ਸੜਕਾਂ 'ਤੇ ਆਮ ਦਿਨਾਂ ਵਰਗੀ ਰਹੀ ਹਲਚਲ
ਚੰਡੀਗੜ੍ਹ/ ਐੱਸ. ਏ. ਐੱਸ. ਨਗਰ, 24 ਅਪ੍ਰੈਲ (ਸੰਦੀਪ ਕੁਮਾਰ ਮਾਹਨਾ/ ਤਰਵਿੰਦਰ ਸਿੰਘ ਬੈਨੀਪਾਲ)-ਸਰਕਾਰ ਵਲੋਂ ਐਲਾਨੇ ਗਏ ਬਲੈਕ ਆਊਟ ਨੂੰ ਲੈ ਕੇ ਪੰਜਾਬ ਭਰ ਵਿਚ ਰਲਵਾ-ਮਿਲਵਾ ਹੁੰਗਾਰਾ ਮਿਲਿਆ | ਹਾਲਾਂਕਿ, ਕੁਝ ਘਰੇਲੂ ਇਲਾਕਿਆਂ ਵਿਚ ਲੋਕਾਂ ਨੇ ਸਰਕਾਰ ਵਲੋਂ ਕੀਤੀ ਬਲੈਕ ਆਊਟ ਦੀ ਅਪੀਲ ਨੂੰ ਮੰਨਦੇ ਹੋਏ ਬੱਤੀਆਂ ਬੰਦ ਰੱਖੀਆਂ ਪਰ ਜ਼ਿਆਦਾਤਰ ਥਾਵਾਂ 'ਤੇ ਇਸ ਦਾ ਵੱਡਾ ਅਸਰ ਨਜ਼ਰ ਨਹੀਂ ਆਇਆ | ਰਾਤ 8 ਵਜੇ ਤੋਂ ਲੈ ਕੇ 8:15 ਵਜੇ ਤੱਕ ਸੂਬੇ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਆਮ ਦਿਨਾਂ ਵਾਂਗ ਜਾਰੀ ਰਹੀ | ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਵੀ ਕਈ ਥਾਵਾਂ 'ਤੇ ਬੱਤੀਆਂ ਜਗਦੀਆਂ ਰਹੀਆਂ, ਜਿਸ ਨਾਲ ਬਲੈਕ ਆਊਟ ਦਾ ਪ੍ਰਭਾਵ ਸੀਮਿਤ ਹੀ ਦਿਖਾਈ ਦਿੱਤਾ | ਖ਼ਾਸ ਕਰਕੇ ਸਰਕਾਰੀ ਸੜਕ ਲਾਈਟਾਂ ਬੰਦ ਨਾ ਹੋਣ ਕਾਰਨ ਵੀ ਬਲੈਕ ਆਊਟ ਦੀ ਅਪੀਲ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੀ | ਕਈ ਇਲਾਕਿਆਂ 'ਚ ਸਟਰੀਟ ਲਾਈਟਾਂ ਲਗਾਤਾਰ ਜਗਮਗਾਉਂਦੀਆਂ ਰਹੀਆਂ | ਕੁਝ ਨਾਗਰਿਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਲੈਕ ਆਊਟ ਦੇ ਸਮੇਂ ਅਤੇ ਮਕਸਦ ਬਾਰੇ ਪੂਰੀ ਜਾਣਕਾਰੀ ਨਹੀਂ ਸੀ | ਦੂਜੇ ਪਾਸੇ, ਕਈ ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਘਰਾਂ ਦੀਆਂ ਬੱਤੀਆਂ ਬੰਦ ਕਰਕੇ ਸਹਿਯੋਗ ਦਿੱਤਾ | ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਸਰਕਾਰ ਦੀ ਅਪੀਲ ਨੂੰ ਲੋਕਾਂ ਵਲੋਂ ਅਧੂਰਾ ਹੀ ਸਹਿਯੋਗ ਮਿਲਿਆ ਅਤੇ ਜ਼ਿਆਦਾਤਰ ਥਾਵਾਂ 'ਤੇ ਆਮ ਰੁਟੀਨ ਵਾਂਗ ਹਲਚਲ ਦੇਖਣ ਨੂੰ ਮਿਲੀ |
'ਬਲੈਕ ਆਊਟ' ਦੇ ਐਲਾਨ ਨੂੰ ਲੋਕਾਂ ਵਲੋਂ ਰਲਵਾਂ ਮਿਲਵਾਂ ਹੁੰਗਾਰਾ <br/>
ਅਜੀਤ ਡੈਸਕ
25-04-2026