ਨਵੀਂ ਦਿੱਲੀ, 7 ਜੂਨ (ਉਪਮਾ ਡਾਗਾ ਪਾਰਥ)-ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਸਨਿਚਰਵਾਰ ਦੇਰ ਰਾਤ ਨੂੰ ਹੋਏ 29 ਰੁਪਏ ਦੇ ਵਾਧੇ 'ਤੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸਰਕਾਰ ਆਮ ਆਦਮੀ ਦੀ ਜੇਬ 'ਤੇ ਬੋਝ ਵਧਾ ਰਹੀ ਹੈ | ਕਾਂਗਰਸ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਸੰਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਮਹਿੰਗਾਈ ਮੈਨ' ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਨੀਤੀ ਸਾਫ ਹੈ ਕਿ ਜਨਤਾ ਤੋਂ ਵਸੂਲੀ ਕਰ ਕੇ ਆਪਣੇ ਕਰੀਬੀ ਉਦਯੋਪਤੀ ਨੂੰ ਫਾਇਦਾ ਪਹੁੰਚਾਉਣਾ | ਆਮ ਆਦਮੀ ਪਾਰਟੀ ਨੇ ਵੀ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਤ ਝੱਲ ਰਹੀ ਜਨਤਾ 'ਤੇ ਇਹ ਇਕ ਹੋਰ ਵੱਡਾ ਬੋਝ ਹੈ | ਇਸ ਨਾਲ ਘਰੇਲੂ ਬਜਟ 'ਤੇ ਸਿੱਧਾ ਅਸਰ ਪਏਗਾ ਅਤੇ ਆਮ ਆਦਮੀ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਹੋਏਗਾ | ਤਿ੍ਣਮੂਲ ਕਾਂਗਰਸ ਨੇ ਵੀ ਇਸ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਆਲਮੀ ਸੰਕਟਾਂ ਦਾ ਪੂਰਾ ਬੋਝ ਆਮ ਆਦਮੀ 'ਤੇ ਪਾਇਆ ਜਾ ਰਿਹਾ ਹੈ | ਪਾਰਟੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਭਵਿੱਖ ਦੀਆਂ ਯੋਜਨਾਵਾਂ ਲਈ ਕੋਈ ਠੋਸ ਨੀਤੀ ਨਹੀਂ ਬਣਾਉਂਦੀ ਤੇ ਹਰ ਵਾਰ ਕੀਮਤਾਂ ਦਾ ਭਾਰ ਸਿੱਧਾ ਜਨਤਾ 'ਤੇ ਪਾ ਦਿੰਦੀ ਹੈ | ਪਾਰਟੀ ਨੇ ਕਿਹਾ ਕਿ ਅਮੀਰਾਂ ਲਈ ਇਹ ਮਾਮੂਲੀ ਵਾਧਾ ਹੋ ਸਕਦਾ ਹੈ ਪਰ ਕਰੋੜਾਂ ਪਰਿਵਾਰਾਂ ਲਈ ਇਹ ਘਰੇਲੂ ਬਜਟ 'ਤੇ ਵੱਡਾ ਝਟਕਾ ਹੈ | ਜ਼ਿਕਰਯੋਗ ਹੈ ਕਿ ਘਰੇਲੂ ਐਲ. ਪੀ. ਜੀ. ਸਿਲੰਡਰ ਦੀ ਕੀਮਤ 'ਚ 29 ਰੁਪਏ ਦੇ ਵਾਧੇ ਨਾਲ ਦਿੱਲੀ 'ਚ ਘਰੇਲੂ ਸਿਲੰਡਰ ਦੀ ਕੀਮਤ 913 ਰੁਪਏ ਤੋਂ ਵਧ ਕੇ 942 ਰੁਪਏ ਹੋ ਗਈ ਹੈ | ਨਵੀਆਂ ਦਰਾਂ ਐਤਵਾਰ ਰਾਤ 12 ਵਜੇ ਤੋਂ ਲਾਗੂ ਹੋਣਗੀਆਂ | ਤਿੰਨ ਮਹੀਨਿਆਂ 'ਚ ਇਹ ਦੂਜੀ ਵਾਰ ਹੈ ਜਦੋਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ | ਇਸ ਤੋਂ ਪਹਿਲਾਂ ਮਾਰਚ 'ਚ ਵੀ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ 60 ਰੁਪਏ ਦਾ ਵਾਧਾ ਕੀਤਾ ਗਿਆ ਸੀ | ਜਿਸ ਨਾਲ ਪਿਛਲੇ ਤਿੰਨ ਮਹੀਨਿਆਂ 'ਚ ਸਿਲੰਡਰ ਦੀਆਂ ਕੀਮਤਾਂ 'ਚ 89 ਰੁਪਏ ਦਾ ਵਾਧਾ ਹੋ ਗਿਆ ਹੈ |