ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੇਵਲ ਸਿੰਘ ਢਿੱਲੋਂ ਦੇ ਹੱਥ ਪੰਜਾਬ ਭਾਜਪਾ ਦੀ ਕਮਾਨ <br/>

Ad Position 21
No active advertisement
ਅਜੀਤ ਡੈਸਕ 29-05-2026

ਭਾਜਪਾ ਪੰਜਾਬ ਦੇ ਕਿਸਾਨਾਂ ਨੂੰ 21 ਫ਼ਸਲਾਂ 'ਤੇ ਦੇਵੇਗੀ ਐਮ.ਐਸ.ਪੀ.-ਢਿੱਲੋਂ
ਉਪਮਾ ਡਾਗਾ ਪਾਰਥ, ਸੰਦੀਪ ਕੁਮਾਰ ਮਾਹਨਾ

ਨਵੀਂ ਦਿੱਲੀ/ਚੰਡੀਗੜ੍ਹ, 28 ਮਈ -ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਸੂਬੇ ਦੀ ਕਮਾਨ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਸਪੁਰਦ ਕਰ ਦਿੱਤੀ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਢਿਲੋਂ ਦਾ ਪੰਜਾਬ ਭਾਜਪਾ ਪ੍ਰਧਾਨ ਵਜੋਂ ਐਲਾਨ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਵਲੋਂ ਜਾਰੀ ਇਕ ਬਿਆਨ ਰਾਹੀਂ ਕੀਤਾ ਗਿਆ | ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵਲੋਂ ਜਾਰੀ ਨਿਯੁਕਤੀ ਪੱਤਰ 'ਚ ਕਿਹਾ ਗਿਆ ਕਿ ਕੇਵਲ ਸਿੰਘ ਢਿੱਲੋਂ ਨੂੰ ਤੁਰੰਤ ਪ੍ਰਭਾਵ ਨਾਲ ਭਾਜਪਾ ਪੰਜਾਬ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਪੰਜਾਬ 'ਚ ਵੱਡਾ ਸਿਆਸੀ ਅਤੇ ਸੰਗਠਨਾਤਮਿਕ ਦਾਅ ਖੇਡਦਿਆਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕਰਦਿਆਂ ਸਿੱਖ ਚਿਹਰਾ ਅੱਗੇ ਲਿਆ ਕੇ ਜਿੱਥੇ ਸੂਬੇ 'ਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਦੇ ਸੰਕੇਤ ਦਿੱਤੇ ਹਨ, ਉਥੇ ਹੀ ਪਾਰਟੀ ਵਲੋਂ ਇਸ ਨਿਯੁਕਤੀ ਰਾਹੀਂ ਸਿੱਖ ਵੋਟਰਾਂ ਅਤੇ ਪਿੰਡ ਪੱਧਰ ਦੇ ਕਾਡਰ ਨੂੰ ਜੋੜਨ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ | ਸੂਬਾ ਪ੍ਰਧਾਨ ਬਣਨ ਬਾਅਦ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨਾਂ ਨੂੰ ਸਾਰੀਆਂ ਸੂਚੀਬੱਧ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਯਕੀਨੀ ਬਣਾਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ 'ਚ 21 ਫ਼ਸਲਾਂ 'ਤੇ ਐੱਮ.ਐੱਸ.ਪੀ. ਦਿੱਤੀ ਜਾ ਸਕਦੀ ਹੈ ਤਾਂ ਪੰਜਾਬ 'ਚ ਕਿਉਂ ਨਹੀਂ? ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਹੁਣ ਭਾਜਪਾ ਵੱਲ ਉਮੀਦ ਨਾਲ ਦੇਖ ਰਹੇ ਹਨ | ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਥੱਕੇ ਹੋਏ ਹਨ, ਪਰ ਹਾਰੇ ਨਹੀਂ ਹਨ ਅਤੇ 2027 'ਚ ਉਹ ਸਹੀ ਫ਼ੈਸਲਾ ਲੈਣਗੇ | ਕੇਵਲ ਸਿੰਘ ਢਿੱਲੋਂ ਨੇ ਵਿਸ਼ਵਾਸ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਕਮਲ ਦਾ ਫੁੱਲ ਖਿੜੇਗਾ ਅਤੇ ਸੂਬੇ 'ਚ ਭਾਜਪਾ ਦੀ ਸਰਕਾਰ ਬਣੇਗੀ | ਸਿੱਖ ਚਿਹਰੇ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਧਰਮ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦੇ ਤੇ ਹਮੇਸ਼ਾ ਇਕੱਠੇ ਰਹੇ ਹਨ | ਪਾਰਟੀ ਵਲੋਂ ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦੋਂ ਪੰਜਾਬ 'ਚ ਸੰਗਠਨ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਨ ਅਤੇ ਦਿਹਾਤੀ ਖੇਤਰਾਂ 'ਚ ਪਕੜ ਬਣਾਉਣ ਦੀ ਚੁਣੌਤੀ ਸਾਹਮਣੇ ਹੈ | ਹਾਲਾਂਕਿ ਪੱਛਮੀ ਬੰਗਾਲ 'ਚ ਭਾਜਪਾ ਦੀ ਜਿੱਤ ਤੋਂ ਬਾਅਦ 'ਹੁਣ ਪੰਜਾਬ ਦੀ ਵਾਰੀ ਹੈ' ਦਾ ਨਾਅਰਾ ਬੁਲੰਦ ਕਰਦਿਆਂ ਪਾਰਟੀ ਵਲੋਂ ਸੂਬੇ 'ਚ ਸਰਗਰਮੀ ਵਧਾ ਦਿੱਤੀ ਗਈ ਹੈ | ਹਲਕਿਆਂ ਮੁਤਾਬਿਕ ਭਾਜਪਾ ਦੇ ਅੰਦਰ ਪਿਛਲੇ ਕੁਝ ਸਮੇਂ ਤੋਂ ਇਹ ਮੰਗ ਉੱਠ ਰਹੀ ਸੀ ਕਿ ਪੰਜਾਬ ਦੀ ਕਮਾਨ ਕਿਸੇ ਸਿੱਖ ਚਿਹਰੇ ਦੇ ਸਪੁਰਦ ਕੀਤੀ ਜਾਵੇ | ਪੰਜਾਬ ਦੇ ਪ੍ਰਭਾਵਸ਼ਾਲੀ ਨੇਤਾ ਅਤੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਇਸ ਫੈਸਲੇ ਦਾ ਵੱਡਾ ਸਮਰਥਕ ਮੰਨਿਆ ਜਾ ਰਿਹਾ ਸੀ | ਹਲਕਿਆਂ ਮੁਤਾਬਿਕ ਪ੍ਰਦੇਸ਼ ਪ੍ਰਧਾਨ ਲਈ ਪਾਰਟੀ ਵਲੋਂ ਕੁਝ ਹੋਰ ਨਾਂਵਾਂ 'ਤੇ ਵੀ ਵਿਚਾਰ ਕੀਤਾ ਗਿਆ ਸੀ, ਜਿਨ੍ਹਾਂ 'ਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮਨਜੀਤ ਸਿੰਘ ਰਾਏ ਦਾ ਨਾਂਅ ਸ਼ਾਮਿਲ ਸੀ ਪਰ ਪੰਜਾਬ 'ਚ ਸਿੱਖ ਭਾਈਚਾਰੇ 'ਚ ਪ੍ਰਭਾਵ, ਸਾਫ ਵਿਕਾਸਵਾਦੀ ਸਾਖ, ਪ੍ਰਸ਼ਾਸਨ ਤਜਰਬੇ, ਕਾਰੋਬਾਰੀ ਪਿਛੋਕੜ ਅਤੇ ਮਾਲਵਾ ਖੇਤਰ 'ਚ ਪ੍ਰਭਾਵ ਦੇ ਕਾਰਨ ਕੇਵਲ ਸਿੰਘ ਢਿੱਲੋਂ ਦੇ ਨਾਂਅ 'ਤੇ ਮੋਹਰ ਲਾਈ ਗਈ | ਪਾਰਟੀ ਦਾ ਮੰਨਣਾ ਹੈ ਕਿ ਮਾਲਵਾ ਖੇਤਰ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਭਾਜਪਾ ਨੂੰ ਢਿੱਲੋਂ ਦੀ ਨਿਯੁਕਤੀ ਨਾਲ ਕਾਫੀ ਫਾਇਦਾ ਹੋ ਸਕਦਾ ਹੈ ਜਿਥੇ ਜੱਟ ਸਿੱਖਾਂ ਦਾ ਸਿਆਸਤ 'ਚ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ | ਢਿੱਲੋਂ ਦੀ ਨਿਯੁਕਤੀ ਭਾਜਪਾ ਦੀ ਨਵੀਂ ਰਣਨੀਤੀ ਤਹਿਤ ਕੀਤੀ ਗਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣਾ ਨਵਾਂ ਸਮਾਜਿਕ ਅਤੇ ਸਿਆਸੀ ਆਧਾਰ ਬਣਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਦੱਖਣੀ ਲਿਬਨਾਨ 'ਚ ਇਜ਼ਰਾਈਲੀ ਹਮਲਿਆਂ 'ਚ 14 ਮੌਤਾਂ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ ਦੇ ਫ਼ੌਜੀ ਟਿਕਾਣਿਆਂ 'ਤੇ ਹਮਲੇ <br/>
Ad Position 24
No active advertisement