ਅੰਮਿ੍ਤਸਰ, 24 ਮਈ (ਹਰਮਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁ: ਸ਼ਹੀਦ ਗੰਜ ਸਾਹਿਬ ਵਿਖੇ ਵਾਪਰੀ ਦੁਖਦਾਈ ਘਟਨਾ 'ਚ ਜਾਨ ਗਵਾਉਣ ਵਾਲੀਆਂ ਦੋ ਸ਼ਰਧਾਲੂ ਬੀਬੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਘਟਨਾ ਵਿਚ ਫੱਟੜ ਹੋਣ ਵਾਲੀ ਸੰਗਤ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਹੈ | ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਪੀੜਤ ਪਰਿਵਾਰਾਂ ਨਾਲ ਹਰ ਪੱਧਰ 'ਤੇ ਸਹਿਯੋਗ ਕਰਨ ਅਤੇ ਫੱਟੜਾਂ ਦਾ ਇਲਾਜ ਕਰਵਾਉਣ ਲਈ ਕਿਹਾ | ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਕਾਰ ਸੇਵਾ ਦਾ ਕਾਰਜ ਕਰ ਰਹੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਤਾਕੀਦ ਕੀਤੀ ਕਿ ਉਹ ਗੁਰੂ ਘਰ ਅੰਦਰ ਸੰਗਤ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ |