ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਸੀ.ਬੀ.ਐਸ.ਈ. ਨੇ ਵੀਰਵਾਰ ਨੂੰ ਦਸਵੀਂ ਜਮਾਤ ਦੀਆਂ ਦੂਜੇ ਫੇਜ਼ ਦੀਆਂ ਬੋਰਡ ਪ੍ਰੀਖਿਆਵਾਂ ਦੀ ਸਮਾਂ-ਸਾਰਣੀ ਐਲਾਨ ਦਿੱਤੀ | ਪ੍ਰੀਖਿਆ 15 ਮਈ ਤੋਂ 21 ਮਈ ਤੱਕ ਹੋਵੇਗੀ | ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐਸ. ਈ.) ਦੁਆਰਾ ਜਾਰੀ ਕੀਤੀ ਗਈ ਡੇਟਸ਼ੀਟ ਅਨੁਸਾਰ ਪ੍ਰੀਖਿਆ ਚੱਕਰ 15 ਮਈ ਨੂੰ ਗਣਿਤ (ਸਟੈਂਡਰਡ ਅਤੇ ਬੇਸਿਕ) ਪੇਪਰ ਨਾਲ ਸ਼ੁਰੂ ਹੋਵੇਗਾ, ਇਸ ਤੋਂ ਬਾਅਦ 16 ਮਈ ਨੂੰ ਅੰਗਰੇਜ਼ੀ (ਕਮਿਊਨੀਕੇਟਿਵ) ਅਤੇ ਅੰਗਰੇਜ਼ੀ (ਭਾਸ਼ਾ ਅਤੇ ਸਾਹਿਤ) ਪੇਪਰ ਹੋਵੇਗਾ | ਵਿਗਿਆਨ ਦੀ ਪ੍ਰੀਖਿਆ 18 ਮਈ ਨੂੰ ਹੋਵੇਗੀ | ਭਾਸ਼ਾ ਅਤੇ ਚੋਣਵੇਂ ਵਿਸ਼ਿਆਂ ਦਾ ਇਕ ਸਮੂਹ, ਜਿਸ 'ਚ ਹਿੰਦੀ, ਉਰਦੂ, ਪੰਜਾਬੀ, ਬੰਗਲਾ, ਤਾਮਿਲ, ਤੇਲਗੂ, ਮਰਾਠੀ, ਗੁਜਰਾਤੀ ਅਤੇ ਕਈ ਵਿਦੇਸ਼ੀ ਭਾਸ਼ਾਵਾਂ ਸ਼ਾਮਿਲ ਹਨ, 19 ਮਈ ਨੂੰ ਨਿਰਧਾਰਤ ਕੀਤਾ ਗਿਆ ਹੈ | ਉਸੇ ਦਿਨ ਹੋਰ ਵਿਸ਼ਿਆਂ 'ਚ ਹੋਮ ਸਾਇੰਸ ਅਤੇ ਚੋਣਵੇਂ ਕਿੱਤਾਮੁਖੀ ਕੋਰਸਾਂ ਦੀ ਪ੍ਰੀਖਿਆ ਵੀ ਸ਼ਾਮਿਲ ਹੈ | 20 ਮਈ ਨੂੰ , ਵਿਦਿਆਰਥੀ ਸੰਸਕ੍ਰਿਤ, ਪੇਂਟਿੰਗ, ਸੂਚਨਾ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪੇਪਰ ਦੇਣਗੇ, ਜਿਸ ਤੋਂ ਬਾਅਦ 21 ਮਈ ਨੂੰ ਸਮਾਜਿਕ ਵਿਗਿਆਨ ਦੀ ਆਖਰੀ ਪ੍ਰੀਖਿਆ ਹੋਵੇਗੀ | ਫਰਵਰੀ 'ਚ ਪਹਿਲੀ ਪ੍ਰੀਖਿਆ ਲਾਜ਼ਮੀ ਸੀ, ਜਦੋਂ ਕਿ ਦੂਜੀ, ਜੋ ਕਿ ਵਿਕਲਪਿਕ ਹੈ, ਮਈ 'ਚ ਸੁਧਾਰ ਕਰਨ ਜਾਂ ਫੇਲ੍ਹ ਹੋਏ ਵਿਸ਼ਿਆਂ ਨੂੰ ਪਾਸ ਕਰਨ ਲਈ ਕਰਵਾਈ ਜਾਵੇਗੀ | ਸੀ.ਬੀ.ਐਸ.ਈ. ਅਨੁਸਾਰ, ਵਿਦਿਆਰਥੀ ਦੂਜੀ ਪ੍ਰੀਖਿਆ 'ਚ ਤਿੰਨ ਵਿਸ਼ੇ ਲੈ ਸਕਦੇ ਹਨ ਤੇ ਆਪਣੇ ਸਭ ਤੋਂ ਵਧੀਆ ਸਕੋਰ ਨੂੰ ਬਰਕਰਾਰ ਰੱਖ ਸਕਦੇ ਹਨ |