ਅੰਮਿ੍ਤਸਰ, 1 ਮਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਸ਼ੱਕੀ ਹਾਲਾਤਾਂ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨਾਲ ਸੰਬੰਧਿਤ ਅੱਤਵਾਦੀਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ | ਇਸੇ ਤਰ੍ਹਾਂ ਦੀ ਇਕ ਘਟਨਾ 'ਚ ਲੰਘੇ ਦਿਨ ਪਾਕਿ ਦੇ ਬਹਾਵਲਪੁਰ ਸ਼ਹਿਰ ਵਿਚ ਇਕ ਅਣਪਛਾਤੇ ਵਾਹਨ ਨਾਲ ਟੱਕਰ 'ਚ ਜੈਸ਼ ਦੇ ਚੋਟੀ ਦੇ ਕਮਾਂਡਰ ਮੌਲਾਨਾ ਸਲਮਾਨ ਦੀ ਮੌਤ ਹੋ ਗਈ | ਉਹ ਜੈਸ਼ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦੇ ਨੇੜੇ ਸੀ ਅਤੇ 2001 ਦੇ ਸੰਸਦ ਹਮਲੇ ਅਤੇ 2019 ਦੇ ਪੁਲਵਾਮਾ ਹਮਲੇ ਸਮੇਤ ਭਾਰਤ 'ਚ ਕਈ ਵੱਡੇ ਅੱਤਵਾਦੀ ਹਮਲਿਆਂ ਵਿਚ ਸ਼ਾਮਿਲ ਸੀ | ਉਹ ਆਪ੍ਰੇਸ਼ਨ ਸੰਧੂਰ ਦੌਰਾਨ ਜੈਸ਼ ਦੇ ਬਹਾਵਲਪੁਰ ਹੈੱਡਕੁਆਰਟਰ 'ਤੇ ਬੰਬ ਧਮਾਕੇ ਵਿਚ ਜ਼ਖ਼ਮੀ ਹੋਏ ਲੋਕਾਂ 'ਚੋਂ ਇਕ ਸੀ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੌਲਾਨਾ ਸਲਮਾਨ ਨੂੰ ਬਹਾਵਲਪੁਰ 'ਚ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ਵਿਖੇ ਮਰਕਜ਼ ਸੁਭਾਨੱਲ੍ਹਾ ਵਿਖੇ ਦਫ਼ਨਾਇਆ ਗਿਆ | ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਸੈਨਾ ਦੇ ਕੁਝ ਅਧਿਕਾਰੀ ਵੀ ਉਸ ਦੇ ਅੰਤਿਮ ਜਨਾਜ਼ੇ 'ਚ ਸ਼ਾਮਿਲ ਹੋਏ | ਦੱਸਣਯੋਗ ਹੈ ਕਿ ਮੌਲਾਨਾ ਸਲਮਾਨ ਤੋਂ ਪਹਿਲਾਂ ਵੀ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਜਾਂ ਅੱਤਵਾਦੀ ਰਹੱਸਮਈ ਹਾਲਾਤਾਂ ਵਿਚ ਮਾਰੇ ਜਾ ਚੁੱਕੇ ਹਨ | ਸਲਮਾਨ ਦੀ ਮੌਤ ਤੋਂ ਸਿਰਫ਼ ਦੋ ਦਿਨ ਪਹਿਲਾਂ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਅੱਤਵਾਦੀ ਸ਼ੇਖ ਯੂਸਫ਼ ਅਫਰੀਦੀ ਦੀ ਖੈਬਰ ਪਖਤੂਨਖਵਾ 'ਚ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ ਸੀ |