ਨਵੀਂ ਦਿੱਲੀ, 18 ਜੂਨ (ਜਗਤਾਰ ਸਿੰਘ)-ਦਿੱਲੀ ਵਿਚ ਸੱਦੀ ਗਈ ਸ਼ਿਵ ਸੈਨਾ (ਯੂ.ਬੀ.ਟੀ.) ਦੀ ਸੰਸਦੀ ਦਲ ਦੀ ਬੈਠਕ 'ਚ ਨਹੀਂ ਪੁੱਜੇ 6 ਸੰਸਦ ਮੈਂਬਰਾਂ ਨੇ ਬਗ਼ਾਵਤ 'ਤੇ ਮੋਹਰ ਲਗਾ ਦਿੱਤੀ ਹੈ | ਇਹ ਬੈਠਕ ਸ਼ਿਵ ਸੈਨਾ (ਯੂ.ਬੀ.ਟੀ.) 'ਚ ਟੁੱਟ ਦੇ ਦਰਮਿਆਨ ਸੱਦੀ ਗਈ ਸੀ, ਪਰ ਸ਼ਿਵ ਸੈਨਾ ਦੇ 9 ਸੰਸਦ ਮੈਂਬਰਾਂ 'ਚੋਂ ਸਿਰਫ਼ 3 ਮੈਂਬਰ ਹੀ ਬੈਠਕ 'ਚ ਪੁੱਜੇ | ਬੈਠਕ ਲਈ ਸ਼ਿਵ ਸੈਨਾ (ਯੂ.ਬੀ.ਟੀ.) ਦੇ ਚੀਫ਼ ਵਿ੍ਹਪ ਅਨਿਲ ਦੇਸਾਈ ਨੇ ਵਿਪ੍ਹ ਜਾਰੀ ਕਰਕੇ ਸਾਰੇ ਸੰਸਦ ਮੈਂਬਰਾਂ ਨੂੰ ਮੌਜੂਦ ਰਹਿਣ ਲਈ ਆਖਿਆ ਗਿਆ ਸੀ | ਬੈਠਕ 'ਚ ਪੁੱਜੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਜਿਹੜੇ ਸੰਸਦ ਮੈਂਬਰ ਨਹੀਂ ਆਏ ਉਨ੍ਹਾਂ ਖ਼ਿਲਾਫ਼ ਨੋਟਿਸ ਜਾਰੀ ਕੀਤਾ ਜਾਵੇਗਾ | ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਸਾਡੇ ਸੰਸਦ ਮੈਂਬਰਾਂ ਨੂੰ ਅਗਵਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਬਾਗੀ ਸੰਸਦ ਮੈਂਬਰਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕਰੇਗੀ | ਸ਼ਿਵ ਸੈਨਾ ਦੇ ਜਿਹੜੇ ਸੰਸਦ ਮੈਂਬਰ ਬੈਠਕ 'ਚ ਨਹੀਂ ਪੁੱਜੇ, ਉਨ੍ਹਾਂ 'ਚ ਸੰਜੇ ਪਾਟਿਲ, ਸੰਜੇ ਦੇਸ਼ਮੁਖ, ਨਾਗੇਸ਼ ਪਾਟਿਲ, ਓਮਪ੍ਰਕਾਸ਼ ਰਾਜੇਨਿੰਬਾਲਕਰ, ਭਾਓਸਾਹਿਬ ਵਾਕਚੌਰੇ ਅਤੇ ਸੰਜੇ ਯਾਧਵ ਸ਼ਾਮਿਲ ਹਨ |