ਆਮ ਪੰਪਾਂ ਤੋਂ ਉਦਯੋਗਿਕ ਤੇ ਵਪਾਰਕ ਉਪਭੋਗਤਾਵਾਂ ਨੂੰ ਪੈਟਰੋਲ-ਡੀਜ਼ਲ ਖ਼ਰੀਦਣ 'ਤੇ ਰੋਕ
ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)-ਸਰਕਾਰ ਨੇ ਵਿਸ਼ਵ ਸਪਲਾਈ 'ਚ ਰੁਕਾਵਟ ਦੇ ਵਿਚਕਾਰ ਸਥਾਨਕ ਪੱਧਰ 'ਤੇ ਕਮੀ ਨੂੰ ਰੋਕਣ ਲਈ ਵੱਡਾ ਫ਼ੈਸਲਾ ਲੈਂਦਿਆ ਇਕ ਵਾਹਨ ਨੂੰ ਡੀਜ਼ਲ ਦੀ ਵਿਕਰੀ ਨੂੰ ਇਕ ਦਿਨ 'ਚ 200 ਲੀਟਰ ਤੱਕ ਸੀਮਤ ਕਰ ਦਿੱਤਾ ਹੈ | ਇਸ ਦੇ ਨਾਲ ਹੀ ਉਦਯੋਗਿਕ, ਵਪਾਰਕ ਅਤੇ ਸੰਸਥਾਗਤ ਉਪਭੋਗਤਾਵਾਂ ਨੂੰ ਪੈਟਰੋਲ ਪੰਪਾਂ ਤੋਂ ਪੈਟਰੋਲ ਅਤੇ ਡੀਜ਼ਲ ਖਰੀਦਣ ਤੋਂ ਰੋਕ ਦਿੱਤਾ ਹੈ | ਪ੍ਰਚੂਨ ਪੈਟਰੋਲ ਪੰਪਾਂ ਤੋਂ ਡੀਜ਼ਲ ਕੇਵਲ ਇਕ ਵਾਹਨ ਟੈਂਕ ਜਾਂ ਪੀ.ਈ.ਐਸ.ਓ.-ਪ੍ਰਵਾਨਿਤ ਟੈਂਕਰ 'ਚ ਹੀ ਵੇਚ ਸਕਦੇ ਹਨ ਅਤੇ ਇਹ ਵੀ ਪ੍ਰਤੀ ਗਾਹਕ ਜਾਂ ਵਾਹਨ ਪ੍ਰਤੀ ਦਿਨ 200 ਲੀਟਰ ਤੋਂ ਵੱਧ ਨਹੀਂ | ਇਸ ਤੋਂ ਇਲਾਵਾ ਉਦਯੋਗਿਕ, ਵਪਾਰਕ ਅਤੇ ਸੰਸਥਾਗਤ ਖਪਤਕਾਰਾਂ ਨੂੰ ਹੁਣ ਪ੍ਰਚੂਨ ਪੈਟਰੋਲ ਪੰਪਾਂ ਤੋਂ ਪੈਟਰੋਲ ਜਾਂ ਡੀਜ਼ਲ ਖਰੀਦਣ ਦੀ ਆਗਿਆ ਨਹੀਂ ਹੋਵੇਗੀ | ਉਨ੍ਹਾਂ ਨੂੰ ਆਪਣਾ ਬਾਲਣ ਆਪਣੇ ਖਪਤਕਾਰ ਪੰਪਾਂ ਤੋਂ ਪ੍ਰਾਪਤ ਕਰਨਾ ਹੋਵੇਗਾ | ਇਹ ਪਾਬੰਦੀਆਂ ਸ਼ੁਰੂਆਤ 'ਚ 90 ਦਿਨਾਂ ਤੱਕ ਲਾਗੂ ਰਹੇਗੀ | ਇਹ ਕਦਮ ਕੁਝ ਇਲਾਕਿਆਂ 'ਚ ਮੰਗ ਦੇ ਅਸਾਵੇਂ ਵਾਧੇ ਤੋਂ ਬਾਅਦ ਉਠਾਇਆ ਗਿਆ ਹੈ | ਖਾਸ ਕਰਕੇ ਡੀਜ਼ਲ ਦੀ ਮੰਗ 'ਚ ਕਿਉਂਕਿ ਥੋਕ ਉਪਭੋਗਤਾਵਾਂ ਨੇ ਕੀਮਤ ਦੇ ਅੰਤਰ ਕਾਰਨ ਪੈਟਰੋਲ ਪੰਪਾਂ ਤੋਂ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਸੀ | ਜਿਥੇ ਦਿੱਲੀ 'ਚ ਪੈਟਰੋਲ ਪੰਪਾਂ 'ਤੇ ਡੀਜ਼ਲ ਦੀ ਕੀਮਤ 95.20 ਰੁਪਏ ਪ੍ਰਤੀ ਲੀਟਰ ਹੈ, ਉਥੇ ਹੀ ਥੋਕ ਵਿਕਰੀ ਦੀ ਕੀਮਤ 134.50 ਰੁਪਏ ਹੈ | ਇਹ ਅੰਤਰ ਉਦੋਂ ਪੈਦਾ ਹੋਇਆ ਜਦੋਂ ਸਰਕਾਰੀ ਤੇਲ ਕੰਪਨੀਆਂ ਨੇ ਫਰਵਰੀ ਦੇ ਅਖੀਰ 'ਚ ਪੱਛਮੀ ਏਸ਼ੀਆ ਸੰਕਟ ਤੋਂ ਬਾਅਦ ਆਮ ਉਪਭੋਗਤਾਵਾਂ ਨੂੰ ਲਾਗਤ 'ਚ ਵਾਧੇ ਤੋਂ ਬਚਾਉਣ ਲਈ ਪ੍ਰਚੂਨ ਕੀਮਤਾਂ ਨੂੰ ਕਾਬੂ 'ਚ ਰੱਖਿਆ ਸੀ, ਜਦੋਂਕਿ ਟੈਲੀਕਾਮ ਟਾਵਰਾਂ, ਬਿਜਲੀ ਉਤਪਾਦਨ ਅਤੇ ਹੋਰਨਾਂ ਜ਼ਰੂਰਤਾਂ ਲਈ ਡੀਜ਼ਲ ਦੀ ਵਰਤੋਂ ਕਰਨ ਵਾਲੇ ਉਦਯੋਗਾਂ ਵਰਗੇ ਥੋਕ ਉਪਭੋਗਤਾਵਾਂ ਤੋਂ ਬਾਜ਼ਾਰ ਮੁੱਲ ਵਸੂਲਿਆ ਜਾਂਦਾ ਹੈ, ਉਥੇ ਹੀ ਪ੍ਰਚੂਨ ਪੰਪ ਦਰਾਂ ਲਾਗਤ ਨਾਲੋਂ ਬਹੁਤ ਘੱਟ ਹਨ | ਵਪਾਰਕ ਗਾਹਕ ਜਿਵੇਂ ਕਿ ਟਰੱਕਿੰਗ ਕੰਪਨੀਆਂ ਅਤੇ ਰਾਜ ਸੜਕ ਆਵਾਜਾਈ ਬੱਸਾਂ ਵਰਗੇ ਗਾਹਕ ਵੀ ਆਪਣੀਆਂ ਜ਼ਰੂਰਤਾਂ ਲਈ ਪੰਪਾਂ ਦੀ ਵਰਤੋਂ ਕਰ ਰਹੇ ਸਨ, ਜਿਸ ਦੇ ਨਤੀਜੇ ਵਜੋਂ ਕੁਝ ਇਲਾਕਿਆਂ 'ਚ ਮੰਗ 'ਚ ਅਸਧਾਰਨ ਵਾਧਾ ਹੋਇਆ ਹੈ | ਕੀਮਤਾਂ 'ਚ ਅੰਤਰ ਕਾਰਨ ਵਿਕਰੀ ਦੇ ਪੈਟਰਨ 'ਚ ਵੀ ਤਬਦੀਲੀ ਆਈ ਹੈ, ਜਿਸ ਕਾਰਨ ਵਿਕਰੀ ਨਿੱਜੀ ਖੇਤਰ ਦੇ ਆਊਟਲੈਟਾਂ ਤੋਂ ਪੀ.ਐਸ.ਯੂ. ਪੈਟਰੋਲ ਪੰਪਾਂ ਵੱਲ ਤਬਦੀਲ ਹੋ ਗਈ, ਕਿਉਂਕਿ ਨਿੱਜੀ ਸੈਕਟਰ ਦੇ ਪੈਟਰੋਲ ਪੰਪ ਪੈਟਰੋਲ ਤੇ ਡੀਜ਼ਲ ਵੱਧ ਕੀਮਤ 'ਤੇ ਵੇਚ ਰਹੇ ਸਨ | ਮਈ 'ਚ ਤਿੰਨ ਸਰਕਾਰੀ ਮਾਲਕੀ ਵਾਲੀਆਂ ਫਰਮਾਂ ਆਈ.