ਕਿਹਾ, ਹਾਈਕਮਾਨ ਨੇ ਜੋ ਕਿਹਾ, ਮੈਂ ਉਹ ਕੀਤਾ
ਬੈਂਗਲੁਰੂ, 28 ਮਈ (ਏਜੰਸੀ)-ਕਾਂਗਰਸੀ ਨੇਤਾ ਸਿੱਧਾਰਮਈਆ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਦੋ ਦਿਨ ਪਹਿਲਾਂ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਸੀ | ਉਨ੍ਹਾਂ ਕਾਂਗਰਸ ਦੀ ਲੀਡਰਸ਼ਿਪ ਸੋਨੀਆ ਗਾਂਧੀ, ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਦੋ ਵਾਰ ਉਨ੍ਹਾਂ ਨੂੰ ਕਰਨਾਟਕ ਦੇ ਲੋਕਾਂ ਦੀ ਮੁੱਖ ਮੰਤਰੀ ਦੇ ਤੌਰ 'ਤੇ ਸੇਵਾ ਕਰਨ ਦਾ ਮੌਕਾ ਦਿੱਤਾ | ਆਪਣੇ ਡਿਪਟੀ ਅਤੇ ਉਤਰਾਧਿਕਾਰੀ ਡੀ. ਕੇ. ਸ਼ਿਵਕੁਮਾਰ ਦੇ ਨਾਲ ਸਿੱਧਾਰਮਈਆ ਨੇ ਇਥੇ ਲੋਕ ਭਵਨ 'ਚ ਰਾਜਪਾਲ ਦੇ ਵਿਸ਼ੇਸ਼ ਸਕੱਤਰ ਨੂੰ ਆਪਣਾ ਅਸਤੀਫ਼ਾ ਸੌਂਪਣ ਦੇ ਤੁਰੰਤ ਬਾਅਦ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕੀਤਾ | ਵਿਸ਼ੇਸ਼ ਸਕੱਤਰ ਪ੍ਰਭੂ ਸ਼ੰਕਰ ਨੇ ਅਸਤੀਫ਼ਾ ਸਵੀਕਾਰ ਕੀਤਾ ਕਿਉਂਕਿ ਰਾਜਪਾਲ ਥਾਵਰਚੰਦ ਗਹਿਲੋਤ ਰਾਜ ਤੋਂ ਬਾਹਰ ਸਨ | ਸਿੱਧਾਰਮਈਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਸੌਂਪ ਦਿੱਤਾ ਹੈ ਅਤੇ ਨਾਲ ਹੀ ਵਿਸ਼ਵਾਸ ਜਤਾਇਆ ਕਿ ਰਾਜਪਾਲ ਸੰਵਿਧਾਨਿਕ ਵਿਵਸਥਾ ਅਨੁਸਾਰ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲੈਣਗੇ | ਉਨ੍ਹਾਂ ਕਿਹਾ ਕਿ ਹਾਈ ਕਮਾਨ ਨੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਅਹੁਦਾ ਛੱਡਣ ਦਾ ਨਿਰਦੇਸ਼ ਦਿੱਤਾ ਸੀ ਅਤੇ ਉਸੇ ਅਨੁਸਾਰ ਉਨ੍ਹਾਂ ਨੇ ਅੱਜ ਆਪਣਾ ਅਸਤੀਫ਼ਾ ਸੌਂਪ ਦਿੱਤਾ | ਸ਼ਿਵਕੁਮਾਰ ਅਤੇ ਕੈਬਨਿਟ ਦੇ ਹੋਰ ਸਹਿਯੋਗੀ ਵੀ ਸਿੱਧਾਰਮਈਆ ਦੇ ਨਾਲ ਲੋਕ ਭਵਨ ਗਏ | ਮਈ 2023 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਦੇ ਬਾਅਦ ਮੁੱਖ ਮੰਤਰੀ ਦੇ ਸਨਮਾਨਜਨਕ ਅਹੁਦੇ ਲਈ, ਸਿੱਧਾਰਮਈਆ ਅਤੇ ਸ਼ਿਵਕੁਮਾਰ, ਜੋ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ, ਦੇ ਦਰਮਿਆਨ ਸਖ਼ਤ ਮੁਕਾਬਲਾ ਸੀ | ਪਾਰਟੀ ਨੇ ਉਸ ਸਮੇਂ ਸ਼ਿਵਕੁਮਾਰ ਨੂੰ ਮਨਾਉਣ 'ਚ ਸਫਲਤਾ ਹਾਸਿਲ ਕੀਤੀ ਤੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ | ਉਸ ਸਮੇਂ ਦੀਆਂ ਰਿਪੋਰਟਾਂ 'ਚ ਰੋਟੇਸ਼ਨਲ ਮੁੱਖ ਮੰਤਰੀ ਫਾਰਮੂਲੇ 'ਤੇ ਆਧਾਰਿਤ ਇਕ ਸਮਝੌਤੇ ਦਾ ਜ਼ਿਕਰ ਸੀ, ਜਿਸ ਤਹਿਤ ਸ਼ਿਵਕੁਮਾਰ ਢਾਈ ਸਾਲ ਬਾਅਦ ਮੁੱਖ ਮੰਤਰੀ ਬਣਦੇ, ਪਰ ਪਾਰਟੀ ਜਾਂ ਦੋਵੇਂ ਨੇਤਾਵਾਂ ਵਲੋਂ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ | ਅੱਜ ਦਿਨ ਦੀ ਸ਼ੁਰੂਆਤ 'ਚ ਆਪਣੀ ਰਿਹਾਇਸ਼ 'ਤੇ ਕੈਬਨਿਟ ਸਹਿਯੋਗੀਆਂ ਨਾਲ ਨਾਸ਼ਤੇ ਦੌਰਾਨ ਸਿੱਧਾਰਮਈਆ ਨੇ ਮੰਤਰੀਆਂ ਨੂੰ ਆਪਣਾ ਅਹੁਦਾ ਛੱਡਣ ਦੇ ਫ਼ੈਸਲੇ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਕਾਂਗਰਸ ਹਾਈ ਕਮਾਨ ਦੇ ਨਿਰਦੇਸ਼ਾਂ ਅਨੁਸਾਰ ਉਪ ਮੁੱਖ ਮੰਤਰੀ ਸ਼ਿਵਕੁਮਾਰ ਉਨ੍ਹਾਂ ਦੇ ਉਤਰਾਧਿਕਾਰੀ ਹੋਣਗੇ | ਮੁੱਖ ਮੰਤਰੀ ਦਫ਼ਤਰ ਵਲੋਂ ਨਾਸ਼ਤੇ ਦੀ ਬੈਠਕ ਤੋਂ ਸਾਂਝੀ ਕੀਤੀ ਗਈ ਇਕ ਤਸਵੀਰ 'ਚ ਸਿੱਧਾਰਮਈਆ ਇਕ ਭਾਵੁਕ ਸ਼ਿਵਕੁਮਾਰ ਨੂੰ ਗਲੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ | ਇਕ ਹੋਰ ਤਸਵੀਰ 'ਚ ਸ਼ਿਵਕੁਮਾਰ ਸਿੱਧਰਮਈਆ ਦੇ ਪੈਰ ਛੂਹ ਕੇ ਉਨ੍ਹਾਂ ਦਾ ਅਸ਼ੀਰਵਾਦ ਲੈਂਦੇ ਦਿਖਾਈ ਦੇ ਰਹੇ ਹਨ |
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਵਲੋਂ ਅਸਤੀਫ਼ਾ
ਅਜੀਤ ਡੈਸਕ
29-05-2026