ਬਿੱਟੂ, ਖੜਗੇ ਅਤੇ ਦਿਗਵਿਜੈ ਦਾ ਕਾਰਜਕਾਲ ਹੋ ਰਿਹਾ ਹੈ ਸਮਾਪਤ
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਭਾਰਤੀ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ 12 ਰਾਜਾਂ ਦੀਆਂ 26 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ | ਇਸ ਲਈ ਵੋਟਿੰਗ 18 ਜੂਨ ਨੂੰ ਹੋਵੇਗੀ | ਜਿਹੜੇ ਮੈਂਬਰ ਰਾਜ ਸਭਾ 'ਚੋਂ ਸੇਵਾਮੁਕਤ ਹੋ ਰਹੇ ਹਨ ਉਨ੍ਹਾਂ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਸੀਨੀਅਰ ਕਾਂਗਰਸ ਨੇਤਾ ਦਿਗਵਿਜੈ ਸਿੰਘ ਅਤੇ ਜੇ. ਡੀ. ਐਸ. ਦੇ ਮੁਖੀ ਐਚ. ਡੀ. ਦੇਵਗੌੜਾ ਸ਼ਾਮਿਲ ਹਨ | ਰਾਜਸਭਾ ਮੈਂਬਰਾਂ ਦੀ ਸੇਵਾਮੁਕਤੀ ਕਾਰਨ ਖਾਲੀ ਹੋ ਰਹੀਆਂ ਸੀਟਾਂ 'ਚ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਗੁਜਰਾਤ ਤੋਂ ਚਾਰ-ਚਾਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਤਿੰਨ-ਤਿੰਨ, ਝਾਰਖੰਡ ਤੋਂ ਦੋ ਅਤੇ ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ ਅਤੇ ਮਿਜ਼ੋਰਮ 'ਚੋਂ ਇਕ-ਇਕ ਸੀਟ 'ਤੇ ਚੋਣਾਂ ਹੋਣਗੀਆਂ | ਮਹਾਰਾਸ਼ਟਰ ਅਤੇ ਤਾਮਿਲਨਾਡੂ 'ਚ 1-1 ਸੀਟ ਲਈ ਵੀ ਚੋਣਾਂ 18 ਜੂਨ ਨੂੰ ਹੋਣਗੀਆਂ | ਇਨ੍ਹਾਂ ਚੋਣਾਂ ਲਈ ਨੋਟੀਫਿਕੇਸ਼ਨ 1 ਜੂਨ ਨੂੰ ਜਾਰੀ ਹੋਵੇਗੀ | ਨਾਮਜ਼ਦਗੀ 8 ਜੂਨ ਤੱਕ ਹੋਵੇਗੀ ਅਤੇ ਵੋਟਿੰਗ 18 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ | ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ ਨੂੰ ਸ਼ੁਰੂ ਹੋਵੇਗੀ ਅਤੇ ਦੇਰ ਰਾਤ ਨਤੀਜੇ ਆਉਣਗੇ | ਗੁਜਰਾਤ ਦੀ ਰਾਜਸਭਾ ਦੀਆਂ 4 ਸੀਟਾਂ 'ਤੇ ਹੋਣਾਂ ਹੋਣੀਆਂ ਹਨ ਅਤੇ 18 ਜੂਨ ਨੂੰ ਹੋਣ ਵਾਲੀਆਂ ਸੀਟਾਂ 'ਤੇ ਸਾਰੀਆਂ ਸੀਟਾਂ ਨਿਰਵਿਰੋਧ ਹੋਣ ਦੀ ਪੂਰੀ ਸੰਭਾਵਨਾ ਹੈ | 4 ਵਿਚੋਂ 1 ਸੀਟ ਕਾਂਗਰਸ ਅਤੇ 3 ਭਾਜਪਾ ਕੋਲ ਹਨ | ਜਦਕਿ ਹੁਣ ਵਿਧਾਨ ਸਭਾ 'ਚ ਗਿਣਤੀ ਦੇ ਹਿਸਾਬ ਨਾਲ ਚਾਰੋਂ ਸੀਟਾਂ ਭਾਜਪਾ ਦੇ ਹਿੱਸੇ ਆਉਣਗੀਆਂ |
ਰਾਜ ਸਭਾ ਦੀਆਂ 26 ਸੀਟਾਂ ਲਈ ਵੋਟਾਂ 18 ਜੂਨ ਨੂੰ
ਅਜੀਤ ਡੈਸਕ
23-05-2026