ਚੰਡੀਗੜ੍ਹ, 24 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਨੇ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਉੱਤਰਦਿਆਂ ਉਨ੍ਹਾਂ ਤੋਂ ਤੁਰੰਤ ਅਸਤੀਫ਼ੇ ਅਤੇ ਨਵੇਂ ਬੇਅਦਬੀ ਕਾਨੂੰਨ ਤਹਿਤ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਵੀ ਮੰਗ ਕੀਤੀ । ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸੁਖਪਾਲ ਖਹਿਰਾ, ਪਰਗਟ ਸਿੰਘ ਅਤੇ ਏ.ਆਈ.ਸੀ.ਸੀ. ਦੇ ਖ਼ਜ਼ਾਨਚੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਭਗਵੰਤ ਮਾਨ ਦਾ ਪੂਰਨ ਤੌਰ ’ਤੇ ਸਮਾਜਿਕ ਬਾਈਕਾਟ ਕਰਨ । ਕਾਂਗਰਸੀ ਆਗੂਆਂ ਨੇ ਕਿਹਾ ਕਿ ਸਿੱਖ ਪੰਥ ਅਤੇ ਗੁਰੂ ਸਾਹਿਬਾਨ ਹਰ ਚੀਜ਼ ਤੋਂ ਉੱਪਰ ਹਨ । ਇਸ ਮੌਕੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਉਹ ਐਲਾਨ ਕਰਦੇ ਹਨ ਕਿ ਪੰਜਾਬ ਕਾਂਗਰਸ ਦਾ ਕੋਈ ਵੀ ਆਗੂ ਅਹੁਦੇਦਾਰ ਅਤੇ ਵਰਕਰ ਮੁੱਖ ਮੰਤਰੀ ਨਾਲ ਨਿੱਜੀ ਸਿਆਸੀ ਰਿਸ਼ਤਾ ਨਹੀਂ ਰੱਖੇਗਾ । ਪਾਰਟੀ ਆਗੂਆਂ ਨੇ ਪੰਜਾਬ ਪੁਲਿਸ ਦੇ ਉਨ੍ਹਾਂ ਦੋ ਅਫਸਰਾਂ ਨੂੰ ਵੀ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗਲਤ ਸਾਬਤ ਕਰਨ ਲਈ ਇਕ ਝੂਠੀ ਅਤੇ ਘੜੀ ਹੋਈ ‘ਫੋਰੈਂਸਿਕ’ ਰਿਪੋਰਟ ਤਿਆਰ ਕਰਵਾਈ। ਇਸ ਮੌਕੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ’ਤੇ ਇਕਜੁੱਟ ਹੈ ਅਤੇ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਵਿਚ ਐਫ.ਆਈ.ਆਰ ਦਰਜ ਹੋਣ ਤੋਂ ਬਾਅਦ ਸਾਰੇ ਸ਼ੱਕ ਦੂਰ ਹੋ ਗਏ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਝੂਠ ਨੂੰ ਕਿਵੇਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਇਕ ਲਗਾਤਾਰ ਗਲਤੀਆਂ ਕਰਨ ਵਾਲੇ ਆਗੂ ਸਾਬਤ ਹੋਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨਾਲ ਜੁੜੀਆਂ ਕਈ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮੌਜੂਦਾ ਮਾਮਲਾ ਸਭ ਤੋਂ ਵੱਧ ਨਾ ਮੁਆਫੀਯੋਗ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਇਸ ਗੱਲ ’ਤੇ ਇਕਮਤ ਹੈ ਕਿ ਭਗਵੰਤ ਮਾਨ ਅਸਤੀਫ਼ਾ ਦੇਣ ਅਤੇ ਇਨ੍ਹਾਂ ਦੇ ਨਾਲ-ਨਾਲ ਹਰਪਾਲ ਚੀਮਾ, ਬਲਤੇਜ ਪੰਨੂ ਅਤੇ ਉਨ੍ਹਾਂ ਦੋ ਪੁਲਿਸ ਅਫ਼ਸਰਾਂ ਖ਼ਿਲਾਫ਼ ਵੀ ਐਫ.ਆਈ.ਆਰ ਦਰਜ ਹੋਵੇ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗਲਤ ਸਾਬਤ ਕਰਨ ਲਈ ਸਾਜਿਸ਼ ਰਚੀ ਸੀ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਨੂੰ ਆਪਣਾ ਪੱਖ ਰੱਖਣ ਲਈ ਪੂਰਾ ਮੌਕਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਉਹੀ ਆਮ ਆਦਮੀ ਪਾਰਟੀ ਹੈ, ਜਿਸ ਨੇ ਪੁਰਾਣੇ ਬੇਅਦਬੀ ਨਾਲ ਸੰਬੰਧਿਤ ਮਾਮਲਿਆਂ ਵਿਚ ਇਨਸਾਫ਼ ਦਿਵਾਉਣ ਦੇ ਨਾਂਅ ’ਤੇ ਵੋਟਾਂ ਮੰਗੀਆਂ ਸਨ, ਪਰ ਹੁਣ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦੇ ਰਾਹ ’ਤੇ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸਿੱਧੇ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਨੂੰ ਚੁਣੌਤੀ ਦੇ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਦੇ ਅਸਤੀਫ਼ੇ ਅਤੇ ਨਵੇਂ ਬੇਅਦਬੀ ਕਾਨੂੰਨ ਤਹਿਤ ਐਫ.ਆਈ.ਆਰ. ਦਰਜ ਕਰਨ ਦੀ ਮੰਗ ਦੁਹਰਾਈ।
ਪੰਜਾਬ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਬਾਈਕਾਟ ਦਾ ਐਲਾਨ
ਅਜੀਤ ਡੈਸਕ
25-06-2026