• ਪੰਜਾਬ ਦੇ 5 ਜ਼ਿਲਿ੍ਹਆਂ ਸਮੇਤ ਦੇਸ਼ ਦੇ 197 ਜ਼ਿਲ੍ਹੇ ਹਾਈ ਅਲਰਟ 'ਤੇ
• 30 ਤੋਂ 50 ਲੱਖ ਟਨ ਝੋਨੇ ਦੀ ਪੈਦਾਵਾਰ ਘਟਣ ਦਾ ਖ਼ਦਸ਼ਾ
ਹਰਜਿੰਦਰ ਸਿੰਘ ਲਾਲ
ਖੰਨਾ, 14 ਜੂਨ-'ਅਲ ਨੀਨੋ' ਦੇ ਸਰਗਰਮ ਹੋਣ 'ਤੇ ਭਾਰਤ ਸਰਕਾਰ ਨੇ ਚੌਕਸੀ ਵਧਾ ਦਿੱਤੀ ਹੈ | ਇਸ ਨਾਲ ਦੱਖਣ-ਪੱਛਮੀ ਮੌਨਸੂਨ ਦੇ ਆਮ ਨਾਲੋਂ ਕਮਜ਼ੋਰ ਰਹਿਣ ਦੀ ਸੰਭਾਵਨਾ ਕਾਰਨ ਕੇਂਦਰ ਸਰਕਾਰ ਨੇ 'ਜ਼ਿਲ੍ਹਾ ਪੱਧਰੀ ਸੰਕਟ ਪ੍ਰਬੰਧਨ ਯੋਜਨਾਵਾਂ' ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ | ਭਾਰਤ ਦੇ 197 ਜ਼ਿਲਿ੍ਹਆਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਘੱਟ ਵਰਖਾ ਦਾ ਖੇਤੀ 'ਤੇ ਵੱਡਾ ਅਸਰ ਪੈ ਸਕਦਾ ਹੈ | ਅਮਰੀਕਾ ਦੀ ਮੌਸਮੀ ਏਜੰਸੀ 'ਐਨ. ਓ. ਏ. ਏ.' ਅਨੁਸਾਰ ਇਸ ਵਾਰ 'ਅਲ ਨੀਨੋ' ਦਰਮਿਆਨੇ ਤੋਂ ਬਹੁਤ ਮਜ਼ਬੂਤ ਹੋ ਸਕਦਾ ਹੈ | ਕੁਝ ਅੰਤਰਰਾਸ਼ਟਰੀ ਮੌਸਮ ਵਿਗਿਆਨੀ ਇਸ ਦੇ 'ਸੁਪਰ ਅਲ ਨੀਨੋ' ਬਣਨ ਦੀ ਸੰਭਾਵਨਾ ਪ੍ਰਗਟਾ ਰਹੇ ਹਨ | ਭਾਰਤੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਵਾਰ ਦੇਸ਼ ਵਿਚ ਮੌਨਸੂਨੀ ਵਰਖਾ ਲੰਬੇ ਸਮੇਂ ਦੀ ਅÏਸਤ ਦਾ ਕਰੀਬ 90 ਤੋਂ 70 ਫ਼ੀਸਦੀ ਦੇ ਵਿਚਕਾਰ ਰਹਿ ਸਕਦੀ ਹੈ | ਜੇ ਅਨੁਮਾਨ ਸਹੀ ਸਾਬਤ ਹੁੰਦੇ ਹਨ ਤਾਂ ਦੇਸ਼ ਦੇ ਕਈ ਖੇਤਰਾਂ ਵਿਚ ਸੋਕੇ ਵਰਗੇ ਹਾਲਾਤ ਹੋ ਸਕਦੇ ਹਨ | ਕੇਂਦਰੀ ਖੇਤੀ ਮੰਤਰਾਲੇ ਨੇ ਭਾਰਤੀ ਖੇਤੀ ਅਨੁਸੰਧਾਨ ਪ੍ਰੀਸ਼ਦ, ਰਾਜ ਖੇਤੀ ਯੂਨੀਵਰਸਿਟੀਆਂ ਅਤੇ ਖੇਤੀ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਖ਼ਰੀਫ਼ (ਸਾਉਣੀ) ਫ਼ਸਲਾਂ ਲਈ ਵਿਸ਼ੇਸ਼ ਯੋਜਨਾ ਤਿਆਰ ਕਰਨ | ਇਹ ਯੋਜਨਾਵਾਂ ਜੁਲਾਈ ਜਾਂ ਅਗਸਤ ਦੌਰਾਨ ਵਰਖਾ ਵਿਚ ਵੱਡੀ ਕਮੀ ਰਹਿਣ ਤੇ ਫ਼ਸਲਾਂ ਦੀ ਚੋਣ, ਸਿੰਚਾਈ ਦੇ ਬਦਲਵੇਂ ਢੰਗ ਅਤੇ ਫ਼ਸਲਾਂ ਬਚਾਉਣ ਦੇ ਉਪਾਅ ਸੁਝਾਉਣਗੀਆਂ |
