ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਜਵਾਬਦੇਹੀ ਤੈਅ ਹੋਣ ਤੱਕ ਨੀਟ ਪੇਪਰ ਲੀਕ ਦੀਆਂ ਘਟਨਾਵਾਂ ਨਹੀਂ ਰੁਕਣਗੀਆਂ-ਸੁਪਰੀਮ ਕੋਰਟ

Ad Position 21
No active advertisement
ਅਜੀਤ ਡੈਸਕ 30-05-2026

ਐਨ.ਟੀ.ਏ. ਨੇ ਅਦਾਲਤ 'ਚ ਪੇਸ਼ ਕੀਤਾ ਹਲਫ਼ਨਾਮਾ
ਪ੍ਰਧਾਨ ਮੰਤਰੀ ਖ਼ੁਦ ਇਸ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ-ਕੇਂਦਰ

ਨਵੀਂ ਦਿੱਲੀ, 29 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਪਹੁੰਚੇ ਨੀਟ-ਯੂ.ਜੀ. ਪੇਪਰ ਲੀਕ ਵਿਵਾਦ 'ਚ ਸਰਬਉੱਚ ਅਦਾਲਤ ਨੇ ਜਵਾਬਦੇਹੀ ਤੈਅ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਜਦੋਂ ਤੱਕ ਜਵਾਬਦੇਹੀ ਤੈਅ ਨਹੀਂ ਕੀਤੀ ਜਾਵੇਗੀ, ਇਹ ਘਟਨਾਵਾਂ ਰੁਕਣਗੀਆਂ ਨਹੀਂ | ਅਦਾਲਤ ਨੇ ਅੱਗੇ ਇਹ ਵੀ ਕਿਹਾ ਕਿ ਯੂ.ਪੀ.ਐਸ.ਸੀ. 'ਚ ਤਾਂ ਅਜਿਹੀ ਕੋਈ ਸਮੱਸਿਆ ਨਹੀਂ ਆਈ | ਟੈਸਟਿੰਗ ਏਜੰਸੀ (ਐਨ.ਟੀ.ਏ.) ਪ੍ਰੀਖਿਆਵਾਂ ਕਰਵਾਉਣ ਦੀ ਨੇਮਬੱਧ ਸੰਸਥਾ ਨੂੰ ਉਸ ਤੋਂ ਸਿੱਖਣ ਦੀ ਲੋੜ ਹੈ | ਸਰਕਾਰ ਦਾ ਪੱਖ ਰੱਖਦਿਆਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ, ਤਾਂ ਜੋ ਕੋਈ ਕੋਤਾਹੀ ਨਾ ਹੋਵੇ | ਦੂਜੇ ਪਾਸੇ ਐਨ.ਟੀ.ਏ. ਨੇ ਅਦਾਲਤ 'ਚ ਪੇਸ਼ ਕੀਤੇ ਆਪਣੇ ਹਲਫ਼ਨਾਮੇ 'ਚ ਕਿਹਾ ਕਿ ਪੇਪਰ ਲੀਕ ਵਿਵਾਦ ਤੋਂ ਬਾਅਦ ਵੱਡੇ ਪੱਧਰ 'ਤੇ ਸੁਰੱਖਿਆ ਸੁਧਾਰ ਕੀਤੇ ਗਏ ਹਨ | ਐਨ.ਟੀ.ਏ. ਨੇ ਆਪਣਾ ਪੱਖ ਪੂਰਦਿਆਂ ਇਹ ਵੀ ਕਿਹਾ ਕਿ ਨੀਟ-ਯੂ.ਜੀ. 2026 ਨੂੰ ਪੈੱਨ ਅਤੇ ਪੇਪਰ-ਮੋਡ 'ਚ ਸਿਰਫ਼ ਇਸ ਲਈ ਕਰਵਾਇਆ ਗਿਆ, ਕਿਉਂਕਿ ਸਿਹਤ ਮੰਤਰਾਲਾ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਦੇ ਨੇਮ ਅਜਿਹਾ ਕਹਿੰਦੇ ਹਨ | ਸੁਪਰੀਮ ਕੋਰਟ 'ਚ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਪੀ.ਐਸ. ਨਰਸਿਮਹਾ ਨੇ ਐਨ.ਟੀ.ਏ. 'ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਹ ਪੂਰਾ ਮਾਮਲਾ ਬਹੁਤ ਦਰਦਨਾਕ ਅਤੇ ਪ੍ਰੇਸ਼ਾਨ ਕਰਨ ਵਾਲਾ ਹੈ | ਉਨ੍ਹਾਂ ਕਿਹਾ ਕਿ ਲੱਖਾਂ ਵਿਦਿਆਰਥੀ ਸਾਲਾਂ ਤੱਕ ਮਿਹਨਤ ਕਰਦੇ ਹਨ, ਆਪਣਾ ਪੈਸਾ, ਸਮਾਂ ਅਤੇ ਭਾਵਨਾਵਾਂ ਇਸ ਪ੍ਰੀਖਿਆ 'ਚ ਲਗਾਉਂਦੇ ਹਨ, ਅਜਿਹੇ 'ਚ ਜੇਕਰ ਹਰ ਸਾਲ ਪ੍ਰੀਖਿਆ ਦੀ ਭਰੋਸੇਯੋਗਤਾ 'ਤੇ ਸਵਾਲ ਉੱਠਣਗੇ ਤਾਂ ਇਹ ਪੂਰੇ ਤੰਤਰ 'ਤੇ ਬਹੁਤ ਵੱਡਾ ਦਾਗ਼ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਮਿਹਨਤ ਅਤੇ ਉਮੀਦਾਂ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ | ਅਦਾਲਤ ਨੇ 2024 'ਚ ਨੀਟ ਪੇਪਰ ਲੀਕ ਤੋਂ ਬਾਅਦ ਗਰਿਡ ਕੀਤੀ ਗਈ ਨਿਗਰਾਨ ਕਮੇਟੀ ਦੇ ਮੁਖੀ ਅਤੇ ਇਸਰੋ ਦੇ ਸਾਬਕਾ ਮੁਖੀ ਡਾ. ਕੇ. ਰਾਧਾਕ੍ਰਿਸ਼ਣਨ ਨੂੰ ਵੀ ਸਿੱਧੇ ਤੌਰ 'ਤੇ ਸਵਾਲ ਪੁੱਛਦਿਆਂ ਕਿਹਾ ਕਿ ਆਖਿਰ ਵਾਰ-ਵਾਰ ਪੇਪਰ ਲੀਕ ਅਤੇ ਪ੍ਰੀਖਿਆ ਗੜਬੜੀਆਂ ਕਿਉਂ ਹੋ ਰਹੀਆਂ ਹਨ? ਅਦਾਲਤ ਨੇ ਇਹ ਵੀ ਕਿਹਾ ਕਿ ਇੰਝ ਲੱਗ ਰਿਹਾ ਹੈ ਜਿਵੇਂ ਕਮੇਟੀ ਦੀਆਂ ਸਿਫ਼ਾਰਿਸ਼ਾਂ ਨਾਕਾਮ ਸਾਬਿਤ ਹੋ ਰਹੀਆਂ ਹਨ ਜਾਂ ਫਿਰ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਕੀਤਾ ਗਿਆ | ਡਾ. ਰਾਧਾਕ੍ਰਿਸ਼ਣਨ ਨੇ ਕਿਹਾ ਕਿ 2024 'ਚ ਬਣੀ ਕਮੇਟੀ ਨੇ ਤਕਰੀਬਨ 35 ਲੰਬੀ ਮਿਆਦ ਅਤੇ 60 ਛੋਟੀ ਮਿਆਦ ਵਾਲੀਆਂ ਸਿਫ਼ਾਰਿਸ਼ਾਂ ਦਿੱਤੀਆਂ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸੁਝਾਅ ਲਾਗੂ ਵੀ ਕਰ ਦਿੱਤੇ ਗਏ ਹਨ | ਅਦਾਲਤ ਨੇ ਜਵਾਬ 'ਤੇ ਅਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਸੁਧਾਰ ਲਾਗੂ ਹੋ ਚੁੱਕੇ ਹਨ ਤਾਂ ਫਿਰ ਗੜਬੜੀਆਂ ਕਿਉਂ ਜਾਰੀ ਹਨ | ਉਨ੍ਹਾਂ ਜਵਾਬਦੇਹੀ ਤੈਅ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜ਼ਿੰਮੇਵਾਰੀ ਕਿਸੇ ਦੇ ਮੋਢੇ 'ਤੇ ਤੈਅ ਹੋਣੀ ਚਾਹੀਦੀ ਹੈ | ਸਾਨੂੰ ਦੱਸੋ ਕਿ ਆਖਿਰ ਜਵਾਬਦੇਹ ਵਿਅਕਤੀ ਕੌਣ ਹੈ | ਜਸਟਿਸ ਨਰਸਿਮਹਾ ਨੇ ਨਿਗਰਾਨ ਕਮੇਟੀ 'ਤੇ ਵੀ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿਰਫ਼ ਸਿਫ਼ਾਰਿਸ਼ਾਂ ਬਣਾ ਦੇਣਾ ਕਾਫ਼ੀ ਨਹੀਂ ਹੈ | ਅਸਲ ਸਵਾਲ ਇਹ ਹੈ ਕਿ ਉਨ੍ਹਾਂ ਦੀ ਨਿਗਰਾਨੀ ਅਤੇ ਲਾਗੂ ਕਰਨ ਦਾ ਅਮਲ ਕਿੰਨਾ ਮਜ਼ਬੂਤ ਹੈ |
ਐਨ.ਟੀ.ਏ. ਨੇ ਗਿਣਵਾਏ ਇੰਤਜ਼ਾਮ

