ਮੋਦੀ ਤੇ ਮੈਕਰੋਨ ਵਿਚਾਲੇ ਗੱਲਬਾਤ ਦੌਰਾਨ ਏ.ਆਈ., ਰੱਖਿਆ ਤੇ ਵਪਾਰ ਸਮੇਤ 13 ਮੁੱਦਿਆਂ 'ਤੇ ਬਣੀ ਸਹਿਮਤੀ
ਨੀਸ (ਫਰਾਂਸ), 14 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਦਰਮਿਆਨ ਗੱਲਬਾਤ ਤੋਂ ਬਾਅਦ ਭਾਰਤ ਅਤੇ ਫਰਾਂਸ ਨੇ ਐਤਵਾਰ ਨੂੰ ਆਪਣੇ ਸਾਲਾਨਾ ਦੁਵੱਲੇ ਵਪਾਰ ਨੂੰ ਅਗਲੇ 5 ਸਾਲਾਂ (2030 ਤੱਕ) ਲਈ ਮੌਜੂਦਾ 16 ਅਰਬ ਡਾਲਰ ਤੋਂ ਵਧਾ ਕੇ ਦੁੱਗਣਾ (32 ਅਰਬ ਡਾਲਰ) ਕਰਨ ਦਾ ਟੀਚਾ ਰੱਖਿਆ ਗਿਆ ਹੈ | ਨਾਲ ਹੀ ਅਹਿਮ ਖੇਤਰਾਂ 'ਚ ਸੰਬੰਧ ਵਧਾਉਣ ਲਈ ਇਕ ਨਵਾਂਚਾਰ ਰੋਡਮੈਪ ਅਤੇ ਇਕ ਸਾਂਝਾ ਬਨਾਉਟੀ ਗਿਆਨ (ਏ. ਆਈ.) ਫਰੇਮਵਰਕ ਵੀ ਪੇਸ਼ ਕੀਤਾ | ਦੋਵੇਂ ਨੇਤਾਵਾਂ ਦਰਮਿਆਨ ਗੱਲਬਾਤ 'ਚ 13 ਮੁੱਦਿਆਂ 'ਤੇ ਸਹਿਮਤੀ ਬਣੀ, ਜਿਨ੍ਹਾਂ 'ਚ ਹਾਈ ਸਪੀਡ ਰੇਲਵੇ ਸਹਿਯੋਗ 'ਤੇ ਐਲਾਨ, ਗੁਪਤ ਡਾਟਾ ਲਈ ਸੁਰੱਖਿਆ ਸਮਝੌਤਾ ਅਤੇ ਪੈਰਿਸ ਤੇ ਨੀਸ ਹਵਾਈ ਅੱਡਿਆਂ ਤੱਕ ਭਾਰਤ ਦੇ ਯੂ. ਪੀ. ਆਈ. ਪੇਮੈਂਟ ਨੈਟਵਰਕ ਦਾ ਵਿਸਤਾਰ ਕਰਨ ਦਾ ਸਮਝੌਤਾ ਸ਼ਾਮਿਲ ਹੈ | ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਭਾਰਤ-ਫਰਾਂਸ ਸਾਂਝੇਦਾਰੀ ਨਵੀਂਆਂ ਉਚਾਈਆਂ ਨੂੰ ਛੂੰਹਦੀ ਰਹੇਗੀ | ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਮੋਦੀ-ਮੈਕਰੋਨ ਦੀ ਗੱਲਬਾਤ 'ਚ ਦੁਵੱਲੇ ਸੰਬੰਧਾਂ ਦੇ ਸਾਰੇ ਪਹਿਲੂਆਂ 'ਤੇ ਚਰਚਾ ਹੋਈ, ਜਿਨ੍ਹਾਂ 'ਚ ਸਿਵਲ ਪ੍ਰਮਾਣੂ ਊਰਜਾ, ਰੱਖਿਆ, ਸੁਰੱਖਿਆ, ਪੁਲਾੜ, ਵਪਾਰ ਤੇ ਨਿਵੇਸ਼, ਤਕਨਾਲੋਜੀ, ਖੋਜ, ਸਿੱਖਿਆ, ਆਵਾਜਾਈ ਅਤੇ ਲੋਕਾਂ ਦਰਮਿਆਨ ਆਪਸੀ ਸੰਬੰਧ ਸ਼ਾਮਿਲ ਹਨ | ਬੈਠਕ 'ਚ ਫਰਾਂਸ ਦੀ ਪ੍ਰਮੁੱਖ ਰੱਖਿਆ ਕੰਪਨੀ ਡਸਾਲਟ ਏਵੀਏਸ਼ਨ ਨਾਲ 114 ਰਾਫੇਲ ਲੜਾਕੂ ਜਹਾਜ਼ ਖਰੀਦਣ ਦੀ ਭਾਰਤ ਦੀ ਯੋਜਨਾ 'ਤੇ ਚਰਚਾ ਹੋਈ | ਮਿਸਰੀ ਨੇ ਕਿਹਾ ਕਿ ਸੰਯੁਕਤ ਰੱਖਿਆ ਉਤਪਾਦਾਂ 'ਚ ਵੱਧ ਤੋਂ ਵੱਧ ਸਥਾਨਿਕ ਸਮਗਰੀ ਦੀ ਵਰਤੋਂ 'ਤੇ ਮੁੱਖ ਤੌਰ 'ਤੇ ਧਿਆਨ ਕੇਂਦਰਤ ਕੀਤਾ ਗਿਆ | ਵਿਦੇਸ਼ ਸਕੱਤਰ ਨੇ ਕਿਹਾ ਕਿ ਰਾਫੇਲ ਜੈਟ ਪ੍ਰੋਗਰਾਮ 'ਤੇ ਦੋਵੇਂ ਦੇਸ਼ਾਂ ਦਰਮਿਆਨ ਗੱਲਬਾਤ ਅੱਗੇ ਵਧੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 'ਮੇਕ ਇਨ ਇੰਡੀਆ ਕਨਸੈਪਟ' ਨੂੰ ਅੱਗੇ ਵਧਾਉਣ ਅਤੇ ਦੋਵੇਂ ਦੇਸ਼ਾਂ ਦਰਮਿਆਨ ਰੱਖਿਆ ਪ੍ਰਾਜੈਕਟਾਂ ਲਈ 'ਕੋ-ਡਿਵੈਲਪਮੈਂਟ', ਕੋ-ਡਿਜ਼ਾਈਨ, ਕੋ-ਪ੍ਰੋਡਕਸ਼ਨ, ਫਰੇਮਵਰਕ ਦੀ ਪਾਲਣ ਕਰਨ 'ਤੇ ਜ਼ੋਰ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਦੀ ਗੱਲਬਾਤ 'ਚ ਰਾਫੇਲ ਅਤੇ ਹੋਰ ਮੁੱਦਿਆਂ 'ਤੇ ਚਰਚਾ ਹੋਈ ਪਰ ਮੁੱਖ ਗੱਲ ਇਹ ਸੀ ਕਿ ਕਿਸੇ ਵੀ ਰੱਖਿਆ ਮੰਚ ਦੇ ਮਾਮਲੇ 'ਚ ਅਸੀਂ ਇਸ ਆਧਾਰ 'ਤੇ ਅੱਗੇ ਵਧਾਂਗੇ ਕਿ ਇਸ ਵਿਚ ਵੱਧ ਤੋਂ ਵੱਧ ਸਥਾਨਿਕ ਸਮਗਰੀ ਅਤੇ ਸਥਾਨਿਕ ਮੈਨੀਫੈਕਚਰਿੰਗ ਹੋਵੇ ਤੇ ਸਾਡਾ ਸਹਿਯੋਗ ਇਸੇ ਗੱਲ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਜਾਵੇ | ਭਾਰਤ ਦੇ ਮਲਟੀ-ਰੋਲ ਫਾਈਟਰ ਏਅਰਕ੍ਰਾਫਟ ਪ੍ਰਾਜੈਕਟ ਤਹਿਤ, ਡਸਾਲਟ ਏਵੀਏਸ਼ਨ 18 ਰਾਫੇਲ ਜੈਟ 'ਫਲਾਈ-ਅਵੇ' (ਉਡਣ ਲਈ ਤਿਆਰ ਹਾਲਤ) ਸਥਿਤੀ 'ਚ ਸਪਲਾਈ ਕਰੇਗਾ ਅਤੇ ਬਾਕੀ ਜਹਾਜ਼ ਭਾਰਤ 'ਚ ਲਗਭਗ 50 ਫ਼ੀਸਦੀ ਸਵਦੇਸ਼ੀ ਸਮਗਰੀ ਨਾਲ ਬਣਾਏ ਜਾਣਗੇ | ਮੋਦੀ ਅਤੇ ਮੈਕਰੋਂ ਦਰਮਿਆਨ ਗੱਲਬਾਤ ਮੁੱਖ ਤੌਰ 'ਤੇ ਤਕਨੀਕ ਅਤੇ ਨਵਾਂਚਾਰ ਦੇ ਖੇਤਰ 'ਚ ਸੰਬੰਧ ਮਜ਼ਬੂਤ ਕਰਨ 'ਤੇ ਕੇਂਦਰਿਤ ਰਹੀ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨ ਪ੍ਰਗਤੀ ਲਈ ਮਨੁੱਖ ਕੇਂਦਰਿਤ ਦਿ੍ਸ਼ਟੀਕੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਮਿਸਰੀ ਨੇ ਕਿਹਾ ਕਿ ਗੱਲਬਾਤ ਦਾ ਮੁੱਖ ਕੇਂਦਰ ਆਰਥਿਕ ਵਿਕਾਸ, ਟੈਕਨਾਲੋਜੀ ਅਤੇ ਨਵਾਂਚਾਰ ਦੇ ਖੇਤਰਾਂ 'ਚ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ 'ਚ ਵਿਭਿੰਨਤਾ ਲਿਆਉਣ 'ਤੇ ਵੀ ਸੀ | ਇਸ ਵਿਸ਼ੇਸ਼ ਤੌਰ 'ਤੇ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ 'ਤੇ ਇਸ ਸਾਲ ਦੀ ਸ਼ੁਰੂਆਤ 'ਚ ਹੋਈ ਗੱਲਬਾਤ ਦੀ ਸਮਾਪਤੀ ਨੂੰ ਦੇਖਦੇ ਹੋਏ ਢੁਕਵੀਂ ਹੈ | ਦੋਵੇਂ ਧਿਰਾਂ ਨੇ ਅਸੈਨਿਕ ਪ੍ਰਮਾਣੂ ਊਰਜਾ ਖੇਤਰ 'ਚ ਸਹਿਯੋਗ ਦਾ ਵਿਸਥਾਰ ਕਰਨ 'ਤੇ ਵੀ ਵਿਸਤਾਰ ਨਾਲ ਚਰਚਾ ਕੀਤੀ, ਜਿਸ ਵਿਚ ਜੈਤਾਪੁਰ ਪ੍ਰਾਜੈਕਟ ਵੀ ਸ਼ਾਮਿਲ ਹੈ | ਇਹ ਚਰਚਾ ਮੁੱਖ ਤੌਰ 'ਤੇ ਈ. ਡੀ. ਐਫ. ਅਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿ. ਦਰਮਿਆਨ ਇਸ ਪ੍ਰਾਜੈਕਟ ਦੇ ਬਹੁਤ ਮਹੱਤਵਪੂਰਨ ਵਿੱਤੀ ਪਹਿਲੂਆਂ ਦੋਵਾਂ 'ਤੇ ਹੋਈ ਹੈ | ਮਿਸਰੀ ਨੇ ਕਿਹਾ ਕਿ ਛੋਟੇ ਮਾਡਿਊਲਰ ਰਿਐਕਟਰਾਂ ਦੇ ਪਹਿਲੂ 'ਤੇ ਚਰਚਾ ਦਾ ਇਕ ਖੁਸ਼ਹਾਲ ਦੌਰ ਸ਼ੁਰੂ ਹੋਇਆ | ਪ੍ਰਮਾਣੂ ਸਹਿਯੋਗ 'ਤੇ ਚਰਚਾ ਹੋਈ | ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖਾਸ ਤੌਰ 'ਤੇ ਭਾਰਤ 'ਚ ਸ਼ਾਂਤੀ ਕਾਨੂੰਨ ਲਾਗੂ ਹੋਣ ਬਾਅਦ ਭਾਰਤੀ ਮੋਰਚੇ 'ਤੇ ਹੋਈ ਹਾਲੀਆ ਗਤੀਵਿਧੀਆਂ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ 'ਚ ਰੱਖਦੇ ਹੋਏ ਫਰਾਂਸਿਸੀ ਪ੍ਰਮਾਣੂ ਕੰਪਨੀਆਂ ਲਈ ਭਾਰਤੀ ਪ੍ਰਮਾਣੂ ਖੇਤਰ 'ਚ ਸਿੱਧੇ ਤੌਰ 'ਤੇ ਜਾਂ ਭਾਰਤੀ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ, ਭਾਵੇਂ ਉਹ ਪਰੰਪਰਿਕ ਪ੍ਰਮਾਣੂ ਊਰਜਾ ਰਿਐਕਟਰ ਹੋਣ ਜਾਂ ਜ਼ਿਆਦਾ ਐਡਵਾਂਸਡ ਛੋਟੇ ਮਾਡਿਊਲਰ ਰਿਐਕਟਰ | ਵਿਦੇਸ਼ ਸਕੱਤਰ ਨੇ ਫਰਾਂਸ 'ਚ ਯੂ. ਪੀ. ਆਈ. ਦੇ ਵਿਸਤਾਰ 'ਤੇ ਵੀ ਗੱਲ ਕੀਤੀ | ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਜਾਂ ਆਉਣ ਵਾਲੇ ਹਫ਼ਤੇ 'ਚ ਯੂ. ਪੀ. ਆਈ. ਪੈਰਿਸ ਦੇ ਚਾਰਲਸ ਡੀ ਗਾਲ ਹਵਾਈ ਅੱਡੇ 'ਤੇ ਅਤੇ ਦਿਲਚਸਪ ਗੱਲ ਇਹ ਹੈ ਕਿ ਨੀਸ ਦੇ ਹਵਾਈ ਅੱਡੇ 'ਤੇ ਵੀ ਉਪਲਬਧ ਹੋ ਜਾਵੇਗਾ | ਵਿਦੇਸ਼ ਸਕੱਤਰ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ 'ਭਾਰਤ-ਫਰਾਂਸ ਇਨੋਵੇਸ਼ਨ ਰੋਡਮੈਪ 2030' ਦਾ ਮਕਸਦ ਅਹਿਮ ਅਤੇ ਉਭਰਦੀ ਹੋਈ ਤਕਨਾਲੋਜੀ ਦੇ ਨਾਲ-ਨਾਲ ਸਟਾਰਟਅੱਪ ਅਤੇ ਇਨਕਿਊਬੇਟਰ ਇਕੋਸਿਸਟਮ 'ਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ ਤੇ ਨਾਲ ਹੀ ਅਕਾਦਮਿਕ ਗਤੀਸ਼ੀਲਤਾ ਅਤੇ ਉਦਯੋਗ-ਅਕਾਦਮਿਕ ਦਰਮਿਆਨ ਸੰਬੰਧਾਂ ਨੂੰ ਉਤਸ਼ਾਹ ਦੇਣਾ ਹੈ |
ਭਾਰਤ-ਫਰਾਂਸ ਵਲੋਂ ਅਗਲੇ 5 ਸਾਲਾਂ 'ਚ ਵਪਾਰ ਦੁੱਗਣਾ ਕਰਕੇ 32 ਅਰਬ ਡਾਲਰ ਕਰਨ ਦਾ ਟੀਚਾ
ਅਜੀਤ ਡੈਸਕ
15-06-2026