15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬਦਲੇ ਦੀ ਸਿਆਸਤ ਦਾ ਅੰਤ ਖ਼ਤਰਨਾਕ ਹੋਵੇਗਾ-ਰਾਘਵ ਚੱਢਾ <br/>

Ad Position 21
No active advertisement
ਅਜੀਤ ਡੈਸਕ 06-05-2026

'ਆਪ' ਦੇ 4 ਬਾਗ਼ੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 5 ਮਈ (ਉਪਮਾ ਡਾਗਾ ਪਾਰਥ)-'ਆਪ' 'ਚੋਂ ਬਾਗ਼ੀ ਹੋ ਕੇ ਹੁਣ ਭਾਜਪਾ ਦੇ ਨੇਤਾ ਬਣੇ ਰਾਘਵ ਚੱਢਾ ਸਮੇਤ 4 ਸੰਸਦ ਮੈਂਬਰਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਦੀ ਸ਼ਿਕਾਇਤ ਲੈ ਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ | ਦਿਲਚਸਪ ਗੱਲ ਇਹ ਹੈ ਕਿ ਪੰਜਾਬ ਸਿਆਸਤ 'ਚ ਭੁਚਾਲ ਲਿਆਉਣ ਦੇ ਘਟਨਾਕ੍ਰਮ ਨਾਲ ਸੰਬੰਧਿਤ ਦੋਵੇਂ ਧਿਰਾਂ 'ਆਪ' ਅਤੇ ਬਾਗ਼ੀ ਸੰਸਦ ਮੈਂਬਰ ਮੰਗਲਵਾਰ ਨੂੰ ਵੱਖੋ-ਵੱਖ ਸਮੇਂ 'ਤੇ ਰਾਸ਼ਟਰਪਤੀ ਕੋਲ ਪਹੁੰਚੇ | ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਪਹਿਲਾਂ ਮੁਲਾਕਾਤ ਕਰਨ ਵਾਲੇ ਸੰੰਸਦ ਮੈਂਬਰਾਂ, ਜਿਸ 'ਚ ਰਾਘਵ ਚੱਢਾ ਤੋਂ ਇਲਾਵਾ ਸੰਦੀਪ ਪਾਠਕ, ਅਸ਼ੋਕ ਮਿੱਤਲ ਅਤੇ ਰਜਿੰਦਰ ਗੁਪਤਾ ਸ਼ਾਮਿਲ ਸਨ, ਨੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਆਪ' ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਅਤੇ 'ਆਪ' ਨੇ ਬਦਲੇ ਦੀ ਭਾਵਨਾ 'ਚ ਜਿਸ ਤਰ੍ਹਾਂ ਰਾਜ ਦੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ ਉਹ ਬਹੁਤ ਚਿੰਤਾਜਨਕ ਹੈ | ਜਿਨ੍ਹਾਂ ਸੰਸਦ ਮੈਂਬਰਾਂ ਨੇ ਪਾਰਟੀ ਛੱਡੀ ਹੈ ਉਨ੍ਹਾਂ ਖ਼ਿਲਾਫ਼ ਸਰਕਾਰੀ ਏਜੰਸੀਆਂ ਦੀ ਕਿਵੇਂ ਦੁਰਵਰਤੋਂ ਕੀਤੀ ਗਈ, ਇਸ ਨੂੰ ਰਾਸ਼ਟਰਪਤੀ ਅੱਗੇ ਰੱਖਿਆ | ਰਾਘਵ ਚੱਢਾ ਨੇ ਨਾਂਅ ਲੈਂਦਿਆਂ ਕਿਹਾ ਕਿ ਹਰਭਜਨ ਸਿੰਘ ਨੂੰ ਦੇਸ਼ਧ੍ਰੋਹੀ ਕਿਹਾ ਗਿਆ ਅਤੇ ਪੰਜਾਬ ਪੁਲਿਸ ਦੀ ਮਦਦ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ | ਰਜਿੰਦਰ ਗੁਪਤਾ ਦੀ ਫੈਕਟਰੀ ਦੇ ਪਾਣੀ ਦਾ ਕੁਨੈਕਸ਼ਨ ਕੱਟਿਆ ਗਿਆ ਅਤੇ ਪ੍ਰਦੂਸ਼ਣ ਬੋਰਡ ਦੀ ਛਾਪੇਮਾਰੀ ਕਰਵਾਈ ਗਈ | ਸੰਦੀਪ ਪਾਠਕ ਖ਼ਿਲਾਫ਼ ਫਰਜ਼ੀ ਐਫ.ਆਈ.ਆਰ. ਦਰਜ ਕਰਵਾਈ ਗਈ |
ਮੇਰੇ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਦੀ ਤਿਆਰੀ-ਰਾਘਵ ਚੱਢਾ
