18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅਮਰੀਕਾ-ਈਰਾਨ ਵਿਚਾਲੇ ਅੱਜ ਇਸਲਾਮਾਬਾਦ 'ਚ ਗੱਲਬਾਤ ਸੰਭਵ

Ad Position 21
No active advertisement
ਅਜੀਤ ਡੈਸਕ 24-04-2026

ਟਰੰਪ ਨੇ ਅਗਲੇ 36 ਤੋਂ 72 ਘੰਟਿਆਂ 'ਚ ਸ਼ਾਂਤੀ ਹੋਣ ਦਾ ਦਿੱਤਾ ਸੰਕੇਤ
ਸੁਰਿੰਦਰ ਕੋਛੜ

ਅੰਮਿ੍ਤਸਰ, 23 ਅਪ੍ਰੈਲ-ਅਮਰੀਕਾ ਅਤੇ ਈਰਾਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਅਤੇ ਜੰਗ ਦੇ ਵਿਚਕਾਰ ਦੁਨੀਆ ਲਈ ਮਹੱਤਵਪੂਰਨ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ | ਪਾਕਿਸਤਾਨ ਦੇ ਆਹਲਾ ਅਧਿਕਾਰੀਆਂ ਨੇ ਸੰਭਾਵਨਾ ਜਤਾਈ ਹੈ ਕਿ ਸ਼ੁੱਕਰਵਾਰ (24 ਅਪ੍ਰੈਲ) ਨੂੰ ਰਾਜਧਾਨੀ ਇਸਲਾਮਾਬਾਦ 'ਚ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ, ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੂਜੇ ਦੌਰ ਦੀ ਗੱਲਬਾਤ ਅਗਲੇ 36 ਤੋਂ 72 ਘੰਟਿਆਂ ਦੇ ਅੰਦਰ ਇਸਲਾਮਾਬਾਦ 'ਚ ਹੋ ਸਕਦੀ ਹੈ | ਰਾਸ਼ਟਰਪਤੀ ਟਰੰਪ ਨੇ ਈਰਾਨ ਨਾਲ ਸ਼ਾਂਤੀ ਗੱਲਬਾਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਖਾੜੀ ਖੇਤਰ ਨੂੰ ਘੇਰਨ ਵਾਲਾ ਬਾਰੂਦ ਦਾ ਧੂੰਆਂ ਹੁਣ ਸਾਫ਼ ਹੋ ਸਕਦਾ ਹੈ | ਉਨ੍ਹਾਂ ਸੰਕੇਤ ਦਿੱਤਾ ਕਿ ਈਰਾਨ ਨਾਲ ਸ਼ਾਂਤੀ ਗੱਲਬਾਤ ਦਾ ਦੂਜਾ ਦੌਰ ਬਹੁਤ ਜਲਦੀ ਸ਼ੁਰੂ ਹੋ ਸਕਦਾ ਹੈ | ਟਰੰਪ ਤੋਂ ਪਾਕਿ ਦੀ ਵਿਚੋਲਗੀ ਦੀਆਂ ਕੋਸ਼ਿਸ਼ਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਈਰਾਨ ਨਾਲ ਗੱਲਬਾਤ 'ਚ ਮਹੱਤਵਪੂਰਨ ਵਿਚੋਲਗੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਇਸ ਦੀਆਂ ਕੋਸ਼ਿਸ਼ਾਂ ਫਲ ਦੇ ਰਹੀਆਂ ਹਨ | ਦੂਜੇ ਪਾਸੇ, ਪਾਕਿ ਦਾ ਮੰਨਣਾ ਹੈ ਕਿ ਜੇਕਰ ਅਗਲੇ ਦੋ ਤੋਂ ਤਿੰਨ ਦਿਨਾਂ 'ਚ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਮੌਜੂਦਾ ਟਕਰਾਅ ਨੂੰ ਰੋਕਣ 'ਚ ਸਭ ਤੋਂ ਵੱਡੀ ਸਫ਼ਲਤਾ ਹੋਵੇਗੀ | ਟਰੰਪ ਨੇ ਵੀ ਇਨ੍ਹਾਂ ਯਤਨਾਂ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਸ਼ਾਂਤੀ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ | ਹਾਲਾਂਕਿ, ਈਰਾਨ ਨੇ ਕਿਹਾ ਹੈ ਕਿ ਜੰਗਬੰਦੀ ਦੀ ਉਲੰਘਣਾ ਦੇ ਵਿਚਕਾਰ ਇਹ ਸੰਭਵ ਨਹੀਂ ਹੈ | ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲਿਬਾਫ ਨੇ ਕਿਹਾ ਕਿ ਅਮਰੀਕੀ ਨਾਕਾਬੰਦੀ ਈਰਾਨੀ ਬੰਦਰਗਾਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਇਹ ਵਿਸ਼ਵ-ਵਿਆਪੀ ਅਰਥਵਿਵਸਥਾ ਨੂੰ ਬੰਧਕ ਬਣਾਉਣ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਪੂਰੀ ਜੰਗਬੰਦੀ ਉਦੋਂ ਹੀ ਸੰਭਵ ਹੈ ਜਦੋਂ ਅਮਰੀਕਾ ਨਾਕਾਬੰਦੀ ਖ਼ਤਮ ਕਰੇਗਾ | ਇਸੇ ਦੌਰਾਨ ਪਾਕਿ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਗ੍ਰਹਿ ਮੰਤਰੀ ਮੋਹਸਿਨ ਨਕਵੀ ਅਤੇ ਅਮਰੀਕੀ ਚਾਰਜ ਡੀ-ਅਫੇਅਰਜ਼ ਨੈਟਲੀ ਬੇਕਰ ਨੇ ਇਕ ਮੀਟਿੰਗ ਕੀਤੀ, ਜਿਸ ਦੌਰਾਨ ਦੋਵਾਂ ਧਿਰਾਂ ਨੇ ਅਮਰੀਕਾ-ਈਰਾਨ ਗੱਲਬਾਤ ਦੇ ਦੂਜੇ ਦੌਰ ਲਈ ਚੱਲ ਰਹੇ ਕੂਟਨੀਤਕ ਵਿਕਾਸ 'ਤੇ ਵਿਸਥਾਰਪੂਰਵਕ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ | ਬਿਆਨ ਅਨੁਸਾਰ ਮੀਟਿੰਗ ਖੇਤਰ ਦੀ ਨਵੀਨਤਮ ਸਥਿਤੀ 'ਤੇ ਵੀ ਕੇਂਦਿ੍ਤ ਰਹੀ | ਨਕਵੀ ਅਤੇ ਬੇਕਰ ਨੇ ਖੇਤਰੀ ਸਥਿਰਤਾ ਲਈ ਨਿਰੰਤਰ ਕੂਟਨੀਤਕ ਸ਼ਮੂਲੀਅਤ ਦੀ ਮਹੱਤਤਾ 'ਤੇ ਚਰਚਾ ਕੀਤੀ | ਗ੍ਰਹਿ ਮੰਤਰੀ ਨਕਵੀ ਨੇ ਜੰਗਬੰਦੀ ਨੂੰ ਵਧਾਉਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਇਕ ਸਵਾਗਤਯੋਗ ਵਿਕਾਸ ਕਿਹਾ | ਉਨ੍ਹਾਂ ਕਿਹਾ ਕਿ ਪਾਕਿ ਈਰਾਨੀ ਪੱਖ ਤੋਂ ਸਕਾਰਾਤਮਿਕ ਪ੍ਰਗਤੀ ਦੀ ਉਮੀਦ ਕਰਦਾ ਹੈ | ਨਕਵੀ ਨੇ ਨੈਟਲੀ ਬੇਕਰ ਨੂੰ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ (ਸੀ. ਓ. ਏ. ਐੱਸ.) ਫ਼ੀਲਡ ਮਾਰਸ਼ਲ ਆਸਿਮ ਮੁਨੀਰ ਇਸ ਮੁੱਦੇ ਨੂੰ ਹੱਲ ਕਰਨ ਲਈ ਹਰ ਪੱਧਰ 'ਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਉਮੀਦ ਹੈ ਕਿ ਦੋਵੇਂ ਧਿਰਾਂ ਇਕ ਕੂਟਨੀਤਕ ਅਤੇ ਸ਼ਾਂਤੀਪੂਰਨ ਹੱਲ ਦਾ ਮੌਕਾ ਦੇਣਗੀਆਂ | ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਚਾਰਜ ਡੀ ਅਫੇਅਰਜ਼ ਨਾਲ ਇਹ ਮੀਟਿੰਗ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਗੱਲਬਾਤ ਨੂੰ ਸੁਚਾਰੂ ਬਣਾਉਣ ਅਤੇ ਤਣਾਅ ਘਟਾਉਣ ਲਈ ਚੱਲ ਰਹੇ ਕੂਟਨੀਤਕ ਯਤਨਾਂ ਦੇ ਵਿਚਕਾਰ ਹੋਈ, ਜਿਸ 'ਚ ਪਾਕਿ ਇਕਲੌਤੇ ਵਿਚੋਲੇ ਵਜੋਂ ਭੂਮਿਕਾ ਨਿਭਾਅ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ 'ਚ ਰਿਕਾਰਡ 92 ਫ਼ੀਸਦੀ ਵੋਟਿੰਗ ਅਗਲੀ ਖ਼ਬਰ ਸੀ.ਬੀ.ਐਸ.ਈ. ਵਲੋਂ ਦਸਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ
Ad Position 24