ਬੇਰੂਤ, 28 ਮਈ (ਏਜੰਸੀ)-ਦੱਖਣੀ ਲਿਬਨਾਨ 'ਚ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਜਾਰੀ ਤਣਾਅ ਇਕ ਵਾਰ ਮੁੜ ਭੜਕ ਉੱਠਿਆ ਹੈ | ਇਜ਼ਰਾਈਲ ਵਲੋਂ ਕੀਤੇ ਤਾਜ਼ਾ ਹਵਾਈ ਹਮਲਿਆਂ 'ਚ ਘੱਟੋ ਘੱਟ 14 ਵਿਅਕਤੀ ਮਾਰੇ ਗਏ, ਜਿਨ੍ਹਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ | ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਵਾਸ਼ਿੰਗਟਨ 'ਚ ਦੋਵੇਂ ਧਿਰਾਂ ਦਰਮਿਆਨ ਸੁਰੱਖਿਆ ਗੱਲਬਾਤ ਦੀ ਤਿਆਰੀ ਚਲ ਰਹੀ ਹੈ | ਲਿਬਨਾਨ ਦੇ ਸਿਹਤ ਮੰਤਰਾਲੇ ਅਤੇ ਰਾਸ਼ਟਰੀ ਸਮਾਚਾਰ ਏਜੰਸੀ ਅਨੁਸਾਰ ਇਜ਼ਰਾਇਲੀ ਸੈਨਾ ਨੇ ਦੱਖਣੀ ਲਿਬਨਾਨ ਦੇ ਕਈ ਸ਼ਹਿਰਾਂ 'ਤੇ ਹਵਾਈ ਹਮਲੇ ਕੀਤੇ ਹਨ, ਜਿਨ੍ਹਾਂ 'ਚ 14 ਵਿਅਕਤੀ ਮਾਰੇ ਗਏ ਹਨ | ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਵਾਸ਼ਿੰਗਟਨ 'ਚ ਇਜ਼ਰਾਈਲ ਅਤੇ ਲਿਬਨਾਨ ਦੇ ਸੁਰੱਖਿਆ ਅਧਿਕਾਰੀਆਂ ਦਰਮਿਆਨ ਗੱਲਬਾਤ ਪ੍ਰਸਤਾਵਿਤ ਹੈ | ਤਾਜ਼ਾ ਹਮਲਿਆਂ ਨੇ ਗੱਲਬਾਤ ਤੋਂ ਪਹਿਲਾਂ ਹੀ ਤਣਾਅ ਵਧਾ ਦਿੱਤਾ ਹੈ |