ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਦਰਦ ਅਤੇ ਨਸਾਂ ਦੀ ਬਿਮਾਰੀ 'ਚ ਵਰਤੀ ਜਾਣ ਵਾਲੇ ਪ੍ਰੇਗਾਬਾਲਿਨ ਦਵਾਈ ਹੁਣ ਬਿਨਾਂ ਡਾਕਟਰ ਦੀ ਪਰਚੀ ਤੋਂ ਨਹੀਂ ਮਿਲੇਗੀ | ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਇਸਨੂੰ ਸ਼ਡਿਊਲ ਐਚ ਤੋਂ ਹਟਾ ਕੇ ਸਖ਼ਤ ਕੰਟਰੋਲ ਵਾਲੀ ਸ਼ਡਿਊਲ-ਐਚ 1 'ਚ ਪਾ ਦਿੱਤਾ ਹੈ | ਨੋਟੀਫਿਕੇਸ਼ਨ ਸਿਹਤ ਮੰਤਰਾਲੇ ਨੇ ਇਸ ਸੰੰਬੰਧੀ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਕਿ ਹਾਲੀਆ ਸਾਲਾਂ 'ਚ ਕਈ ਰਾਜਾਂ 'ਚ ਇਸ ਦਵਾਈ ਦੀ ਗਲਤ ਵਰਤੋਂ ਹੋ ਰਹੀ ਸੀ | ਨਾਲ ਹੀ ਬਿਨਾਂ ਡਾਕਟਰ ਦੀ ਸਲਾਹ ਦੇ ਵੱਧ ਮਾਤਰਾ 'ਚ ਵਰਤੋਂ ਕਰਨ ਦੇ ਮਾਮਲੇ ਵਧ ਗਏ ਸਨ ਜਿਸ ਨੂੰ ਵੇਖਦਿਆਂ ਸਰਕਾਰ ਨੇ ਦਵਾਈ ਦੀ ਵਿਕਰੀ ਅਤੇ ਵਰਤੋਂ 'ਤੇ ਸਖ਼ਤ ਨਿਗਰਾਨੀ ਰੱਖਣ ਦਾ ਫ਼ੈਸਲਾ ਕੀਤਾ ਹੈ | ਹੁਣ ਇਹ ਦਵਾਈ ਸਿਰਫ ਰਜਿਸਟਰਡ ਡਾਕਟਰ ਦੀ ਪਰਚੀ 'ਤੇ ਹੀ ਵੇਚੀ ਜਾ ਸਕੇਗੀ | ਬਿਨਾਂ ਪਰਚੀ 'ਤੇ ਵੇਚਣ 'ਤੇ ਕਾਰਵਾਈ ਕੀਤੀ ਜਾਵੇਗੀ | ਨਾਲ ਹੀ ਮੈਡੀਕਲ ਸਟੋਰ ਨੂੰ ਇਸ ਦੀ ਵਿਕਰੀ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ | ਹਾਸਿਲ ਜਾਣਕਾਰੀ ਮੁਤਾਬਿਕ ਇਹ ਫ਼ੈਸਲਾ ਨੌਜਵਾਨਾਂ 'ਚ ਦਵਾਈ ਦੀ ਗਲਤ ਵਰਤੋਂ ਅਤੇ ਨਸ਼ੇ ਵਜੋਂ ਵਰਤੇ ਜਾਣ ਦੀਆਂ ਵਧਦੀਆਂ ਸ਼ਿਕਾਇਤਾਂ ਅਤੇ ਦਵਾਈ ਦੇ ਗ਼ੈਰ ਕਾਨੂੰਨੀ ਸਟਾਕ ਅਤੇ ਵਿਕਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ |