ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਨਿਗਮ ਤੇ ਕੌਂਸਲ ਚੋਣਾਂ 'ਚ 'ਆਪ' ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 30-05-2026

• ਕੁੱਲ ਜੇਤੂ ਵਾਰਡਾਂ 'ਚ ਕਾਂਗਰਸ ਦੂਜੇ ਸਥਾਨ 'ਤੇ, ਅਕਾਲੀ ਦਲ ਤੀਜੇ ਅਤੇ ਭਾਜਪਾ ਚੌਥੇ ਸਥਾਨ 'ਤੇ • ਵੱਡੀ ਗਿਣਤੀ 'ਚ ਆਜ਼ਾਦ ਉਮੀਦਵਾਰ ਵੀ ਜਿੱਤੇ
90 ਫ਼ੀਸਦੀ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ 'ਆਪ' ਨੇ ਜਿੱਤੀਆਂ
ਪ੍ਰੋ. ਅਵਤਾਰ ਸਿੰਘ

ਚੰਡੀਗੜ੍ਹ, 29 ਮਈ–ਪੰਜਾਬ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ 'ਚ ਨਵੇਂ ਸੰਕੇਤ ਦਿੱਤੇ ਹਨ | ਇਨ੍ਹਾਂ ਨਤੀਜਿਆਂ ਨੂੰ ਰਵਾਇਤੀ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਵਜੋਂ ਵੀ ਦੇਖਿਆ ਜਾ ਰਿਹਾ ਹੈ | ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੇ 1977 ਵਾਰਡਾਂ ਲਈ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 958 ਸੀਟਾਂ 'ਤੇ ਜਿੱਤ ਦਰਜ ਕਰਦਿਆਂ ਆਪਣਾ ਦਬਦਬਾ ਕਾਇਮ ਰੱਖਿਆ ਹੈ | ਕਾਂਗਰਸ ਨੂੰ 397, ਸ਼੍ਰੋਮਣੀ ਅਕਾਲੀ ਦਲ ਨੂੰ 192, ਭਾਜਪਾ ਨੂੰ 172 ਅਤੇ ਬਸਪਾ ਨੂੰ 7 ਸੀਟਾਂ 'ਤੇ ਜਿੱਤ ਮਿਲੀ ਹੈ, ਜਦੋਂਕਿ 251 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਕੀਤਾ ਹੈ | 'ਆਪ' ਨੇ 50-50 ਸੀਟਾਂ ਵਾਲੀਆਂ ਨਗਰ ਨਿਗਮ ਬਰਨਾਲਾ, ਬਠਿੰਡਾ, ਮੋਗਾ, ਮੁਹਾਲੀ ਅਤੇ ਬਟਾਲਾ 'ਤੇ ਕਬਜ਼ਾ ਕੀਤਾ ਹੈ | ਜਿਸ ਤਹਿਤ 'ਆਪ' ਨੇ ਬਰਨਾਲਾ 'ਚ 36, ਬਠਿੰਡਾ 'ਚ 35, ਮੋਗਾ 'ਚ 30, ਮੁਹਾਲੀ 'ਚ 26 ਅਤੇ ਬਟਾਲਾ 'ਚ 30 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ | ਜਦੋਂਕਿ ਕਪੂਰਥਲਾ ਨਗਰ ਨਿਗਮ 'ਚ ਕਾਂਗਰਸ ਨੇ 31 ਸੀਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ | ਭਾਜਪਾ ਨੂੰ ਅਬੋਹਰ 'ਚ 28 ਨਾਲ ਬਹੁਮਤ ਮਿਲਿਆ ਹੈ ਤੇ ਪਠਾਨਕੋਟ 'ਚ 22 ਸੀਟਾਂ ਨਾਲ ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ ਹੈ | ਇਨ੍ਹਾਂ ਚੋਣ ਨਤੀਜਿਆਂ ਨਾਲ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰਾਂ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ | 90 ਫ਼ੀਸਦੀ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ 'ਆਪ' ਨੇ ਜਿੱਤੀਆਂ ਹਨ | ਇਨ੍ਹਾਂ 'ਚ 8 ਨਗਰ ਨਿਗਮਾਂ ਲਈ ਹੋਈ ਚੋਣ 'ਚ 'ਆਪ' ਨੇ 157, ਕਾਂਗਰਸ ਨੇ 94, ਭਾਜਪਾ ਨੇ 69, ਸ਼੍ਰੋਮਣੀ ਅਕਾਲੀ ਦਲ ਨੇ 13 ਜਦਕਿ ਆਜ਼ਾਦ ਉਮੀਦਵਾਰਾਂ ਨੇ 25 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ | ਇਸ ਤੋਂ ਪਹਿਲਾਂ ਫ਼ਿਰੋਜ਼ਪੁਰ ਦੇ ਮੁੱਦਕੀ ਨਗਰ ਪੰਚਾਇਤ ਦੇ 13 ਵਾਰਡਾਂ ਲਈ ਸਰਬਸੰਮਤੀ ਨਾਲ ਚੋਣ ਕਰ ਲਈ ਗਈ ਸੀ, ਜਿਨ੍ਹਾਂ 'ਚ 'ਆਪ' ਦੇ 7 ਅਤੇ ਸ਼੍ਰੋਮਣੀ ਅਕਾਲੀ ਦਲ ਦੇ 6 ਮੈਂਬਰ ਚੁਣ ਲਏ ਗਏ ਸਨ | ਚੋਣ ਕਮਿਸ਼ਨ ਵਲੋਂ ਵੋਟਾਂ ਦੀ ਗਿਣਤੀ ਲਈ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਦੇ ਬਾਹਰ ਬਹੁਪਰਤੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ | ਚੋਣ ਪ੍ਰਕਿਰਿਆ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਸਨ | ਇਨ੍ਹਾਂ ਚੋਣ ਨਤੀਜਿਆਂ ਨਾਲ ਜਿੱਥੇ ਰਵਾਇਤੀ ਵਿਰੋਧੀ ਧਿਰਾਂ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ, ਉਥੇ ਹੀ ਅਕਾਲੀ ਦਲ ਲਈ ਵੀ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਇਸ ਵਾਰ ਦੀਆਂ ਨਗਰ ਨਿਗਮ ਚੋਣਾਂ 'ਚ 25 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ | ਜਦਕਿ ਸ਼੍ਰੋਮਣੀ ਅਕਾਲੀ ਦਲ ਦੇ 13 ਉਮੀਦਵਾਰ ਹੀ ਜਿੱਤ ਹਾਸਲ ਕਰ ਸਕੇ ਹਨ | ਸਥਾਨਕ ਸਰਕਾਰਾਂ ਦੀਆਂ ਇਹ ਚੋਣਾਂ ਭਾਵੇਂ ਵਿਕਾਸ ਅਤੇ ਸਥਾਨਕ ਮਸਲਿਆਂ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਹਨ, ਪਰ ਸਿਆਸੀ ਹਲਕਿਆਂ 'ਚ ਇਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਵਜੋਂ ਵੀ ਵੇਖਿਆ ਜਾ ਰਿਹਾ ਸੀ | ਪੰਜਾਬ ਦੇ 8 ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ 26 ਮਈ ਨੂੰ ਹੋਈ ਵੋਟਿੰਗ ਦੌਰਾਨ 63.94 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਸੀ | ਚੋਣ ਮੈਦਾਨ 'ਚ ਕੁੱਲ 7,555 ਉਮੀਦਵਾਰ ਸਨ, ਜਦਕਿ 79 ਉਮੀਦਵਾਰ ਬਿਨਾਂ ਮੁਕਾਬਲੇ ਹੀ ਜੇਤੂ ਐਲਾਨੇ ਗਏ | ਸਭ ਤੋਂ ਵੱਧ 1,801 ਉਮੀਦਵਾਰ ਆਮ ਆਦਮੀ ਪਾਰਟੀ ਵਲੋਂ ਮੈਦਾਨ 'ਚ ਸਨ | ਕਾਂਗਰਸ ਦੇ 1,550, ਭਾਜਪਾ ਦੇ 1,316 ਅਤੇ ਸ਼੍ਰੋਮਣੀ ਅਕਾਲੀ ਦਲ ਦੇ 1,251 ਉਮੀਦਵਾਰਾਂ ਨੇ ਵੀ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾਈ | ਇਸ ਤੋਂ ਇਲਾਵਾ 1,528 ਆਜ਼ਾਦ ਉਮੀਦਵਾਰਾਂ ਨੇ ਵੀ ਚੋਣ ਲੜੀ, ਜਿਸ ਕਾਰਨ ਕਈ ਥਾਵਾਂ 'ਤੇ ਮੁਕਾਬਲਾ ਕਾਫ਼ੀ ਦਿਲਚਸਪ ਬਣਿਆ ਰਿਹਾ | ਚੋਣ ਨਤੀਜਿਆਂ 'ਚ ਸਭ ਤੋਂ ਵੱਡਾ ਸਿਆਸੀ ਸੰਦੇਸ਼ ਗਿੱਦੜਬਾਹਾ ਤੋਂ ਮਿਲਿਆ, ਜਿਥੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਭਾਵ ਵਾਲੇ ਖੇਤਰ 'ਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਗਿੱਦੜਬਾਹਾ ਨਗਰ ਕੌਂਸਲ ਦੀਆਂ 19 ਵਾਰਡਾਂ 'ਚੋਂ 'ਆਪ' ਨੇ 17 'ਤੇ ਜਿੱਤ ਹਾਸਲ ਕੀਤੀ, ਜਦਕਿ ਕਾਂਗਰਸ ਕੇਵਲ 2 ਸੀਟਾਂ ਤੱਕ ਸੀਮਤ ਰਹੀ | ਇਹ ਨਤੀਜਾ ਕਾਂਗਰਸ ਲਈ ਸਿਰਫ਼ ਚੋਣ 'ਚ ਹਾਰ ਨਹੀਂ, ਸਗੋਂ ਉਸ ਦੇ ਰਵਾਇਤੀ ਵੋਟ ਬੈਂਕ 'ਚ ਆ ਰਹੀ ਕਮਜ਼ੋਰੀ ਦਾ ਸੰਕੇਤ ਵੀ ਹੈ | ਮੁਹਾਲੀ, ਜ਼ੀਰਕਪੁਰ, ਪਠਾਨਕੋਟ, ਬਟਾਲਾ, ਮਲੇਰਕੋਟਲਾ ਅਤੇ ਹੋਰ ਕਈ ਸ਼ਹਿਰੀ ਇਲਾਕਿਆਂ 'ਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਗਿਣਤੀ 'ਚ ਜਿੱਤ ਦਰਜ ਕਰਕੇ ਆਪਣੀ ਪਕੜ ਮਜ਼ਬੂਤ ਕੀਤੀ ਹੈ | ਸ਼ਹਿਰੀ ਖੇਤਰਾਂ 'ਚ ਭਾਜਪਾ ਨੇ ਕੁੱਝ ਥਾਵਾਂ 'ਤੇ ਆਪਣੀ ਮੌਜੂਦਗੀ ਦਰਜ ਕਰਵਾਈ | ਅਕਾਲੀ ਦਲ ਵੀ ਕਈ ਖੇਤਰਾਂ 'ਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰਨ 'ਚ ਨਾਕਾਮ ਰਿਹਾ | ਲੋਕਾਂ ਨੇ ਸਥਾਨਕ ਪੱਧਰ 'ਤੇ ਵਿਕਾਸ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ, ਸੀਵਰੇਜ, ਸੜਕਾਂ ਅਤੇ ਭਿ੍ਸ਼ਟਾਚਾਰ ਦੇ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਵੋਟਿੰਗ ਕੀਤੀ | ਇਨ੍ਹਾਂ ਚੋਣ ਨਤੀਜਿਆਂ ਨੇ ਪੰਜਾਬ ਦੀ ਰਵਾਇਤੀ ਸਿਆਸਤ ਨੂੰ ਨਵੀਂ ਚੁਣੌਤੀ ਦੇ ਦਿੱਤੀ ਹੈ | ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਲਈ ਇਹ ਨਤੀਜੇ ਸੰਗਠਨਾਤਮਕ ਕਮਜ਼ੋਰੀ ਅਤੇ ਜ਼ਮੀਨੀ ਪੱਧਰ 'ਤੇ ਘਟ ਰਹੇ ਪ੍ਰਭਾਵ ਦੀ ਚਿਤਾਵਨੀ ਮੰਨੇ ਜਾ ਰਹੇ ਹਨ | ਕਈ ਥਾਵਾਂ 'ਤੇ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਰਹੇ, ਜਿਸ ਕਾਰਨ ਉਨ੍ਹਾਂ ਦੀ ਸਿਆਸੀ ਰਣਨੀਤੀ 'ਤੇ ਸਵਾਲ ਖੜੇ੍ਹ ਹੋ ਰਹੇ ਹਨ | ਉੱਧਰ, ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣ ਨਤੀਜਿਆਂ ਨੂੰ ਲੋਕਾਂ ਵਲੋਂ ਸਰਕਾਰ ਦੀਆਂ ਨੀਤੀਆਂ 'ਤੇ ਲਗਾਈ ਮੋਹਰ ਕਰਾਰ ਦਿੱਤਾ ਹੈ | ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਸਿਆਸਤ ਤੋਂ ਉੱਪਰ ਉੱਠ ਕੇ ਵਿਕਾਸ ਅਤੇ ਬਦਲਾਅ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ | ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਨਤੀਜਿਆਂ ਨੂੰ ਸਵੀਕਾਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਆਪਣੀ ਸੰਗਠਨਾਤਮਕ ਮਜ਼ਬੂਤੀ ਲਈ ਨਵੀਂ ਰਣਨੀਤੀ ਤਿਆਰ ਕਰਨਗੀਆਂ | ਚੋਣ ਨਤੀਜਿਆਂ ਤੋਂ ਬਾਅਦ ਹੁਣ ਸਿਆਸੀ ਹਲਕਿਆਂ ਦੀ ਨਜ਼ਰ 2027 ਦੀਆਂ ਵਿਧਾਨ ਸਭਾ ਚੋਣਾਂ 'ਤੇ ਟਿਕ ਗਈ ਹੈ | ਮੰਨਿਆ ਜਾ ਰਿਹਾ ਹੈ ਕਿ ਸਥਾਨਕ ਸਰਕਾਰਾਂ ਦੀਆਂ ਇਨ੍ਹਾਂ ਚੋਣਾਂ ਨੇ ਪੰਜਾਬ ਦੀ ਭਵਿੱਖੀ ਸਿਆਸਤ ਦੀ ਦਿਸ਼ਾ ਬਾਰੇ ਕਾਫ਼ੀ ਹੱਦ ਤੱਕ ਸੰਕੇਤ ਦੇ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਉੱਚ ਅਦਾਲਤਾਂ ਨੂੰ ਰਾਖਵਾਂ ਰੱਖਣ ਦੇ 3 ਮਹੀਨੇ ਅੰਦਰ ਸੁਣਾਉਣਾ ਹੋਵੇਗਾ ਫ਼ੈਸਲਾ-ਸੁਪਰੀਮ ਕੋਰਟ <br/> ਅਗਲੀ ਖ਼ਬਰ ਵਿਨੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ ਦੇ ਟਰਾਇਲਾਂ 'ਚ ਹਿੱਸਾ ਲੈਣ ਦੀ ਇਜਾਜ਼ਤ <br/>
Ad Position 24
No active advertisement