ਰਾਘਵ ਚੱਢਾ ਨੇ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ 'ਆਪ' ਦਾ ਅਗਲਾ ਨਿਸ਼ਾਨਾ ਉਹ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਜੇਕਰ ਕੋਈ ਮਨਘੜਤ ਮੁਕੱਦਮਾ ਬਣਾਇਆ ਜਾਂਦਾ ਹੈ ਤਾਂ ਇਹ ਉਸੇ ਸਿਆਸੀ ਬਦਲਾਖੋਰੀ ਦਾ ਹਿੱਸਾ ਹੋਵੇਗਾ | ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਜਦੋਂ ਤੱਕ ਅਸੀਂ ਉਨ੍ਹਾਂ 'ਆਪ' ਦੇ ਨਾਲ ਸੀ ਤਾਂ ਅਸੀਂ ਸੰਸਕਾਰੀ ਅਤੇ ਇਮਾਨਦਾਰ ਸੀ ਹੁਣ ਪਾਰਟੀ ਛੱਡਦਿਆਂ ਹੀ ਅਸੀਂ ਭਿ੍ਸ਼ਟਾਚਾਰੀ ਹੋ ਗਏ |
ਬਦਲੇ ਦੀ ਸਿਆਸਤ ਦਾ ਅੰਤ ਖ਼ਤਰਨਾਕ ਹੋਵੇਗਾ
ਰਾਘਵ ਚੱਢਾ ਨੇ 'ਆਪ' 'ਤੇ ਬਦਲੇ ਦੀ ਸਿਆਸਤ ਕਰਨ ਦਾ ਦੋਸ਼ ਲਗਾਉਂਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਬਦਲੇ ਦੀ ਸਿਆਸਤ ਦਾ ਅੰਤ ਖ਼ਤਰਨਾਕ ਹੋਵੇਗਾ | ਉਨ੍ਹਾਂ ਕਿਹਾ ਕਿ 'ਆਪ' ਕੋਲ ਸਿਰਫ਼ ਇਕ ਰਾਜ ਦੀ ਸੱਤਾ ਹੈ, ਜਦਕਿ ਭਾਜਪਾ ਕੋਲ 21 ਰਾਜ ਹਨ | ਅਜਿਹੇ 'ਚ ਬਦਲੇ ਦੀ ਸਿਆਸਤ ਸ਼ੁਰੂ ਹੋਈ ਤਾਂ ਸਥਿਤੀ ਖ਼ਤਰਨਾਕ ਹੋ ਸਕਦੀ ਹੈ | ਰਾਘਵ ਚੱਢਾ ਨੇ ਦਾਅਵਾ ਕਰਦਿਆਂ ਕਿਹਾ ਕਿ ਅਫ਼ਵਾਹਾਂ 'ਤੇ ਝੂਠੇ ਕੇਸ ਦਰਜ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ 'ਕੁਝ ਮਹੀਨਿਆਂ ਦੀ ਮਹਿਮਾਨ' ਦੱਸਦਿਆਂ ਕਿਹਾ ਕਿ ਪੰਜਾਬ 'ਚ ਲੋਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ | ਇਸ ਗੱਲ ਨੂੰ ਮੁੱਖ ਮੰਤਰੀ ਜਿੰਨੀ ਛੇਤੀ ਸਮਝ ਲੈਣ ਬਿਹਤਰ ਹੋਵੇਗਾ | ਰਾਘਵ ਚੱਢਾ ਨੇ ਕਿਹਾ ਕਿ ਰਾਸ਼ਟਰਪਤੀ ਨੇ ਉੱਚਿਤ ਕਾਰਵਾਈ ਦਾ ਭਰੋਸਾ ਦਿਵਾਇਆ |
ਸਿਰ 'ਤੇ ਕੱਫਣ ਬੰਨ੍ਹ ਕੇ ਨਿਕਲੇ ਹਾਂ-ਸੰਦੀਪ ਪਾਠਕ
ਹਾਲ ਹੀ 'ਚ ਪੰਜਾਬ ਸਰਕਾਰ ਦੇ ਨਿਸ਼ਾਨੇ 'ਤੇ ਆਏ ਸੰਦੀਪ ਪਾਠਕ, ਜਿਨ੍ਹਾਂ ਖ਼ਿਲਾਫ਼ ਪੰਜਾਬ 'ਚ ਦੋ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਜਿਨ੍ਹਾਂ ਨੂੰ ਗਿ੍ਫ਼ਤਾਰ ਕਰਨ ਪੰਜਾਬ ਪੁਲਿਸ ਉਨ੍ਹਾਂ ਦੀ ਦਿੱਲੀ ਰਿਹਾਇਸ਼ 'ਤੇ ਵੀ ਪਹੁੰਚੀ ਸੀ, ਹਾਲਾਂਕਿ ਉਹ ਪਿਛਲੇ ਗੇਟ ਰਾਹੀਂ ਚਲੇ ਗਏ ਸਨ, ਨੇ ਆਪਣੀ ਪੁਰਾਣੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ 'ਆਪ' ਵਲੋਂ ਡਰ ਅਤੇ ਘਬਰਾਹਟ 'ਚ ਸਾਡੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਸੰਦੀਪ ਪਾਠਕ ਨੇ ਇਨ੍ਹਾਂ 'ਮੁਸ਼ਕਿਲਾਂ' ਨਾਲ ਨਜਿੱਠਣ ਲਈ ਕਾਨੂੰਨੀ ਰਾਹ ਅਖ਼ਤਿਆਰ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਸਿਰ 'ਤੇ ਕੱਫਣ ਬੰਨ੍ਹ ਕੇ ਨਿਕਲੇ ਹਾਂ, ਜੋ ਦੇਸ਼ ਹਿਤ 'ਚ ਸਹੀ ਹੈ, ਉਹੀ ਕਰ ਰਹੇ ਹਾਂ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਬਾਗ਼ੀ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ <br/> ਅਗਲੀ ਖ਼ਬਰ ਪੰਜਾਬ ਰੋਕੇਗਾ ਭਾਜਪਾ ਦਾ ਜੇਤੂ ਰੱਥ-ਕੇਜਰੀਵਾਲ
Ad Position 24