ਭਾਰਤ ਸ਼ਾਂਤੀ ਲਈ ਨਿਭਾਅ ਸਕਦਾ ਵੱਡੀ ਭੂਮਿਕਾ-ਈਰਾਨ
ਨਵੀਂ ਦਿੱਲੀ, 15 ਮਈ (ਉਪਮਾ ਡਾਗਾ ਪਾਰਥ)-ਭਾਰਤ ਦੀ ਮੇਜ਼ਬਾਨੀ ਹੇਠ ਦਿੱਲੀ 'ਚ ਹੋ ਰਹੀ ਬਿ੍ਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਦਿਨਾ ਬੈਠਕ 'ਤੇ ਮੱਧ ਪੂਰਬੀ ਸੰਕਟ ਦਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇਹ ਬੈਠਕ ਬਿਨਾਂ ਕਿਸੇ ਸਾਂਝੇ ਬਿਆਨ ਤੋਂ ਖ਼ਤਮ ਹੋ ਗਈ | ਮੇਜ਼ਬਾਨ ਭਾਰਤ ਨੇ ਕਿਹਾ ਕਿ ਮੱਧ ਪੂਰਬ ਦੀ ਸਥਿਤੀ ਨੂੰ ਲੈ ਕੇ ਮੈਂਬਰ ਦੇਸ਼ਾਂ ਦਰਮਿਆਨ ਕੁਝ ਮੁੱਦਿਆਂ 'ਤੇ ਵੱਖੋ-ਵੱਖ ਰਾਇ ਹੋਣ ਦੇ ਕਾਰਨ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਜਾ ਸਕਿਆ | ਹਾਸਿਲ ਜਾਣਕਾਰੀ ਮੁਤਾਬਿਕ ਬਿ੍ਕਸ ਦੀ ਬੈਠਕ ਦੌਰਾਨ ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ ਜਦੋਂ ਬੈਠਕ 'ਚ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਯੂ.ਏ.ਈ. ਦੇ ਵਿਦੇਸ਼ ਰਾਜ ਮੰਤਰੀ ਖਲੀਫਾ ਸ਼ਾਹੀਨ ਅਲ ਮਗਰ ਦਰਮਿਆਨ ਤਿੱਖੀ ਬਹਿਸ ਵੇਖਣ ਨੂੰ ਮਿਲੀ | ਮੇਜ਼ਬਾਨ ਭਾਰਤ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮੈਂਬਰ ਦੇਸ਼ਾਂ ਨੇ ਪ੍ਰਭੂਸੱਤਾ, ਸਮੁੰਦਰੀ ਸੁਰੱਖਿਆ, ਨਾਗਰਿਕ ਢਾਂਚੇ ਦੀ ਸੁਰੱਖਿਆ ਅਤੇ ਮੱਧ ਪੂਰਬ 'ਚ ਆਮ ਲੋਕਾਂ ਦੀ ਜਾਨ ਦੀ ਰਾਖੀ ਜਿਹੇ ਮੁੱਦਿਆਂ 'ਤੇ ਆਪੋ-ਆਪਣੇ ਦੇਸ਼ਾਂ ਦੀ ਸਥਿਤੀ ਸਪੱਸ਼ਟ ਕਰਦਿਆਂ ਆਪਣੀ ਰਾਇ ਰੱਖੀ | ਬਿਆਨ 'ਚ ਇਕ ਫੁਟਨੋਟ 'ਚ ਇਹ ਵੀ ਕਿਹਾ ਗਿਆ ਕਿ ਇਕ ਮੈਂਬਰ ਦੇਸ਼ ਨੂੰ ਗਾਜਾ ਅਤੇ ਲਾਲ ਸਾਗਰ 'ਤੇ ਬਾਬ-ਅਲ-ਮੰਦੇਬ ਸਟਰੇਟ ਦੀ ਸੁਰੱਖਿਆ ਨਾਲ ਜੁੜੇ ਹਿੱਸਿਆਂ 'ਤੇ ਇਤਰਾਜ਼ ਸੀ | ਬਿ੍ਕਸ 'ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫ਼ਰੀਕਾ, ਇਥੋਪੀਆ, ਮਿਸਰ, ਈਰਾਨ, ਸੰਯੁਕਤ ਅਰਬ ਅਮੀਰਾਤ ਅਤੇ ਇੰਡੋਨੇਸ਼ੀਆ ਸ਼ਾਮਿਲ ਹਨ |
ਈਰਾਨ ਅਤੇ ਯੂ.ਏ.ਈ. ਦੇ ਮੰਤਰੀਆਂ 'ਚ ਹੋਈ ਤਿੱਖੀ ਬਹਿਸ
