾਰ ਸ਼ਾਂਤੀਪੂਰਨ ਸੰਬੰਧ ਸਥਾਪਤ ਕਰਨਾ ਹੈ | ਦੂਜੇ ਪਾਸੇ, ਲਿਬਨਾਨ ਨੇ ਅਸਥਾਈ ਜੰਗਬੰਦੀ ਲਈ ਅਮਰੀਕਾ ਤੋਂ ਗਾਰੰਟੀ ਮੰਗੀ ਹੈ | ਪਾਕਿਸਤਾਨ ਨੇ ਕਿਹਾ ਕਿ ਲਿਬਨਾਨ ਦੇ ਪ੍ਰਧਾਨ ਮੰਤਰੀ ਨਵਾਫ਼ ਸਲਾਮ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਲਿਬਨਾਨ ਅਤੇ ਇਸ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਮਲਿਆਂ ਨੂੰ ਤੁਰੰਤ ਖਤਮ ਕਰਨ ਲਈ ਇਸਲਾਮਾਬਾਦ ਤੋਂ ਸਮਰਥਨ ਮੰਗਿਆ ਹੈ | ਇਸ ਤੋਂ ਪਹਿਲਾਂ ਇਜ਼ਰਾਈਲ ਅਨੁਸਾਰ ਬੇਰੂਤ 'ਚ ਕੀਤੇ ਹਮਲੇ ਦੌਰਾਨ ਹਿਜ਼ਬੁੱਲਾ ਦੇ ਆਗੂ ਨਈਮ ਕਾਸਿਮ ਦਾ ਨਿੱਜੀ ਸਕੱਤਰ ਅਤੇ ਭਤੀਜਾ ਅਲੀ ਯੂਸਫ ਹਰਸ਼ੀ ਨੂੰ ਵੀ ਮਾਰ ਦਿੱਤਾ ਗਿਆ | ਹਿਜ਼ਬੁੱਲਾ ਵਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ 'ਤੇ ਮਿਜ਼ਾਈਲਾਂ ਅਤੇ ਰਾਕੇਟ ਦਾਗੇ ਗਏ | ਦੂਜੇ ਪਾਸੇ, ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਾਲੀਬਾਫ ਨੇ 'ਐਕਸ' ਉਤੇ ਲਿਬਨਾਨ 'ਤੇ ਹਮਲਿਆਂ ਵਿਰੁੱਧ ਸਖ਼ਤ ਪ੍ਰਤੀਕਿਰਿਆ ਦੀ ਚਿਤਾਵਨੀ ਦਿੱਤੀ ਹੈ |
ਈਰਾਨ ਵਲੋਂ ਹੋਰਮੁਜ਼ 'ਚ ਬਾਰੂਦੀ ਸੁਰੰਗਾਂ ਕਾਰਨ ਬਦਲਵਾਂ ਰੂਟ ਜਾਰੀ
ਈਰਾਨ ਦੀਆਂ ਅਰਧ-ਸਰਕਾਰੀ ਖ਼ਬਰ ਏਜੰਸੀਆਂ ਨੇ ਵੀਰਵਾਰ ਨੂੰ ਇਕ ਚਾਰਟ ਪ੍ਰਕਾਸ਼ਿਤ ਕੀਤਾ, ਜਿਸ 'ਚ ਸੰਕੇਤ ਦਿੱਤਾ ਗਿਆ ਹੈ ਕਿ ਦੇਸ਼ ਦੇ ਅਰਧ ਸੈਨਿਕ ਬਲ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਨੇ ਜੰਗ ਦੌਰਾਨ 'ਸਟ੍ਰੇਟ ਆਫ਼ ਹੋਰਮੁਜ਼' ਵਿਚ ਬਾਰੂਦੀ ਸੁਰੰਗਾਂ ਵਿਛਾਈਆਂ ਸਨ, ਜਿਸ ਦੇ ਚਲਦਿਆਂ ਹੋਰਮੁਜ਼ 'ਚ ਹੀ ਬਦਲਵੇਂ ਰੂਟ ਦਾ ਨਕਸ਼ਾ ਪ੍ਰਕਾਸ਼ਿਤ ਕੀਤਾ ਗਿਆ ਹੈ | ਇਸ ਸੰਦੇਸ਼ ਦਾ ਸੰਭਾਵਿਤ ਉਦੇਸ਼ ਚਲ ਰਹੇ ਮੌਜੂਦਾ ਘਟਨਾਕ੍ਰਮ ਨੂੰ ਲੈ ਕੇ ਅਮਰੀਕਾ 'ਤੇ ਦਬਾਅ ਬਣਾਉਣਾ ਹੈ | ਰੈਵੋਲਿਊਸ਼ਨਰੀ ਗਾਰਡ ਦੇ ਨੇੜੇ ਮੰਨੀਆਂ ਜਾਂਦੀਆਂ ਆਈ.ਐਸ.ਐਨ.ਏ. ਨਿਊਜ਼ ਏਜੰਸੀ ਅਤੇ ਤਸਨੀਮ ਵਲੋਂ ਜਾਰੀ ਕੀਤੇ ਗਏ ਚਾਰਟ 'ਚ ਫਾਰਸੀ ਵਿਚ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਖ਼ਤਰੇ ਦੇ ਖੇਤਰ ਵਜੋਂ ਦਰਸਾਇਆ ਗਿਆ ਹੈ |
ਈਰਾਨ-ਅਮਰੀਕਾ ਜੰਗਬੰਦੀ ਸੰਕਟ 'ਚ <br/>
ਅਜੀਤ ਡੈਸਕ
10-04-2026