ਨਵੀਂ ਦਿੱਲੀ, 31 ਮਈ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੀ.ਬੀ.ਐਸ.ਈ. ਓ.ਐਸ.ਐਮ. ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਆਪਣੇ ਮਹੀਨਾਵਾਰ ਰੇਡੀਓ ਸੰਬੋਧਨ 'ਚ ਅੰਬਾਂ ਬਾਰੇ ਗੱਲਬਾਤ ਕਰਨ ਦਾ ਸਮਾਂ ਤਾਂ ਸੀ, ਪਰ ਉਨ੍ਹਾਂ 18.5 ਲੱਖ ਬੱਚਿਆਂ ਬਾਰੇ ਗੱਲ ਕਰਨ ਦਾ ਸਮਾਂ ਨਹੀਂ ਸੀ, ਜਿਨ੍ਹਾਂ ਦੀਆਂ ਉੱਤਰ ਪੱਤਰੀਆਂ ਨੂੰ ਫ਼ੋਨ ਨਾਲ ਸਕੈਨ ਕੀਤਾ ਗਿਆ ਸੀ | ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਦੇ ਆਨ-ਸਕਰੀਨ ਮਾਰਕਿੰਗ (ਓ.ਐਸ.ਐਮ.) ਮੁੱਦੇ 'ਤੇ ਮੋਦੀ ਦੀ ਚੁੱਪ ਹੁਣ ਸਿਰਫ਼ 'ਉਦਾਸੀਨਤਾ' ਨਹੀਂ ਰਹੀ, ਬਲਕਿ ਇਹ ਇਕ ਗੰਢ-ਤੁਪ ਹੈ | ਉਨ੍ਹਾਂ ਕਿਹਾ ਕਿ ਧੁੰਦਲੀਆਂ ਕਾਪੀਆਂ, ਗਾਇਬ ਪੰਨੇ ਤੇ ਬਿਨਾਂ ਸਕੈਨ ਕੀਤੀਆਂ ਗਈਆਂ ਉੱਤਰ ਪੱਤਰੀਆਂ, ਇਹ ਕੋਈ ਗਲਤੀਆਂ ਨਹੀਂ ਹਨ | ਇਹ ਉਸ ਇਕਰਾਰ ਦਾ ਸੁਭਾਵਿਕ ਨਤੀਜਾ ਹੈ, ਜਿਸ ਨੂੰ ਕਿਸੇ ਖਾਸ ਵੈਂਡਰ ਨੂੰ ਫ਼ਾਇਦਾ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਸੀ | ਰਾਹੁਲ ਨੇ ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਓ.ਐਸ.ਐਮ. ਨਾਲ ਜੁੜੀਆਂ ਸ਼ਿਕਾਇਤਾਂ 'ਤੇ ਚਰਚਾ ਵੀ ਕੀਤੀ |