ਬਿ੍ਕਸ ਦੀ ਬੈਠਕ 'ਚ ਈਰਾਨ ਅਤੇ ਯੂ.ਏ.ਈ. ਦਰਮਿਆਨ ਤਿੱਖੀ ਬਹਿਸ ਹੋਈ, ਜਿਸ 'ਚ ਅਰਾਘਚੀ ਨੇ ਕਿਹਾ ਕਿ ਈਰਾਨ ਗ਼ੈਰ-ਕਾਨੂੰਨੀ ਜੰਗ ਦਾ ਸ਼ਿਕਾਰ ਹੋ ਰਿਹਾ ਹੈ | ਉਨ੍ਹਾਂ ਬਿ੍ਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਲਈ ਅਮਰੀਕਾ ਅਤੇ ਇਜ਼ਰਾਈਲ ਦੀ ਖੁੱਲ੍ਹ ਕੇ ਨਿਖੇਧੀ ਕਰਨ ਦੀ ਅਪੀਲ ਕੀਤੀ | ਯੂ.ਏ.ਈ. ਦੇ ਮੰਤਰੀ ਨੇ ਈਰਾਨ ਦਾ ਸਿੱਧੇ ਤੌਰ 'ਤੇ ਨਾਂਅ ਲੈ ਕੇ ਦੋਸ਼ ਲਗਾਇਆ ਕਿ ਉਸ ਨੇ ਗੁਆਂਢੀ ਦੇਸ਼ਾਂ 'ਤੇ ਹਮਲੇ ਕੀਤੇ, ਜਿਸ 'ਤੇ ਅਰਾਘਚੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਯੂ.ਏ.ਈ. ਨੇ ਈਰਾਨ ਦੇ ਖ਼ਿਲਾਫ਼ ਹਮਲੇ ਲਈ ਅਮਰੀਕਾ ਨੂੰ ਆਪਣੀ ਜ਼ਮੀਨ ਇਸਤੇਮਾਲ ਕਰਨ ਦਿੱਤੀ | ਦੋਹਾਂ ਨੇਤਾਵਾਂ ਦੀ ਆਪਸੀ ਤੁਹਮਤਬਾਜ਼ੀ ਕਾਰਨ ਸਾਂਝਾ ਬਿਆਨ ਜਾਰੀ ਨਾ ਹੋ ਸਕਿਆ |
ਬਦਲਾਅ ਪਸੰਦ ਦਾ ਮਾਮਲਾ ਨਹੀਂ ਸਗੋਂ ਜ਼ਰੂਰਤ- ਭਾਰਤ
ਬਿ੍ਕਸ ਸੰਮੇਲਨ ਦੇ ਦੂਜੇ ਦਿਨ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਸੁਧਾਰਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਬਦਲਾਅ ਪਸੰਦ ਦਾ ਮਾਮਲਾ ਨਹੀਂ, ਸਗੋਂ ਜ਼ਰੂਰਤ ਹੈ | ਜੈਸ਼ੰਕਰ ਨੇ ਆਲਮੀ ਤਣਾਅ ਵੱਲ ਸੰਕੇਤ ਕਰਦਿਆਂ ਕਿਹਾ ਕਿ ਅਸੀਂ ਅਜਿਹੇ ਸਮੇਂ 'ਤੇ ਮਿਲ ਰਹੇ ਹਾਂ ਜਦੋਂ ਆਲਮੀ ਸ਼ਾਸਨ ਅਤੇ ਬਹੁਧਿਰਵਾਦ 'ਤੇ ਸਵਾਲ ਉੱਠ ਰਹੇ ਹਨ | ਉਨ੍ਹਾਂ ਕਿਹਾ ਕਿ ਅਜੋਕੀ ਦੁਨੀਆ ਪਹਿਲਾਂ ਦੀ ਤੁਲਨਾ ਆਪਸ 'ਚ ਜ਼ਿਆਦਾ ਜੁੜੀ ਹੋਈ, ਜਟਿਲ ਅਤੇ ਬਹੁਧਿਰੀ ਹੈ | ਫਿਰ ਵੀ ਆਲਮੀ ਸ਼ਾਸਨ ਨੂੰ ਸਹਾਰਾ ਦੇਣ ਵਾਲੇ ਢਾਂਚੇ ਬਦਲਾਵਾਂ ਦੇ ਨਾਲ ਤਾਲਮੇਲ ਨਹੀਂ ਬਿਠਾ ਸਕੇ | ਵਿਦੇਸ਼ ਮੰਤਰੀ ਨੇ ਕਿਹਾ ਕਿ ਭਰੋਸੇ ਦੀ ਕਮੀ ਤੋਂ ਲੈ ਕੇ ਫ਼ੈਸਲੇ ਲੈਣ ਦੀਆਂ ਕਮੀਆਂ ਸਮੇਤ ਬਹੁਧਿਰੀ ਢਾਂਚੇ 'ਤੇ ਕਾਫੀ ਦਬਾਅ ਹੈ | ਇਸ ਲਈ ਸੁਧਾਰ ਪਸੰਦ ਦਾ ਮਾਮਲਾ ਨਹੀਂ, ਸਗੋਂ ਜ਼ਰੂਰਤ ਹੈ |
ਮੱਧ ਪੂਰਬ ਤਣਾਅ ਦਾ ਅਸਰ-'ਬਿ੍ਕਸ' ਸੰਮੇਲਨ ਸਾਂਝੇ ਬਿਆਨ ਤੋਂ ਬਿਨਾਂ ਸਮਾਪਤ
ਅਜੀਤ ਡੈਸਕ
16-05-2026