ਨਵੀਂ ਦਿੱਲੀ, 18 ਅਪ੍ਰੈਲ (ਉਪਮਾ ਡਾਗਾ ਪਾਰਥ )-ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਦੇ ਰਾਖਵੇਂਕਰਨ ਨੂੰ ਲਾਗੂ ਕਰਨ ਲਈ ਸਰਕਾਰ ਵਲੋਂ ਲਿਆਂਦੇ ਬਿੱਲ ਦੇ ਖਾਰਜ ਹੋਣ ਤੋਂ ਬਾਅਦ ਸੱਤਾ ਅਤੇ ਵਿਰੋਧੀ ਧਿਰਾਂ ਲਗਾਤਾਰ ਇਕ-ਦੂਜੇ ਨੂੰ ਨਿਸ਼ਾਨੇ 'ਤੇ ਲੈਂਦੀਆਂ ਨਜ਼ਰ ਆਈਆਂ | ਜਿਥੇ ਵਿਰੋਧੀ ਧਿਰਾਂ ਨੇ ਇਸ ਨੂੰ ਗੁੱਪ-ਚੁੱਪ ਤਰੀਕੇ ਨਾਲ ਲਿਆਂਦੀ ਹੱਦਬੰਦੀ ਨੂੰ ਰੋਕਣ ਦੀ ਕਵਾਇਦ ਦੱਸਦਿਆਂ ਇਸ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ, ਉਥੇ ਸਰਕਾਰ ਵਲੋਂ ਪ੍ਰਦਰਸ਼ਨਾਂ ਅਤੇ ਪ੍ਰੈੱਸ ਕਾਨਫ਼ਰੰਸਾਂ ਰਾਹੀਂ ਲਗਾਤਾਰ ਇਹ ਸੰਦੇਸ਼ ਦਿੱਤਾ ਗਿਆ ਕਿ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਔਰਤ ਵਿਰੋਧੀ ਹਨ | ਭਾਜਪਾ ਵਲੋਂ ਪ੍ਰਦਰਸ਼ਨਾਂ ਨੂੰ ਰਾਸ਼ਟਰ ਵਿਆਪੀ ਬਣਾਉਂਦਿਆਂ ਪਾਰਟੀ ਕਾਰਜਕਰਤਾਵਾਂ ਨੇ ਕਈ ਰਾਜਾਂ 'ਚ ਪ੍ਰਦਰਸ਼ਨ ਕੀਤਾ, ਜਿਸ 'ਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਸ਼ਾਮਿਲ ਹੁੰਦਿਆਂ ਰਾਜਧਾਨੀ 'ਚ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਘਰ ਤੱਕ ਮਾਰਚ ਕੀਤਾ | ਭਾਜਪਾ ਕਾਰਜਕਰਤਾਵਾਂ ਨੇ ਰਾਹੁਲ ਗਾਂਧੀ ਦਾ ਪੁਤਲਾ ਵੀ ਸਾੜਿਆ | ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵੀ ਕਾਂਗਰਸ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਅਸੀਂ ਸਾਰੇ ਦੁਖੀ ਹਾਂ ਕਿ ਕਾਂਗਰਸ ਅਤੇ ਵਿਰੋਧੀ ਧਿਰਾਂ ਨੇ ਦੋ ਤਿਹਾਈ ਬਹੁਮਤ ਨਾਲ ਸੰਵਿਧਾਨ 'ਚ ਸੋਧ ਦੀ ਇਜਾਜ਼ਤ ਨਹੀਂ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਾਡੀ ਸਰਕਾਰ ਜਾਂ ਪਾਰਟੀ ਦਾ ਨੁਕਸਾਨ ਨਹੀਂ ਹੈ | ਇਸ ਨਾਲ ਦੇਸ਼ ਦੀਆਂ ਔਰਤਾਂ ਦਾ ਨੁਕਸਾਨ ਹੋਇਆ ਹੈ |
ਬਿੱਲ ਪਾਸ ਨਾ ਹੋਣ 'ਤੇ ਸੱਤਾ ਤੇ ਵਿਰੋਧੀ ਧਿਰਾਂ ਆਹਮੋ-ਸਾਹਮਣੇ <br/>
ਅਜੀਤ ਡੈਸਕ
19-04-2026