ਮਲੇਰਕੋਟਲਾ, 15 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਮਲੇਰਕੋਟਲਾ ਵਿਖੇ ਅੱਜ ਸ਼ਾਮ ਸਥਾਨਕ ਹਥੋਆ ਸੜਕ 'ਤੇ ਹੋਏ ਇਕ ਜ਼ੋਰਦਾਰ ਧਮਾਕੇ ਨਾਲ ਇਕ ਮੱਝ ਜ਼ਖ਼ਮੀ ਹੋ ਗਈ | ਇਹ ਧਮਾਕਾ ਮਲੇਰਕੋਟਲਾ ਦੇ ਬਾਹਰ ਦੀ ਲੰਘਦੀ ਲਸਾੜਾ ਡਰੇਨ 'ਤੇ ਹੋਇਆ | ਇਸ ਸੰਬੰਧੀ ਗੱਲਬਾਤ ਕਰਦਿਆਂ ਮੱਝ ਦੇ ਮਾਲਕ ਹਮੀਰ ਹਮਝਾ ਨੇ ਦੱਸਿਆ ਜਦ ਉਹ ਇਸ ਪਾਸੇ ਵੱਲ ਨੂੰ ਆਪਣੀਆਂ ਮੱਝਾਂ ਲੈ ਕੇ ਆ ਰਹੇ ਸਨ ਤਾਂ ਡਰੇਨ ਨੇੜੇ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਉਸ ਦੀ ਮੱਝ ਗੰਭੀਰ ਜ਼ਖ਼ਮੀ ਹੋ ਗਈ | ਮੌਕੇ 'ਤੇ ਪਹੁੰਚੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਥੇ ਕੂੜਾ ਸੁੱਟਿਆ ਜਾਂਦਾ ਹੋਣ ਕਰ ਕੇ ਹੋ ਸਕਦਾ ਹੈ ਕਿ ਕੋਈ ਪੁਟਾਸ਼ ਨੁੰਮਾ ਚੀਜ਼ ਦੇ ਨਾਲ ਧਮਾਕਾ ਹੋਇਆ ਹੋਵੇ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਫੋਰੈਂਸਿੰਕ ਟੀਮਾਂ ਵਲੋਂ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਜਿਸ ਜਗ੍ਹਾ 'ਤੇ ਇਹ ਧਮਾਕਾ ਹੋਇਆ ਉਥੋਂ ਕੁਝ ਦੂਰੀ 'ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬੀਬਾ ਰਜ਼ੀਆ ਸੁਲਤਾਨਾ ਤੇ ਸਾਬਕਾ ਉੱਚ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਦੀ ਰਿਹਾਇਸ਼ ਹੈ | ਮਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਅਨਵਾਰ ਮਹਿਬੂਬ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ | ਇਸ ਮੌਕੇ ਐਸ.ਪੀ. ਰਾਜਵਿੰਦਰ ਸਿੰਘ, ਥਾਣਾ ਮੁਖੀ ਦਲਜੀਤ ਸਿੰਘ ਗਿੱਲ ਸਣੇ ਪੁਲਿਸ ਅਧਿਕਾਰੀ ਮੌਜੂਦ ਸਨ |