ਐਨ.ਟੀ.ਏ. ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਅਸੀਂ ਨਵਾਂ ਸੁਰੱਖਿਆ ਢਾਂਚਾ ਬਣਾਇਆ ਹੈ, ਜਿਨ੍ਹਾਂ 'ਚ ਆਧਾਰ ਅਧਾਰਤ ਪਛਾਣ ਰਾਹੀਂ ਤਸਦੀਕ, ਚਿਹਰੇ ਦੀ ਪਛਾਣ ਜਾਂਚ, ਸਾਰੇ ਪ੍ਰੀਖਿਆ ਕੇਂਦਰਾਂ 'ਤੇ ਸੀ.ਸੀ.ਟੀ.ਵੀ. ਨਿਗਰਾਨੀ, ਏ.ਆਈ. ਆਧਾਰਤ ਗੜਬੜੀ ਫੜਨ ਵਾਲੀ ਤਕਨੀਕ ਆਦਿ ਸ਼ਾਮਿਲ ਹਨ | ਇਸ ਤੋਂ ਇਲਾਵਾ ਪ੍ਰਸ਼ਨ ਪੱਤਰਾਂ ਦੀ ਆਵਾਜਾਈ ਅਤੇ ਸੁਰੱਖਿਅਤ ਸਟੋਰੇਜ ਲਈ ਵੀ ਸਖ਼ਤ ਨੇਮ ਬਣਾਏ ਗਏ ਹਨ | ਕਈ ਕੇਂਦਰਾਂ 'ਤੇ ਪੁਲਿਸ ਦੀ ਤਾਇਨਾਤੀ ਵੀ ਵਧਾਈ ਗਈ ਹੈ | ਤੁਸ਼ਾਰ ਮਹਿਤਾ ਨੇ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ | ਹਾਲਾਂਕਿ ਉਨ੍ਹਾਂ ਕਿਹਾ ਕਿ ਸਾਰੇ ਸੁਰੱਖਿਆ ਹੱਲ ਜਨਤਕ ਨਹੀਂ ਕੀਤੇ ਜਾ ਸਕਦੇ |

Ad Position 22
No active advertisement
ਪਿਛਲੀ ਖ਼ਬਰ ਵਾਈਸ ਐਡਮਿਰਲ ਅਜੈ ਕੋਛੜ ਨੇ ਸਮੁੰਦਰੀ ਫ਼ੌਜ ਦੇ 48ਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੰਜਾਬ ਨੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ-ਮੁੱਖ ਮੰਤਰੀ <br/>
Ad Position 24
No active advertisement