ਕਿਹਾ, 'ਆਪ' 2027 ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣਾ 2022 ਵਾਲਾ ਰਿਕਾਰਡ ਵੀ ਤੋੜੇਗੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 29 ਮਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਗਰ ਨਿਗਮ, ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਨਫ਼ਰਤ ਤੇ ਜਾਤੀਵਾਦ ਦੀ ਰਾਜਨੀਤੀ ਨੂੰ ਰੱਦ ਕਰਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਪੰਜਾਬੀਆਂ ਨੇ ਵਿਕਾਸ ਤੇ ਧਰਮ ਨਿਰਪੱਖਤਾ ਲਈ ਵੱਡਾ ਹੁੰਗਾਰਾ ਦਿੱਤਾ ਤੇ ਭਾਰੀ ਗਰਮੀ ਦੇ ਬਾਵਜੂਦ ਲੋਕਤੰਤਰ ਨੂੰ ਬਚਾਉਣ ਲਈ ਵੋਟਾਂ ਪਾਈਆਂ | ਅੱਜ ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਗਰਲੇ ਸਮੇਂ ਦੌਰਾਨ ਸਾਰੀਆਂ ਜ਼ਿਮਨੀ ਚੋਣਾਂ ਜਿੱਤਣ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ 'ਚ ਵੀ ਕੋਈ 90 ਪ੍ਰਤੀਸ਼ਤ ਸੀਟਾਂ ਪ੍ਰਾਪਤ ਹੋ ਰਹੀਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਦੇ ਕੋਈ 1000 ਕੌਂਸਲਰ ਜਿੱਤ ਜਾਣਗੇ | ਉਨ੍ਹਾਂ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਦੂਜੇ ਨੰਬਰ 'ਤੇ ਆਜ਼ਾਦ ਉਮੀਦਵਾਰ ਹਨ ਅਤੇ ਕਾਂਗਰਸ ਤੀਜੇ ਤੇ ਅਕਾਲੀ ਦਲ ਚੌਥੇ ਨੰਬਰ 'ਤੇ ਆਇਆ ਹੈ | ਭਾਜਪਾ ਨੂੰ ਈ.ਡੀ. ਪਾਰਟੀ ਦਾ ਨਾਂਅ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਜੋ ਪੱਛਮੀ ਬੰਗਾਲ 'ਚ ਜਿੱਤ ਤੋਂ ਬਾਅਦ ਬਹੁਤ ਭੰਗੜੇ ਪਾ ਰਹੀ ਸੀ, ਦੇ 95 ਪ੍ਰਤੀਸ਼ਤ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ ਤੇ ਪਾਰਟੀ ਨੂੰ ਸਿਰਫ਼ ਦੋ ਪ੍ਰਤੀਸ਼ਤ ਵੋਟ ਪਏ ਹਨ | ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਈ.ਡੀ. ਰਾਹੀਂ ਮੰਤਰੀਆਂ, ਆਗੂਆਂ ਤੇ ਵਪਾਰੀਆਂ 'ਤੇ ਛਾਪੇ ਮਾਰੇ ਗਏ, ਉਨ੍ਹਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਮੇਰਾ ਨਾਂਅ ਲੈਣ ਲਈ ਵੀ ਦਬਾਅ ਬਣਾਇਆ ਗਿਆ ਪਰ ਹੁਣ ਸੱਚ ਸਾਹਮਣੇ ਆ ਗਿਆ ਹੈ | ਉਨ੍ਹਾਂ ਕਿਹਾ ਕਿ ਰੇੜ੍ਹੇ 'ਤੇ ਬੈਠ ਵੋਟ ਪਾਉਣ ਦਾ ਡਰਾਮਾ ਕਰਨ ਵਾਲੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਆਪਣੇ ਹਲਕੇ 'ਚੋਂ ਇਕ ਵੀ ਸੀਟ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਕਾਂਗਰਸ ਲਗਾਤਾਰ ਸਰਕਾਰੀ ਧਾਂਦਲੀਆਂ ਤੇ ਕਾਗ਼ਜ਼ ਰੱਦ ਹੋਣ ਦਾ ਰੌਲਾ ਪਾਉਂਦੀ ਰਹੀ ਪਰ ਪਾਰਟੀ ਰਾਏਕੋਟ ਅਤੇ ਚਮਕੌਰ ਸਾਹਿਬ ਦੀਆਂ ਕੌਂਸਲਾਂ ਕਿਵੇਂ ਜਿੱਤ ਗਈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਹੁਣ ਆਪਣੀਆਂ ਵੋਟਾਂ ਇਕੱਠੀਆਂ ਕਰ ਕੇ ਵੇਖ ਲੈਣ ਕਿ ਉਨ੍ਹਾਂ ਦੇ ਗੱਠਜੋੜ ਦੀ ਕੀ ਦਸ਼ਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਕਾਂਗਰਸ ਨੂੰ 17 ਪ੍ਰਤੀਸ਼ਤ ਤੇ ਅਕਾਲੀ ਦਲ ਨੂੰ 11 ਪ੍ਰਤੀਸ਼ਤ ਵੋਟ ਮਿਲਣ ਦੀ ਸੰਭਾਵਨਾ ਹੈ, ਜਦੋਂ ਕਿ ਭਾਜਪਾ 2 ਪ੍ਰਤੀਸ਼ਤ 'ਤੇ ਖੜ੍ਹੀ ਹੈ | ਪਰ ਆਮ ਆਦਮੀ ਪਾਰਟੀ ਨੂੰ 52 ਪ੍ਰਤੀਸ਼ਤ ਵੋਟ ਮਿਲਿਆ ਹੈ, ਜੋ ਕਿ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਮਿਲੀਆਂ ਵੋਟਾਂ ਤੋਂ ਵੀ ਵੱਧ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ ਈ.ਡੀ. ਨਾਲ ਪਾਰਟੀਆਂ ਚਲਾ ਰਹੇ ਹਨ, ਨੂੰ ਸਮਝ ਜਾਣਾ ਚਾਹੀਦਾ ਹੈ ਕਿ ਬਾਂਹਾਂ ਮਰੋੜ ਕੇ ਅਤੇ ਧੱਕੇ ਨਾਲ ਪੰਜਾਬੀਆਂ ਦੀਆਂ ਵੋਟਾਂ ਨਹੀਂ ਮਿਲ ਸਕਦੀਆਂ | ਉਨ੍ਹਾਂ ਕਿਹਾ ਕਿ ਭਾਜਪਾ ਜਿਸ ਨੂੰ ਇਕ ਮੁਕੇਰੀਆਂ ਦੀ ਨਗਰ ਕੌਂਸਲ ਮਿਲੀ ਹੈ, ਦੀ ਲੜਾਈ ਤਾਂ 'ਨੋਟਾ' ਨਾਲ ਹੀ ਹੈ, ਕਿਉਂਕਿ ਭਾਜਪਾ ਤਾਂ 'ਨੋਟਾ' ਤੋਂ ਹੀ ਵੱਧ ਵੋਟ ਪ੍ਰਾਪਤ ਕਰ ਸਕੀ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੋ 3 ਵਾਰ ਦੇ ਸੰਸਦ ਮੈਂਬਰ ਹੋਣ ਦੇ ਬਾਵਜੂਦ ਜਿਵੇਂ ਧੂਰੀ ਵਿਖੇ ਪੁਲਿਸ ਅਧਿਕਾਰੀਆਂ ਨਾਲ ਧੱਕਾਮੁੱਕੀ ਕਰਦੇ ਰਹੇ ਅਤੇ ਭੱਦੀ ਸ਼ਬਦਾਵਲੀ ਵੀ ਵਰਤਦੇ ਰਹੇ ਅਤੇ ਉਨ੍ਹਾਂ ਐਸ.ਐਸ.ਪੀ. ਮੈਡਮ ਨੂੰ ਜਿਵੇਂ ਕਿਹਾ ਕਿ ਜੇ ਉਹ ਔਰਤ ਨਾ ਹੁੰਦੀ ਤਾਂ ਮੈਂ ਛਿੱਲ ਦਿੰਦਾ | ਉਸ ਦਾ ਜਵਾਬ ਧੂਰੀ ਦੇ ਲੋਕਾਂ ਨੇ ਦੇ ਦਿੱਤਾ ਹੈ, ਜਿਥੋਂ ਭਾਜਪਾ ਦਾ ਇਕ ਵੀ ਉਮੀਦਵਾਰ ਨਹੀਂ ਜਿੱਤਿਆ, ਬਲਕਿ ਉਨ੍ਹਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋਈਆਂ | ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਾਝਾ, ਮਾਲਵਾ ਤੇ ਦੁਆਬਾ ਸਾਰੇ ਖੇਤਰਾਂ 'ਚੋਂ ਵੱਡਾ ਸਮਰਥਨ ਮਿਲਿਆ, ਜੋ ਕਿ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਦਾ ਇਕ ਤਰ੍ਹਾਂ ਟਰੇਲਰ ਹੈ |
ਪੰਜਾਬ ਨੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ-ਮੁੱਖ ਮੰਤਰੀ <br/>
ਅਜੀਤ ਡੈਸਕ
30-05-2026