ਦੁਬਈ, 16 ਅਪ੍ਰੈਲ (ਏਜੰਸੀ)-ਈਰਾਨ ਦੀ ਸੰਯੁਕਤ ਸੈਨਿਕ ਕਮਾਨ ਦੇ ਮੁਖੀ ਨੇ ਬੁੱਧਵਾਰ ਨੂੰ ਧਮਕੀ ਦਿੱਤੀ ਕਿ ਜੇ ਅਮਰੀਕਾ ਈਰਾਨੀ ਬੰਦਰਗਾਹਾਂ ਤੋਂ ਆਪਣੀ ਨਾਕੇਬੰਦੀ ਨਹੀਂ ਹਟਾਉਂਦਾ ਤਾਂ ਉਹ ਖਾੜੀ ਖੇਤਰ 'ਚ ਵਪਾਰ ਰੋਕ ਦੇਵੇਗਾ | ਇਸ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਪ੍ਰਸਾਰਿਤ ਇਕ ਇੰਟਰਵਿਊ 'ਚ ਕਿਹਾ ਕਿ ਈਰਾਨ 'ਚ ਯੁੱਧ ਖਤਮ ਹੋਣ ਦੇ ਬਹੁਤ ਨੇੜੇ ਹੈ | ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਵੱਖਰੇ ਤੌਰ 'ਤੇ ਚਿਤਾਵਨੀ ਦਿੱਤੀ ਕਿ ਅਮਰੀਕਾ ਉਨ੍ਹਾਂ ਵਿੱਤੀ ਸੰਸਥਾਵਾਂ 'ਤੇ ਸੈਕੰਡਰੀ ਪਾਬੰਦੀਆਂ ਲਾ ਕੇ ਈਰਾਨ 'ਤੇ ਆਰਥਿਕ ਦਬਾਅ ਵਧਾਉਣ ਦੀ ਤਿਆਰੀ ਕਰ ਰਿਹਾ ਹੈ, ਜੋ ਇਸ ਮੱਧ ਪੂਰਬੀ ਦੇਸ਼ ਨਾਲ ਵਪਾਰ ਕਰਦੇ ਹਨ | ਖੇਤਰੀ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ-ਈਰਾਨ ਟਕਰਾਅ ਜੰਗਬੰਦੀ ਨੂੰ ਵਧਾਉਣ ਦੇ ਵਿਚੋਲਿਆਂ ਦੇ ਯਤਨਾਂ 'ਚ ਪ੍ਰਗਤੀ ਹੋਈ ਹੈ ਕਿਉਂਕਿ ਦੋਵੇਂ ਧਿਰਾਂ ਦਰਮਿਆਨ ਗੱਲਬਾਤ ਦਾ ਇਕ ਹੋਰ ਦੌਰ ਹੋਣ ਦੀ ਉਮੀਦ ਹੈ | ਇਸ ਦਰਮਿਆਨ ਦਹਾਕਿਆਂ 'ਚ ਪਹਿਲੀ ਵਾਰ ਦੋਵੇਂ ਦੇਸ਼ਾਂ ਦਰਮਿਆਨ ਸਿੱਧੀ ਗੱਲਬਾਤ ਹੋਣ ਦੇ ਇਕ ਦਿਨ ਬਾਅਦ, ਇਜ਼ਰਾਈਲ ਲਿਬਨਾਨ 'ਚ ਅੱਤਵਾਦੀ ਸਮੂਹ ਹਿਜ਼ਬੁੱਲਾ ਖ਼ਿਲਾਫ਼ ਆਪਣੇ ਹਵਾਈ ਅਤੇ ਜ਼ਮੀਨੀ ਯੁੱਧ ਨੂੰ ਅੱਗੇ ਵਧਾ ਰਿਹਾ ਹੈ |