ਓ.ਸੀ., ਬੀ.ਪੀ.ਸੀ.ਐਲ. ਅਤੇ ਐਚ.ਪੀ.ਸੀ.ਐਲ. 'ਚ ਪੈਟਰੋਲ ਦੀ ਵਿਕਰੀ 'ਚ 4.8 ਫ਼ੀਸਦੀ ਅਤੇ ਡੀਜ਼ਲ ਦੀ ਵਿਕਰੀ 'ਚ 6.4 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਸੀ | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ 11 ਜੂਨ ਨੂੰ ਮੋਟਰ ਸਪਿਰਿਟ ਅਤੇ ਹਾਈ ਸਪੀਡ ਡੀਜ਼ਲ (ਰਿਟੇਲ ਆਊਟਲੈਟਸ ਰਾਹੀਂ ਸਪਲਾਈ ਦਾ ਅਸਥਾਈ ਨਿਯਮ) ਆਰਡਰ, 2026 ਜਾਰੀ ਕੀਤਾ ਹੈ, ਜਿਸ 'ਚ ਤੇਲ ਪ੍ਰਚੂਨ ਵਿਕਰੇਤਾਵਾਂ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਇਕ ਵਾਰ 'ਚ 90 ਦਿਨਾਂ ਤੱਕ ਪ੍ਰਚੂਨ ਆਊਟਲੈਟਸ ਤੋਂ ਥੋਕ ਖਰੀਦਦਾਰੀ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਗਿਆ | ਸਰਕਾਰ ਨੇ ਕਿਹਾ ਕਿ ਇਹ ਕਦਮ ਵਿਸ਼ਵ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਮੌਜੂਦਾ ਭੂ-ਰਾਜਨੀਤਿਕ ਸਥਿਤੀ ਦੇ ਕਾਰਨ ਜ਼ਰੂਰੀ ਸੀ, ਜਿਸ ਨੇ ਅੰਤਰਰਾਸ਼ਟਰੀ ਪੈਟਰੋਲੀਅਮ ਸਪਲਾਈ ਚੇਨਾਂ, ਸ਼ਿੰਪਿੰਗ ਲਾਜਿਸਟਿਕਸ ਅਤੇ ਪੈਟਰੋਲੀਅਮ ਉਤਪਾਦਾਂ ਦੀ ਉਪਲਬਧਤਾ 'ਤੇ ਪ੍ਰਤੀਕੂਲ ਪ੍ਰਭਾਵ ਪਾਇਆ ਹੈ |
ਹੁਣ 200 ਲੀਟਰ ਤੋਂ ਜ਼ਿਆਦਾ ਨਹੀਂ ਮਿਲੇਗਾ ਡੀਜ਼ਲ-ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ
ਅਜੀਤ ਡੈਸਕ
13-06-2026