ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)- 21 ਜੂਨ ਨੂੰ ਦੁਬਾਰਾ ਹੋਣ ਵਾਲੀ ਨੀਟ ਯੂ.ਜੀ. ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਦੇਸ਼ ਭਰ ਵਿਚ ਇਕ ਮੈਗਾ ਮੌਕ ਡਰਿਲ ਕੀਤੀ ਗਈ । ਇਸ ਮੌਕ ਡਰਿੱਲ ਦਾ ਮਕਸਦ ਪ੍ਰੀਖਿਆ ਦੇ ਸੁਰੱਖਿਅਤ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਹੈ । ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪੇਪਰ ਲੀਕ ਮਾਮਲੇ ਨੂੰ ਲੈ ਕੇ ਇਹ ਪ੍ਰੀਖਿਆ ਵਿਵਾਦਾਂ ‘ਚ ਘਿਰ ਗਈ ਹੈ ਅਤੇ ਇਸ ਦੇ ਵਿਰੋਧ ਵਿਚ ਹੋਣ ਵਾਲੇ ਪ੍ਰਦਰਸ਼ਨਾਂ ਅਤੇ ਵਿਰੋਧੀ ਧਿਰਾਂ ਵਲੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਵੀ ਮੰਗਿਆ ਜਾ ਰਿਹਾ ਹੈ। ਐਨ.ਟੀ.ਏ. ਵਲੋਂ 21 ਜੂਨ ਨੂੰ ਪ੍ਰੀਖਿਆ ਕੇਂਦਰਾਂ ‘ਤੇ ਸੁਰੱਖਿਆ ਪ੍ਰਬੰਧਾਂ, ਪ੍ਰਸ਼ਨ ਪੱਤਰਾਂ ਦੀ ਸੁਰੱਖਿਅਤ ਆਵਾਜਾਈ ਅਤੇ ਹੋਰ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਮੌਕ ਡਰਿੱਲ ਕੀਤੀ ਗਈ ਹੈ। ਪ੍ਰੀਖਿਆ ਕੇਂਦਰਾਂ ‘ਤੇ ਕੂਲਿੰਗ ਜ਼ੋਨ ਵੀ ਬਣਾਏ ਜਾ ਰਹੇ ਹਨ। ਮੌਕ ਡਰਿੱਲ ਦੌਰਾਨ 11 ਘੰਟੇ ਦੀ ਸੁਰੱਖਿਆ ਜਾਂਚ ਦੇਸ਼ ਭਰ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿਚ 5,500 ਤੋਂ ਵੱਧ ਪ੍ਰੀਖਿਆ ਕੇਂਦਰਾਂ ਨੂੰ ਸ਼ਾਮਿਲ ਕੀਤਾ ਗਿਆ। ਰਾਜਧਾਨੀ ਦਿੱਲੀ ਵਿਚ ਕੁੱਲ 97 ਪ੍ਰੀਖਿਆ ਕੇਂਦਰ ਹਨ,ਇਨ੍ਹਾਂ ਸਾਰਿਆਂ ਕੇਂਦਰਾਂ ‘ਤੇ ਮੌਕ ਡਰਿਲ ਕੀਤੀ ਗਈ ।