ਆਬੂ ਧਾਬੀ, 15 ਮਈ (ਪੀ.ਟੀ.ਆਈ.)-ਇਕ ਵਿਸ਼ੇਸ਼ ਸਨਮਾਨ ਦੇ ਤਹਿਤ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਐਫ-16 ਲੜਾਕੂ ਜਹਾਜ਼ਾਂ ਦੇ ਇਕ ਸਮੂਹ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਦੀ ਅਗਵਾਈ (ਇਸਕਾਰਟ) ਕੀਤੀ, ਜਦੋਂ ਇਸ ਨੇ ਖਾੜੀ ਦੇਸ਼ ਦੇ ਹਵਾਈ ਖੇਤਰ ਵਿਚ ਪ੍ਰਵੇਸ਼ ਕੀਤਾ | ਪ੍ਰਧਾਨ ਮੰਤਰੀ ਮੋਦੀ ਨੇ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੂੰ ਮੁਲਾਕਾਤ ਦੌਰਾਨ ਦੱਸਿਆ ਕਿ ਜਿਸ ਤਰ੍ਹਾਂ ਅੱਜ ਤੁਹਾਡੀ ਹਵਾਈ ਫ਼ੌਜ ਨੇ ਮੇਰੀ ਅਗਵਾਈ ਕੀਤੀ, ਉਹ ਭਾਰਤ ਦੇ ਲੋਕਾਂ ਲਈ ਇਕ ਸਨਮਾਨ ਹੈ | ਕਾਫ਼ੀ ਸਮੇਂ ਤੋਂ ਅਸੀਂ ਫ਼ੋਨ 'ਤੇ ਗੱਲ ਕਰ ਰਹੇ ਸੀ ਪਰ ਮੈਂ ਤੁਹਾਨੂੰ ਨਿੱਜੀ ਤੌਰ 'ਤੇ ਮਿਲਣ ਲਈ ਉਤਸੁਕ ਸੀ | ਮੈਂ ਅੱਜ ਤੁਹਾਨੂੰ ਮਿਲ ਕੇ ਬਹੁਤ ਖ਼ੁਸ਼ ਹਾਂ | ਸਰਕਾਰੀ ਨਿਊਜ਼ ਏਜੰਸੀ 'ਵਾਮ' ਦੀ ਰਿਪੋਰਟ ਅਨੁਸਾਰ, ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਜਾ ਰਿਹਾ ਜਹਾਜ਼ ਯੂ.ਏ.ਈ. ਦੇ ਹਵਾਈ ਖੇਤਰ 'ਚ ਦਾਖ਼ਲ ਹੋਇਆ, ਤਾਂ ਲੜਾਕੂ ਜਹਾਜ਼ਾਂ ਦੇ ਇਕ ਗਰੁੱਪ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ | ਰਿਪੋਰਟ ਵਿਚ ਅੱਗੇ ਕਿਹਾ ਗਿਆ ਕਿ ਸਕੁਐਡਰਨ ਲੀਡਰ ਨੇ ਸਵਾਗਤ ਵਜੋਂ ਜਹਾਜ਼ ਨੂੰ ਹਵਾਈ ਅੱਡੇ ਤੱਕ ਲੈ ਕੇ ਜਾਣ (ਇਸਕਾਰਟ ਕਰਨ) ਦੀ ਇਜਾਜ਼ਤ ਮੰਗੀ |