ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਅਗਾਊਾ ਜ਼ਮਾਨਤ
ਅਜੀਤ ਡੈਸਕ
02-05-2026
ਨਵੀਂ ਦਿੱਲੀ, 1 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕਾਂਗਰਸੀ ਨੇਤਾ ਪਵਨ ਖੇੜਾ ਨੂੰ ਵੱਡੀ ਰਾਹਤ ਦਿੰਦਿਆਂ ਅਗਾਊਾ ਜ਼ਮਾਨਤ ਦੇ ਦਿੱਤੀ ਹੈ | ਅਸਾਮ ਦੇ ਮੁੱਖ ਮੰਤਰੀ ਹਿੰਮਤਾ ਵਿਸਵਾ ਸਰਮਾ ਦੀ ਪਤਨੀ ਰਿੰਕੀ ਭੂਈਆ 'ਤੇ ਕੀਤੀ ਗਈ ਟਿੱਪਣੀ ਦੇ ਮਾਮਲੇ 'ਚ ਵੀਰਵਾਰ ਨੂੰ ਪਵਨ ਖੇੜਾ ਦੀ ਪਟੀਸ਼ਨ 'ਤੇ ਸੁਣਵਾਈ ਪੂਰੀ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਕੁਝ ਸ਼ਰਤਾਂ ਦੇ ਨਾਲ ਅਗਾਊਾ ਜ਼ਮਾਨਤ ਦੇ ਦਿੱਤੀ | ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਾਮਲਾ ਹਿਰਾਸਤ 'ਚ ਪੁੱਛਗਿੱਛ ਵਾਲਾ ਘੱਟ ਸਗੋਂ ਸਿਆਸੀ ਮੁਕਾਬਲੇਬਾਜ਼ੀ ਦਾ ਜ਼ਿਆਦਾ ਹੈ | ਅਦਾਲਤ ਨੇ ਅਗਾਂਹੂ ਜ਼ਮਾਨਤ ਦਿੰਦਿਆਂ ਕਿਹਾ ਕਿ ਸਾਡੀ ਰਾਇ ਹੈ ਕਿ ਇਸ ਮਾਮਲੇ 'ਤੇ ਇਕ-ਦੂਜੇ ਦੇ ਖ਼ਿਲਾਫ਼ ਜੋ ਦੋਸ਼ ਸਾਹਮਣੇ ਆਏ ਹਨ, ਉਹ ਪਹਿਲੀ ਨਜ਼ਰ 'ਚ ਸਿਆਸਤ ਤੋਂ ਪ੍ਰੇਰਿਤ ਅਤੇ ਆਪਸੀ ਰੰਜਿਸ਼ ਤੋਂ ਪ੍ਰਭਾਵਿਤ ਲੱਗਦੇ ਹਨ | ਅਜਿਹੇ ਹਾਲਾਤ 'ਚ ਪਵਨ ਖੇੜਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਨਹੀਂ ਹੈ | ਜਾਂਚ ਏਜੰਸੀਆਂ ਬਿਨਾਂ ਹਿਰਾਸਤ 'ਚ ਲਏ ਵੀ ਮਾਮਲੇ ਦੀ ਜਾਂਚ ਅੱਗੇ ਵਧਾ ਸਕਦੀਆਂ ਹਨ | ਹਾਲਾਂਕਿ ਅਦਾਲਤ ਨੇ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਵੀ ਜੋੜੀਆਂ, ਜਿਸ ਮੁਤਾਬਿਕ ਪਵਨ ਖੇੜਾ ਨੂੰ ਜਾਂਚ 'ਚ ਪੂਰਾ ਸਹਿਯੋਗ ਕਰਨਾ ਹੋਵੇਗਾ | ਜਦੋਂ ਵੀ ਪੁਲਿਸ ਸਟੇਸ਼ਨ ਸੱਦਿਆ ਜਾਏ, ਹਾਜ਼ਰ ਹੋਣਾ ਪਵੇਗਾ |