ਉਮਰੋਈ, 30 ਮਈ (ਏਜੰਸੀ)-13 ਦੇਸ਼ਾਂ ਦੀਆਂ ਫ਼ੌਜਾਂ ਮੇਘਾਲਿਆ ਦੇ ਉਮਰੋਈ 'ਚ ਪਹਿਲੀ ਬਹੁਪੱਖੀ ਫ਼ੌਜੀ ਅਭਿਆਸ 'ਪ੍ਰਗਤੀ 2026' ਲਈ ਇਕੱਠੀਆਂ ਹੋਈਆਂ | ਇਹ ਅਭਿਆਸ ਸਨਿਚਰਵਾਰ ਨੂੰ ਸਮਾਪਤ ਹੋਇਆ, ਜਿਸ ਦਾ ਮੁੱਖ ਉਦੇਸ਼ ਹਿੰਦ ਮਹਾਂਸਾਗਰ ਖੇਤਰ ਦੇ ਦੇਸ਼ਾਂ 'ਚ ਆਪਸੀ ਵਿਸ਼ਵਾਸ ਵਧਾਉਣਾ ਅਤੇ ਅੱਤਵਾਦ ਦਾ ਮੁਕਾਬਲਾ ਕਰਨ 'ਤੇ ਕੇਂਦਿ੍ਤ ਸੀ | ਅਧਿਕਾਰੀਆਂ ਨੇ ਦੱਸਿਆ ਕਿ ਦੋ ਹਫ਼ਤੇ ਤੱਕ ਚੱਲੇ ਇਸ ਅਭਿਆਸ ਦੌਰਾਨ ਭੂਟਾਨ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਾਲਦੀਵ, ਮਿਆਂਮਾਰ, ਨਿਪਾਲ, ਫਿਲਪੀਨਜ਼, ਸੇਸ਼ੇਲਸ, ਸ੍ਰੀਲੰਕਾ, ਵੀਅਤਨਾਮ ਅਤੇ ਭਾਰਤ ਦੇ 400 ਤੋਂ ਵੱਧ ਸੈਨਿਕ, ਜਿਨ੍ਹਾਂ 'ਚ ਲਗਭਗ 20 ਔਰਤਾਂ ਸ਼ਾਮਿਲ ਸਨ, ਹੈਲੀਕਾਪਟਰਾਂ ਤੋਂ ਹੇਠਾਂ ਉਤਰੇ, ਰਸਤੇ 'ਚ ਆਈ.ਈ.ਡੀ. ਦਾ ਪਤਾ ਲਗਾਉਣ ਅਤੇ ਪਥਰੀਲੀਆਂ ਕੰਧਾਂ 'ਤੇ ਚੜ੍ਹਨ ਵਰਗੇ ਹੁਨਰਾਂ ਦਾ ਪ੍ਰਦਰਸ਼ਨ ਕੀਤਾ | ਭਾਰਤੀ ਫ਼ੌਜ ਦੇ ਉਪ-ਮੁਖੀ ਲੈਫ਼. ਜਨਰਲ ਧੀਰਜ ਸੇਠ ਸਮਾਪਤੀ ਸਮਾਰੋਹ 'ਚ ਮÏਜੂਦ ਸਨ | ਇਸ ਸਮਾਰੋਹ 'ਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਛੇ ਉਪ-ਮੁਖੀ ਅਤੇ 40 ਤੋਂ ਵੱਧ ਸੀਨੀਅਰ ਫ਼ੌਜੀ ਅਧਿਕਾਰੀ ਸ਼ਾਮਿਲ ਹੋਏ | ਲੈਫ਼. ਜਨਰਲ ਸੇਠ ਨੇ ਰੱਖਿਆ ਸਹਿਯੋਗ ਅਤੇ ਫ਼ੌਜ-ਤੋਂ-ਫ਼ੌਜ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੁਵੱਲੀ ਗੱਲਬਾਤ ਕੀਤੀ | ਪ੍ਰੋਗਰਾਮ ਦੇ ਮੁੱਖ ਕੋਆਰਡੀਨੇਟਰ ਬਿ੍ਗੇਡੀਅਰ ਮਯੂਰ ਸ਼ੇਕਟਕਰ ਨੇ ਕਿਹਾ ਕਿ ਪ੍ਰਗਤੀ ਮੇਘਾਲਿਆ ਦੇ ਉਮਰੋਈ ਦੇ ਸ਼ਾਂਤ ਵਾਤਾਵਰਨ 'ਚ ਇਕ ਮੈਗਾ ਅਭਿਆਸ ਸੀ | ਅਭਿਆਸ ਦੇ ਡਾਇਰੈਕਟਰ ਕਰਨਲ ਸੰਦੀਪ ਪੂਨੀਆ ਨੇ ਕਿਹਾ ਕਿ ਪ੍ਰਗਤੀ ਦਾ ਅਰਥ ਹੈ 'ਹਿੰਦ ਮਹਾਂਸਾਗਰ ਖੇਤਰ 'ਚ ਵਿਕਾਸ ਅਤੇ ਪਰਿਵਰਤਨ ਲਈ ਖੇਤਰੀ ਫ਼ੌਜਾਂ ਦੀ ਭਾਈਵਾਲੀ'¢ ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਮਿੱਤਰ ਦੇਸ਼ਾਂ 'ਚ ਤਾਲਮੇਲ, ਆਪਸੀ ਸਹਿਯੋਗ ਸਥਾਪਿਤ ਕਰਨਾ ਤੇ ਉਨ੍ਹਾਂ ਵਿਚਾਲੇ ਆਪਸੀ ਵਿਸ਼ਵਾਸ ਨੂੰ ਵਧਾਉਣਾ ਹੈ |