ਝੋਨੇ ਦੀ ਪੈਦਾਵਾਰ 'ਤੇ ਵੱਡਾ ਅਸਰ ਪੈਣ ਦਾ ਖ਼ਦਸ਼ਾ
ਬਾਸਮਤੀ ਰਾਈਸ ਮਿੱਲਰ ਅਤੇ ਐਕਸਪੋਰਟਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਜੇਕਰ ਮੌਨਸੂਨ ਆਮ ਨਾਲੋਂ ਜ਼ਿਆਦਾ ਘੱਟ ਰਿਹਾ ਤਾਂ ਭਾਰਤ ਵਿਚ ਝੋਨੇ ਦੀ ਪੈਦਾਵਾਰ ਵਿਚ 30 ਤੋਂ 50 ਲੱਖ ਮੀਟਿ੍ਕ ਟਨ ਦੀ ਕਮੀ ਆ ਸਕਦੀ ਹੈ | ਇਸ ਨਾਲ ਕਰਨਾਟਕ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਰਗੇ ਰਾਜ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ, ਪਰ ਪੰਜਾਬ ਅਤੇ ਹਰਿਆਣਾ ਵੀ ਨਿਗਰਾਨੀ ਹੇਠ ਹਨ |
ਪੰਜਾਬ ਅਤੇ ਹਰਿਆਣਾ 'ਤੇ ਰਹੇਗੀ ਨਜ਼ਰ
ਭਾਵੇਂ ਪੰਜਾਬ ਅਤੇ ਹਰਿਆਣਾ ਵਿਚ ਵਿਕਸਿਤ ਸਿੰਚਾਈ ਢਾਂਚਾ ਮੌਜੂਦ ਹੈ ਫਿਰ ਵੀ 'ਅਲ ਨੀਨੋ' ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ | ਪੰਜਾਬ ਦੇ 5 ਜ਼ਿਲੇ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਹਰਿਆਣਾ ਦੇ ਫ਼ਤਿਹਾਬਾਦ, ਹਿਸਾਰ, ਜੀਂਦ ਅਤੇ ਸਿਰਸਾ ਜ਼ਿਲੇ੍ਹ ਨਿਗਰਾਨੀ ਸ਼੍ਰੇਣੀ ਵਿਚ ਹਨ | ਪੰਜਾਬ ਵਿਚ ਹਰ ਸਾਲ ਲਗਭਗ 180 ਲੱਖ ਟਨ ਅਤੇ ਹਰਿਆਣਾ ਵਿਚ ਕਰੀਬ 60 ਲੱਖ ਟਨ ਝੋਨੇ ਦੀ ਪੈਦਾਵਾਰ ਹੁੰਦੀ ਹੈ | ਵਰਖਾ 'ਚ ਬਹੁਤ ਵੱਡੀ ਕਮੀ ਨਾਲ ਇਨ੍ਹਾਂ ਰਾਜਾਂ ਦੀ ਪੈਦਾਵਾਰ ਵੀ ਪ੍ਰਭਾਵਿਤ ਹੋ ਸਕਦੀ ਹੈ | ਹਾਲਾਂਕਿ ਪੰਜਾਬ ਅਤੇ ਹਰਿਆਣਾ ਵਿਚ 80 ਫ਼ੀਸਦੀ ਤੋਂ ਵੱਧ ਖੇਤੀ ਭੂ-ਜਲ ਆਧਾਰਿਤ ਸਿੰਚਾਈ 'ਤੇ ਨਿਰਭਰ ਹੈ | ਇਸ ਲਈ ਕਿਸਾਨ ਟਿਊਬਵੈੱਲਾਂ ਰਾਹੀਂ ਫ਼ਸਲਾਂ ਨੂੰ ਬਚਾਉਣ ਦੀ ਸਮਰੱਥਾ ਰੱਖਦੇ ਹਨ, ਪਰ ਜੇਕਰ ਵਰਖਾ ਵਿਚ ਬਹੁਤ ਵੱਡੀ ਗਿਰਾਵਟ ਹੁੰਦੀ ਹੈ ਤਾਂ ਪੰਜਾਬ ਦੇ ਪਹਿਲਾਂ ਹੀ ਘਟਦੇ ਧਰਤੀ ਹੇਠਲੇ ਪਾਣੀ ਦੇ ਪੱਧਰ, ਬਿਜਲੀ ਦੀ ਖਪਤ ਅਤੇ ਉਤਪਾਦਨ ਲਾਗਤ ਵਿਚ ਵਾਧੇ ਦਾ ਕਾਰਨ ਬਣੇਗੀ |
ਬਾਸਮਤੀ ਉਦਯੋਗ ਵੀ ਹੋ ਸਕਦਾ ਹੈ ਪ੍ਰਭਾਵਿਤ
ਭਾਰਤ ਦੇ ਬਾਸਮਤੀ ਚਾਵਲ ਉਦਯੋਗ ਦੀ ਨੀਂਹ ਵੀ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਤੇ ਟਿਕੀ ਹੋਈ ਹੈ | ਬੇਸ਼ੱਕ ਕੁਝ ਸਾਲਾਂ ਤੋਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵੀ ਪੈਦਾਵਾਰ ਵਧੀ ਹੈ, ਪਰ ਜੇਕਰ ਅਲ ਨੀਨੋ ਕਾਰਨ ਉੱਚ ਤਾਪਮਾਨ ਅਤੇ ਘੱਟ ਵਰਖਾ ਦੀ ਸਥਿਤੀ ਬਣਦੀ ਹੈ ਤਾਂ ਬਾਸਮਤੀ ਦੀ ਗੁਣਵੱਤਾ ਅਤੇ ਪੈਦਾਵਾਰ ਦੋਵੇਂ ਪ੍ਰਭਾਵਿਤ ਹੋ ਸਕਦੇ ਹਨ |
ਕਣਕ ਅਤੇ ਚੌਲਾਂ ਦੇ ਭੰਡਾਰਾਂ 'ਤੇ ਵੀ ਪੈ ਸਕਦਾ ਹੈ ਅਸਰ
ਜੇਕਰ ਸਾਉਣੀ ਵਿਚ ਵੱਡਾ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਅਸਰ ਹਾੜੀ ਦੀਆਂ ਫ਼ਸਲਾਂ 'ਤੇ ਵੀ ਪੈ ਸਕਦਾ ਹੈ, ਜਿਸ ਕਾਰਨ ਕਣਕ ਦੀ ਬਿਜਾਈ ਅਤੇ ਉਤਪਾਦਨ ਪ੍ਰਭਾਵਿਤ ਹੋ ਸਕਦੇ ਹਨ | ਇਸ ਤਰ੍ਹਾਂ ਦੇਸ਼ ਦੇ ਚੌਲ ਅਤੇ ਕਣਕ ਦੇ ਭੰਡਾਰਾਂ 'ਤੇ ਦਬਾਅ ਵਧਣਾ ਸੁਭਾਵਿਕ ਹੈ | ਭਾਵੇਂ ਭਾਰਤ ਕੋਲ ਐਮਰਜੈਂਸੀ ਲੋੜਾਂ ਲਈ ਨਿਰਧਾਰਤ ਬਫ਼ਰ ਸਟਾਕ ਨਾਲੋਂ ਲਗਭਗ ਤਿੰਨ ਗੁਣਾ ਵਧੇਰੇ ਅਨਾਜ ਮੌਜੂਦ ਹੈ |
'ਅਲ ਨੀਨੋ' ਦੀ ਦਸਤਕ ਨਾਲ ਖੇਤੀਬਾੜੀ 'ਤੇ ਮੰਡਰਾਇਆ ਖ਼ਤਰਾ
ਅਜੀਤ ਡੈਸਕ
15-06-2026