ਵਾਸ਼ਿੰਗਟਨ/ਤਹਿਰਾਨ, 5 ਮਈ (ਏਜੰਸੀ)-ਅਮਰੀਕਾ ਅਤੇ ਈਰਾਨ ਦਰਮਿਆਨ ਜਾਰੀ ਜੰਗਬੰਦੀ ਹੁਣ ਹੋਰਮੁਜ਼ ਜਲ ਮਾਰਗ ਨੂੰ ਲੈ ਕੇ ਟੁੱਟਣ ਦੇ ਨੇੜੇ ਹੈ | ਇਹ ਹਾਲਾਤ ਉਸ ਸਮੇਂ ਬਣੇ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਜ਼ਰੀਏ ਈਰਾਨ ਵਲੋਂ ਆਏ ਤਾਜ਼ਾ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਜਹਾਜ਼ਾਂ ਨੂੰ ਇਸ ਮਹੱਤਵਪੂਰਨ ਜਲ ਮਾਰਗ ਰਾਹੀਂ ਲੰਘਣ 'ਚ ਮਦਦ ਕਰਨ ਲਈ 'ਪ੍ਰਾਜੈਕਟ ਫ੍ਰੀਡਮ' ਸ਼ੁਰੂ ਕੀਤਾ | ਤਣਾਅ ਉਸ ਵੇਲੇ ਵਧ ਗਿਆ ਜਦੋਂ ਈਰਾਨ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਫੁਜੇਰਾਹ ਪੈਟਰੋਲੀਅਮ ਇੰਡਸਟਰੀਜ਼ ਜ਼ੋਨ 'ਤੇ ਡਰੋਨ ਹਮਲਾ ਕੀਤਾ, ਜਿਸ 'ਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ | ਸੰਸਾਰ ਦੇ ਸਭ ਤੋਂ ਅਹਿਮ ਸਮੁੰਦਰੀ ਮਾਰਗ ਹੋਰਮੁਜ਼ ਜਲਡਮਰੂ ਵਿਚ ਈਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਦੇ ਖ਼ਤਰੇ ਵਿਚ ਪੈਣ ਕਾਰਨ ਤਣਾਅ ਬੇਹੱਦ ਵਧ ਗਿਆ ਹੈ | ਅਮਰੀਕੀ ਫ਼ੌਜ ਨੇ ਸੋਮਵਾਰ ਨੂੰ ਇਸ ਰਸਤੇ ਰਾਹੀਂ ਫਸੇ ਹੋਏ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ | ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਐਡਮਿਰਲ ਬ੍ਰੈਡ ਕੂਪਰ ਨੇ ਦੱਸਿਆ ਕਿ ਈਰਾਨ ਨੇ ਸੋਮਵਾਰ ਨੂੰ ਹੋਰਮੁਜ਼ ਦੇ ਇਲਾਕੇ ਵਿਚ ਹਮਲਾਵਰ ਰੁਖ਼ ਅਪਣਾਇਆ, ਜਿਸ ਤੋਂ ਬਾਅਦ ਅਮਰੀਕੀ ਹੈਲੀਕਾਪਟਰਾਂ ਨੇ ਈਰਾਨ ਦੀਆਂ ਛੇ ਛੋਟੀਆਂ ਕਿਸ਼ਤੀਆਂ ਨੂੰ ਡੋਬ ਦਿੱਤਾ ਜੋ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ | ਕੂਪਰ ਅਨੁਸਾਰ ਈਰਾਨ ਨੇ ਕਈ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਦੀ ਕੋਸ਼ਿਸ਼ ਕੀਤੀ ਸੀ, ਪਰ ਅਮਰੀਕੀ ਸੁਰੱਖਿਆ ਛੱਤਰੀ ਨੇ ਇਨ੍ਹਾਂ ਸਾਰੇ ਖ਼ਤਰਿਆਂ ਨੂੰ ਨਾਕਾਮ ਕਰ ਦਿੱਤਾ | ਅਮਰੀਕਾ ਲਗਭਗ ਬੰਦ ਜਲਮਾਰਗ ਦੇ ਰਾਹੀਂ ਖਾੜੀ 'ਚ ਫਸੇ ਜਹਾਜ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ |