ਪੈਟਰੋਲ ਦੀ ਬਰਾਮਦ 'ਤੇ ਵੀ ਲਗਾਇਆ 3 ਰੁਪਏ ਟੈਕਸ, ਡੀਜ਼ਲ, ਏ.ਟੀ.ਐਫ. 'ਤੇ ਕਰ 'ਚ ਕਟੌਤੀ
ਨਵੀਂ ਦਿੱਲੀ, 15 ਮਈ (ਉਪਮਾ ਡਾਗਾ ਪਾਰਥ, ਪੀ.ਟੀ.ਆਈ.)-ਸ਼ੁੱਕਰਵਾਰ ਸਵੇਰੇ ਆਮ ਜਨਤਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. ਦੀਆਂ ਕੀਮਤਾਂ 'ਚ ਇਜ਼ਾਫਾ ਕੀਤਾ ਗਿਆ | ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3 ਰੁਪਏ ਤੋਂ ਲੈ ਕੇ 3.60 ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਦਕਿ ਸੀ.ਐਨ.ਜੀ. ਦੀਆਂ ਕੀਮਤਾਂ 'ਚ 2 ਰੁਪਏ ਦਾ ਵਾਧਾ ਕੀਤਾ ਗਿਆ | ਵਾਧੇ ਤੋਂ ਬਾਅਦ ਦਿੱਲੀ 'ਚ ਪੈਟਰੋਲ ਦੀ ਕੀਮਤ 97.77 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਕੀਮਤ 90.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ | ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਸ਼ੁੱਕਰਵਾਰ ਸਵੇਰੇ ਤੋਂ ਲਾਗੂ ਹੋ ਗਿਆ ਹੈ, ਜਦਕਿ ਸੀ.ਐਨ.ਜੀ., ਜਿਸ 'ਚ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਕੀਮਤ 79.09 ਰੁਪਏ ਪ੍ਰਤੀ ਲੀਟਰ ਹੋ ਗਈ ਹੈ, 'ਚ ਵਾਧਾ ਵੀਰਵਾਰ ਰਾਤ ਤੋਂ ਲਾਗੂ ਕਰ ਦਿੱਤਾ ਗਿਆ ਸੀ | ਸ਼ੁੱਕਰਵਾਰ ਦੀ ਰਾਤ ਨੂੰ ਸਰਕਾਰ ਨੇ ਇਕ ਹੋਰ ਫੈਸਲਾ ਲੈਂਦਿਆਂ ਪੈਟਰੋਲ ਦੀ ਬਰਾਮਦ 'ਤੇ 3 ਰੁਪਏ ਪ੍ਰਤੀ ਲੀਟਰ ਦਾ ਟੈਕਸ ਲਗਾ ਦਿੱਤਾ, ਜਦੋਂਕਿ ਡੀਜ਼ਲ 'ਤੇ ਕਰ ਘਟਾ ਕੇ 16.5 ਰੁਪਏ ਪ੍ਰਤੀ ਲੀਟਰ ਅਤੇ ਏ. ਟੀ. ਐਫ. (ਜਹਾਜ਼ਾਂ 'ਚ ਵਰਤਿਆ ਜਾਣ ਵਾਲਾ ਤੇਲ) 'ਤੇ 16 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ | ਇਹ ਦਰਾਂ 16 ਮਈ ਤੋਂ ਲਾਗੂ ਹੋਣਗੀਆਂ | ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਨਿਰਯਾਤ 'ਤੇ ਸੜਕ ਅਤੇ ਬੁਨਿਆਦੀ ਢਾਂਚਾ ਸੈਸ ਸਿਫਰ ਹੋਵੇਗਾ | ਨਾਲ ਹੀ ਘਰੇਲੂ ਖਪਤ ਲਈ ਜਾਰੀ ਕੀਤੇ ਗਏ ਪੈਟਰੋਲ ਅਤੇ ਡੀਜ਼ਲ 'ਤੇ ਮੌਜੂਦਾ ਡਿਊਟੀ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ | ਪੱਛਮੀ ਏਸ਼ੀਆ ਸੰਕਟ ਦੀ ਸ਼ੁਰੂਆਤ ਦੇ ਬਾਅਦ ਤੋਂ ਪਹਿਲੀ ਵਾਰ ਪੈਟਰੋਲ 'ਤੇ 3 ਰੁਪਏ ਪ੍ਰਤੀ ਲੀਟਰ ਦਾ ਵਿਸ਼ੇਸ਼ ਵਾਧੂ ਉਤਪਾਦ ਕਰ ਲਗਾਇਆ ਗਿਆ ਹੈ | ਡੀਜ਼ਲ ਦੀ ਬਰਾਮਦ 'ਤੇ ਡਿਊਟੀ 23 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 16.5 ਰੁਪਏ ਪ੍ਰਤੀ ਲੀਟਰ ਅਤੇ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐਫ.) 'ਤੇ 33 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 16 ਰੁਪਏ ਕਰ ਦਿੱਤੀ ਗਈ ਹੈ |
ਚੋਣਾਂ ਖ਼ਤਮ, ਵਸੂਲੀ ਸ਼ੁਰੂ-ਕਾਂਗਰਸ
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕੇਂਦਰ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਗ਼ਲਤੀ ਮੋਦੀ ਸਰਕਾਰ ਦੀ, ਕੀਮਤ ਜਨਤਾ ਚੁਕਾਏਗੀ | ਉਨ੍ਹਾਂ ਇਹ ਵੀ ਕਿਹਾ ਕਿ 3 ਰੁਪਏ ਦਾ ਝਟਕਾ ਆ ਚੁੱਕਾ ਹੈ, ਬਾਕੀ ਵਸੂਲੀ ਕਿਸ਼ਤਾਂ 'ਚ ਕੀਤੀ ਜਾਵੇਗੀ | ਕਾਂਗਰਸ ਦੇ ਮਹਾਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਦੋਂ ਸਾਲਾਂ ਤੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਘੱਟ ਸੀ ਤਾਂ ਮੋਦੀ ਸਰਕਾਰ ਨੇ ਖਪਤਕਾਰਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਨੂੰ ਲੁੱਟਿਆ | ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨਾਲ ਮਹਿੰਗਾਈ ਦਾ ਵਧਣਾ ਤੈਅ ਹੈ ਅਤੇ ਆਰਥਿਕ ਵਿਕਾਸ 'ਤੇ ਗਿਰਾਵਟ ਆਵੇਗੀ | ਟੀ.ਐਮ.ਸੀ. ਨੇਤਾ ਡੇਰੇਕ ਓ ਬ੍ਰਾਯਨ ਨੇ ਕਿਹਾ ਕਿ ਪਹਿਲਾਂ ਉਹ ਤੁਹਾਡੇ ਵੋਟ ਲੁੱਟਦੇ ਹਨ, ਫਿਰ ਉਹ ਤੁਹਾਨੂੰ ਉਥੇ ਸੱਟ ਮਾਰਦੇ ਹਨ, ਜਿਥੇ ਸਭ ਤੋਂ ਵੱਧ ਦਰਦ ਹੁੰਦਾ ਹੈ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਇਹ ਸਮਝਣਾ ਹੋਵੇਗਾ ਕਿ ਅੰਤਰਰਾਸ਼ਟਰੀ ਈਾਧਨ ਸੰਕਟ ਦੇ ਨਾਲ-ਨਾਲ ਇਸ ਵੇਲੇ ਭਾਰਤ 'ਚ ਆਰਥਿਕ ਸੰਕਟ ਦਾ ਮੁੱਖ ਕਾਰਨ ਮੋਦੀ ਸਰਕਾਰ ਦੀ ਲੀਡਰਸ਼ਿਪ ਦਾ ਸੰਕਟ, ਦੂਰਦਿ੍ਸ਼ਟੀ ਦੀ ਕਮੀ ਹੈ | ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਇਕ ਕਾਰਟੂਨ ਦੇ ਜ਼ਰੀਏ ਸਰਕਾਰ 'ਤੇ ਤਨਜ਼ ਕੱਸਿਆ, ਜਿਸ 'ਚ ਦੀਵਾਰ 'ਤੇ ਪ੍ਰਧਾਨ ਮੰਤਰੀ ਨਰਿੰੰਦਰ ਮੋਦੀ ਦੀ ਅਪੀਲ ਲਿਖੀ ਸੀ ਕਿ ਪੈਟਰੋਲ ਘੱਟ ਖ਼ਰਚ ਕਰੋ |
ਭਾਰਤ ਨੇ ਸੰਤੁਲਨ ਬਣਾਈ ਰੱਖਿਆ-ਰਿਜਿਜੂ
ਕੀਮਤਾਂ ਵਧਣ 'ਤੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਸਰਕਾਰ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਰਤ ਨੇ ਆਰਥਿਕ ਸਥਿਰਤਾ ਅਤੇ ਲੋਕ ਭਲਾਈ ਦਰਮਿਆਨ ਸੰਤੁਲਨ ਬਣਾਈ ਰੱਖਿਆ | ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਪੱਛਮੀ ਏਸ਼ੀਆ ਸੰਘਰਸ਼ ਤੋਂ ਬਾਅਦ ਜਦੋਂ ਦੁਨੀਆ ਭਰ 'ਚ ਈਾਧਨ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਤਾਂ ਭਾਰਤ ਨੇ ਸਥਿਰਤਾ ਬਣਾਈ ਰੱਖੀ |
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 3 ਰੁਪਏ ਦਾ ਵਾਧਾ
ਅਜੀਤ ਡੈਸਕ
16-05-2026