ਤਰਲੋਚਨ ਸਿੰਘ ਨੇ ਪ੍ਰਧਾਨ ਧਾਮੀ ਨੂੰ ਲਿਖਿਆ ਪੱਤਰ
ਅੰਮਿ੍ਤਸਰ, 12 ਜੂਨ (ਜਸਵੰਤ ਸਿੰਘ ਜੱਸ)-ਉੱਘੇ ਸਿੱਖ ਚਿੰਤਕ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਸ: ਤਰਲੋਚਨ ਸਿੰਘ ਨੇ ਸ਼੍ਰੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਸਲਾਹ ਦਿੱਤੀ ਹੈ ਕਿ ਸ਼ੋ੍ਰਮਣੀ ਕਮੇਟੀ ਨੂੰ ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਬਾਰੇ ਮੁੱਲਵਾਨ ਪੁਸਤਕਾਂ ਲਿਖਣ ਵਾਲੇ ਦੋ ਬੰਗਾਲੀ ਲੇਖਕਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਕ ਸਨਮਾਨ ਸਮਾਰੋਹ ਕਰਕੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ | ਪੱਤਰ ਵਿਚ ਸ: ਤਰਲੋਚਨ ਸਿੰਘ ਨੇ ਕਿਹਾ ਕਿ ਦੋ ਬੰਗਾਲੀ ਲੇਖਕਾਂ ਪ੍ਰੋ: ਹਿਮਾਦਰੀ ਬੈਨਰਜੀ ਅਤੇ ਪ੍ਰੋ: ਚੰਦਾ ਚੈਟਰਜੀ ਨੇ ਸਿੱਖ ਸੱਭਿਆਚਾਰ ਅਤੇ ਇਤਿਹਾਸ 'ਤੇ ਕਿਤਾਬਾਂ ਲਿਖ ਕੇ ਬਹੁਤ ਵਧੀਆ ਸੇਵਾ ਕੀਤੀ ਹੈ | ਇਹ ਨਾ ਸਿਰਫ਼ ਬੰਗਾਲ ਵਿਚ, ਸਗੋਂ ਦੁਨੀਆ ਭਰ ਵਿਚ ਬਹੁਤ ਮਸ਼ਹੂਰ ਲੇਖਕ ਹਨ ਤੇ ਦੋਵੇਂ ਨਾਮਵਰ ਯੂਨੀਵਰਸਿਟੀਆਂ ਵਿਚ ਪ੍ਰੋਫੈਸਰ ਰਹੇ ਹਨ | ਉਨ੍ਹਾਂ ਕਿਹਾ ਕਿ ਪ੍ਰੋ: ਹਿਮਾਦਰੀ ਬੈਨਰਜੀ ਦੀਆਂ ਕਿਤਾਬਾਂ 'ਦਾ ਅਦਰ ਸਿੱਖ' ਅਤੇ 'ਬਿਓਾਡ ਪੰਜਾਬ' ਨੇ ਪੂਰਬੀ ਭਾਰਤ ਵਿਚ ਸਿੱਖਾਂ ਦੇ ਇਤਿਹਾਸ ਨੂੰ ਪੇਸ਼ ਕੀਤਾ ਹੈ | ਪ੍ਰੋਫੈਸਰ ਚੈਟਰਜੀ ਨੇ ਇੱਕ ਇਤਿਹਾਸਕ ਕਿਤਾਬ 'ਟੈਗੋਰ ਐਂਡ ਦ ਸਿੱਖ ਗੁਰੂ'' ਪ੍ਰਕਾਸ਼ਿਤ ਕੀਤੀ ਹੈ ਤੇ ਉਸ ਨੇ ਪਹਿਲੀ ਵਾਰ ਰਬਿੰਦਰ ਨਾਥ ਟੈਗੋਰ ਦੀ ਆਪਣੇ ਪਿਤਾ ਨਾਲ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਨੂੰ ਪੇਸ਼ ਕੀਤਾ ਹੈ ਅਤੇ ਸਿੱਖਾਂ ਬਾਰੇ ਉਨ੍ਹਾਂ ਵਲੋਂ ਲਿਖੀਆਂ ਗਈਆਂ ਸਾਰੀਆਂ ਕਵਿਤਾਵਾਂ ਦਾ ਜ਼ਿਕਰ ਕੀਤਾ ਹੈ | ਉਨ੍ਹਾਂ ਪ੍ਰਧਾਨ ਧਾਮੀ ਨੂੰ ਅਪੀਲ ਕੀਤੀ ਹੈ ਕਿ ਸਿੱਖ ਧਰਮ ਪ੍ਰਤੀ ਦੋਵਾਂ ਬੰਗਾਲੀ ਲੇਖਕਾਂ ਦੀਆਂ ਸੇਵਾਵਾਂ ਨੂੰ ਜਨਤਕ ਤੌਰ 'ਤੇ ਸਵੀਕਾਰ ਕਰਨ ਲਈ ਇੱਕ ਧੰਨਵਾਦ ਤੇ ਸਨਮਾਨ ਸਮਾਰੋਹ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮਦੁਰਾਈ ਯੂਨੀਵਰਸਿਟੀ ਦੇ ਡਾ. ਐੱਨ. ਮੁਥੂ ਮੋਹਨ ਵਰਗੇ ਹੋਰ ਵਿਦਵਾਨ ਵੀ ਹਨ, ਜਿਨ੍ਹਾਂ ਨੇ ਸਿੱਖ ਧਰਮ ਬਾਰੇ ਵੀ ਕਿਤਾਬਾਂ ਲਿਖੀਆਂ ਹਨ | ਉਨ੍ਹਾਂ ਗਿਲਾ ਜ਼ਾਹਿਰ ਕੀਤਾ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਹਾਡੇ ਵਲੋਂ ਮੇਰੇ ਵਲੋਂ ਵਾਰ-ਵਾਰ ਭੇਜੇ ਜਾਂਦੇ ਸੁਝਾਵਾਂ ਦਾ ਕਦੇ ਕੋਈ ਜਵਾਬ ਨਹੀਂ ਆਇਆ, ਪਰ ਮੈਨੂੰ ਉਮੀਦ ਹੈ ਕਿ ਤੁਸੀਂ ਇਸ 'ਤੇ ਵਿਚਾਰ ਕਰੋਗੇ |
ਸਿੱਖ ਇਤਿਹਾਸ ਬਾਰੇ ਪੁਸਤਕਾਂ ਲਿਖਣ ਵਾਲੇ ਦੋ ਬੰਗਾਲੀ ਲੇਖਕਾਂ ਦਾ ਸਨਮਾਨ ਕਰੇ ਸ਼੍ਰੋਮਣੀ ਕਮੇਟੀ
ਅਜੀਤ ਡੈਸਕ
13-06-2026