ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ 'ਚ ਪਾਣੀਆਂ ਦੇ ਮਸਲੇ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਸੁਲਝਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਪ੍ਰਧਾਨ ਮੰਤਰੀ ਨੇ ਉਕਤ ਸਲਾਹ ਬੁੱਧਵਾਰ ਨੂੰ ਦਿੱਲੀ 'ਚ ਹੋਈ 51ਵੀਂ ਪ੍ਰਗਤੀ ਮੀਟਿੰਗ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ | ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ ਕੇਨ ਬੇਤਵਾ ਿਲੰਕਕਿੰਗ ਪ੍ਰਾਜੈਕਟ ਦੀ ਵੀ ਸਮੀਖਿਆ ਕੀਤੀ ਅਤੇ ਇਸ ਨੂੰ ਰਾਜਾਂ ਦਰਮਿਆਨ ਪਾਣੀ ਦੇ ਮਸਲੇ ਸੁਲਝਾਉਣ ਦਾ ਆਦਰਸ਼ ਮਾਡਲ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਪਾਣੀ ਦੀ ਸੁਰੱਖਿਆ, ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ 'ਚ ਵੱਡਾ ਸੁਧਾਰ ਹੋਵੇਗਾ ਅਤੇ ਬੁੰਦੇਲਖੰਡ ਖੇਤਰ ਨੂੰ ਵਿਸ਼ੇਸ਼ ਲਾਭ ਮਿਲੇਗਾ | ਉਨ੍ਹਾਂ ਰਾਜਾਂ ਨੂੰ ਅਪੀਲ ਕੀਤੀ ਉਹ ਆਪਸੀ ਤਾਲਮੇਲ ਅਤੇ ਸਹਿਮਤੀ ਰਾਹੀਂ ਪਾਣੀ ਦੇ ਵਸੀਲਿਆਂ ਦੇ ਪ੍ਰਬੰਧਨ ਨੂੰ ਅੱਗੇ ਵਧਾਉਣ | ਪ੍ਰਧਾਨ ਮੰਤਰੀ ਨੇ ਬੈਠਕ 'ਚ ਰੇਲਵੇ, ਸੜਕ ਅਤੇ ਬਿਜਲੀ ਖੇਤਰ ਨਾਲ ਜੁੜੇ 30 ਹਜ਼ਾਰ ਕਰੋੜ ਦੀ ਲਾਗਤ ਵਾਲੇ 7 ਪ੍ਰਾਜੈਕਟਾਂ ਦੀ ਪ੍ਰਗਤੀ 'ਤੇ ਚਰਚਾ ਕੀਤੀ ਜੋ ਕਿ 9 ਰਾਜਾਂ 'ਚ ਚਲ ਰਹੀਆਂ ਹਨ | ਬੈਠਕ 'ਚ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ | ਉਨ੍ਹਾਂ ਰਾਜਾਂ ਨੂੰ ਠੋਸ ਕਚਰੇ ਦੇ ਪ੍ਰਬੰਧਨ ਨਾਲ ਜੁੜੇ ਪ੍ਰਾਜੈਕਟਾਂ ਖਾਸ ਤੌਰ 'ਤੇ ਵੇਸਟ ਪ੍ਰੋਸੈਸਿੰਗ ਪਲਾਂਟ ਦੇ ਨਿਰਮਾਣ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਸ਼ਹਿਰੀ ਖੇਤਰਾਂ, ਰਿਹਾਇਸ਼ੀ ਕਾਲੋਨੀਆਂ ਅਤੇ ਜਨਤਕ ਸੰਸਥਾਵਾਂ 'ਚ ਛੱਤਾਂ 'ਤੇ ਸੋਲਰ ਪੈਨਲ ਸੂਰਜੀ ਊਰਜਾ ਪ੍ਰਾਜੈਕਟਾਂ ਨੂੰ ਵੀ ਮਿਸ਼ਨ ਮੋਡ 'ਚ ਲਾਗੂ ਕਰਨ 'ਤੇ ਜ਼ੋਰ ਦਿੱਤਾ ਤਾਂ ਜੋ ਬਿਜਲੀ ਦੇ ਖਰਚੇ ਘਟਾਏ ਜਾ ਸਕਣ | ਇਸ ਦੇ ਨਾਲ ਹੀ ਉਨ੍ਹਾਂ ਨੇ ਨਹਿਰਾਂ ਦੇ ਕਿਨਾਰਿਆਂ 'ਤੇ ਸੋਲਰ ਪੈਨਲ ਲਗਾਉਣ ਦੇ ਨਵੇਂ ਤਰੀਕਿਆਂ ਨੂੰ ਖੋਜਣ ਲਈ ਕਿਹਾ, ਜਿਸ ਨਾਲ ਜ਼ਮੀਨ ਦੀ ਬੱਚਤ ਹੋਵੇਗੀ, ਪਾਣੀ ਭਾਫ਼ ਬਣ ਕੇ ਉਡਣੋਂ ਰੁਕੇਗਾ ਅਤੇ ਬਿਜਲੀ ਪੈਦਾ ਹੋਵੇਗੀ |