ਨਵੀਂ ਦਿੱਲੀ, 21 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਇਕ ਵੱਡੇ ਖੁਫ਼ੀਆ ਆਪਰੇਸ਼ਨ 'ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਪਾਕਿਸਤਾਨ ਅਧਾਰਿਤ ਗੈਂਗਸਟਰ ਅਤੇ ਆਈ.ਐਸ.ਆਈ. ਦੇ ਗੁਰਗੇ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ ਦੋ ਕਰਿੰਦਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਕਾਰਵਾਈ ਨਾਲ ਦਿੱਲੀ-ਐੱਨ ਸੀ. ਆਰ. ਅਤੇ ਪੰਜਾਬ ਦੇ ਪ੍ਰਮੁੱਖ ਸਥਾਨਾਂ 'ਤੇ ਫਾਇਰਿੰਗ, ਗ੍ਰਨੇਡ ਹਮਲੇ ਅਤੇ ਮਿੱਥ ਕੇ ਕਤਲ (ਟਾਰਗੇਟ ਕਿਲਿੰਗ) ਕਰਨ ਦੀ ਸਾਜਿਸ਼ ਨਾਕਾਮ ਕਰ ਦਿੱਤੀ ਗਈ ਹੈ | ਮੁਲਜ਼ਮਾਂ ਦੀ ਪਛਾਣ ਰਾਜਵੀਰ (21), ਵਾਸੀ ਡਾਬਰਾ, ਜ਼ਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) ਤੇ ਵਿਵੇਕ ਬੰਨਜਾਰਾ (19), ਵਾਸੀ ਗਵਾਲੀਅਰ ਵਜੋਂ ਹੋਈ ਹੈ | ਡਿਪਟੀ ਕਮਿਸ਼ਨਰ ਆਫ਼ ਪੁਲਿਸ (ਵਿਸ਼ੇਸ਼ ਸੈੱਲ) ਪ੍ਰਵੀਨ ਕੁਮਾਰ ਤਿ੍ਪਾਠੀ ਨੇ ਪ੍ਰੈਸ ਬਿਆਨ 'ਚ ਦੱਸਿਆ ਕਿ ਇਹ ਦੋਵੇਂ ਇਕ ਅਪਰਾਧਿਕ ਮਾਡਿਊਲ ਦਾ ਹਿੱਸਾ ਸੀ ਜਿਸ ਨੂੰ ਦਿੱਲੀ-ਐੱਨ.ਸੀ.ਆਰ. ਦੇ ਪ੍ਰਮੁੱਖ ਹੋਟਲਾਂ ਅਤੇ ਪੰਜਾਬ ਦੇ ਜ਼ੀਰਕਪੁਰ 'ਚ ਇਕ ਕਲੱਬ ਸਮੇਤ ਖਾਸ ਥਾਵਾਂ 'ਤੇ ਹਮਲੇ ਕਰਨ ਦਾ ਕੰਮ ਸੌਂਪਿਆ ਗਿਆ ਸੀ | ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਗਿ੍ਫ਼ਤਾਰੀ ਨੇ ਰਾਸ਼ਟਰੀ ਰਾਜਧਾਨੀ ਅਤੇ ਆਸ ਪਾਸ ਦੇ ਇਲਾਕਿਆਂ 'ਚ ਯੋਜਨਾਬੱਧ ਹਮਲਿਆਂ ਨੂੰ ਨਾਕਾਮ ਕਰ ਦਿੱਤਾ |